ਮਕਾਨ ਦੀ ਛੱਤ ਡਿੱਗਣ ਕਾਰਨ ਬਜ਼ੁਰਗ ਅੌਰਤ ਦੀ ਮੌਤ, ਪੋਤਰਾ ਜ਼ਖ਼ਮੀ

01/23/2019 6:01:56 AM

ਅਮਲੋਹ,(ਗਰਗ)- ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਤੇ ਆਸਮਾਨੀ ਬਿਜਲੀ ਇਕ ਘਰ ’ਤੇ ਕਹਿਰ ਬਣ ਕੇ ਟੁੱਟੀ। ਭਾਣਾ ਇਹ ਵਾਪਰਿਆ ਕਿ ਹਲਕਾ ਅਮਲੋਹ ਦੇ  ਪਿੰਡ ਭੱਦਲਥੂਹਾ ਦੀ ਰਮਦਾਸੀਆ ਬਸਤੀ ਵਿਚ ਇਕ ਬਜ਼ੁਰਗ ਮਾਤਾ ਈਸ਼ਰ ਕੌਰ ਉਮਰ 80 ਸਾਲ  ਅਤੇ  ਉਸਦੇ ਪੋਤਰੇ ਮਨਪ੍ਰੀਤ ਸਿੰਘ ਉਮਰ 18 ਸਾਲ ’ਤੇ  ਅਾਸਮਾਨੀ ਬਿਜਲੀ ਡਿੱਗਣ ਕਾਰਨ  ਮਕਾਨ ਦੀ ਛੱਤ  ਡਿੱਗ ਗਈ ਜਿਸ ਕਾਰਨ ਈਸ਼ਰ  ਕੌਰ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ ਤੇ ਉਸਦਾ ਪੋਤਰਾ ਮਨਪ੍ਰੀਤ ਸਿੰਘ ਸਿਵਲ  ਹਸਪਤਾਲ ਅਮਲੋਹ ਵਿਖੇ  ਜ਼ੇਰੇ ਇਲਾਜ ਹੈ। ਜਦੋਂ ਇਸ ਘਟਨਾ ਦੀ  ਜਾਣਕਾਰੀ ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ  ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਮਿਲੀ ਤਾਂ ਉਨ੍ਹਾਂ ਤੁਰੰਤ ਘਟਨਾ ਸਥਾਨ ’ਤੇ ਪੁੱਜ ਕੇ  ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ਼੍ਰੀ ਖੰਨਾ ਨੇ  ਕਾਂਗਰਸ ਸਰਕਾਰ ਪਾਸੋਂ ਸਹਾਇਤਾ ਰਾਸ਼ੀ ਪ੍ਰਦਾਨ  ਕਰਵਾਉਣ ਲਈ  ਐੱਸ. ਡੀ. ਐੱਮ. ਅਮਲੋਹ ਨੂੰ ਫੋਨ ਕੀਤਾ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ  ਹੋਈ ਬਜ਼ੁਰਗ ਔਰਤ ਦੀ ਮੌਤ ਤੇ ਡਿੱਗੇ ਮਕਾਨ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਸਰਕਾਰ ਪਾਸੋਂ ਇਸ ਪਰਿਵਾਰ ਦੀ  ਮਾਲੀ ਸਹਾਇਤਾ ਵਜੋਂ 5 ਲੱਖ ਰੁਪਏ ਦੀ  ਜਲਦ ਤੋਂ ਜਲਦ ਰਾਸ਼ੀ ਦੇਣ ਦੀ  ਅਪੀਲ ਵੀ ਕੀਤੀ ਤਾਂ ਜੋ ਇਹ ਪੀਡ਼ਤ ਪਰਿਵਾਰ ਆਪਣੇ ਡਿੱਗੇ ਮਕਾਨ ਦੀ ਮੁਡ਼ ਉਸਾਰੀ ਕਰ ਕੇ  ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ।
 ਰਾਜੂ ਖੰਨਾ ਨੇ ਮਾਤਾ ਈਸ਼ਰ ਕੌਰ ਦੇ ਪੁੱਤਰਾਂ ਤੇਜਾ ਸਿੰਘ ਤੇ ਚਰਨ ਸਿੰਘ ਨਾਲ ਵੀ  ਗੱਲਬਾਤ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਪੀਡ਼ਤ ਪਰਿਵਾਰ ਨੂੰ ਹਰ ਸੰਭਵ  ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਜਥੇ. ਹਰਬੰਸ ਸਿੰਘ ਬਡਾਲੀ,  ਸੀਨੀ. ਯੂਥ ਆਗੂ ਇਕਬਾਲ ਸਿੰਘ ਰਾਏ, ਜੋਨੀ ਭੱਦਲਥੂਹਾ, ਜਥੇ. ਮਹਿੰਦਰ ਸਿੰਘ, ਮੇਹਰ  ਸਿੰਘ, ਬਹਾਦਰ ਸਿੰਘ ਭੱਦਲਥੂਹਾ, ਗੁਰਪ੍ਰੀਤ ਸਿੰਘ, ਪ੍ਰਿੰਸ ਭੱਦਲਥੂਹਾ, ਗੁਰਦਿਆਲ ਸਿੰਘ,  ਬਲਦੇਵ ਸਿੰਘ ਤੇ ਬੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਭੱਦਲਥੂਹਾ ਬਸਤੀ ਦੇ ਵਾਸੀ  ਹਾਜ਼ਰ ਸਨ।


Related News