ਬਜ਼ੁਰਗ ਬੀਬੀ ਦੀ ਮੌਤ ਦੇ ਮਾਮਲੇ 'ਚ ਛੋਟੇ ਪੁੱਤਰ ਤੇ ਕੇਅਰ ਟੇਕਰ ਖਿਲਾਫ ਮਾਮਲਾ ਦਰਜ

Thursday, Sep 03, 2020 - 11:33 PM (IST)

ਬਜ਼ੁਰਗ ਬੀਬੀ ਦੀ ਮੌਤ ਦੇ ਮਾਮਲੇ 'ਚ ਛੋਟੇ ਪੁੱਤਰ ਤੇ ਕੇਅਰ ਟੇਕਰ ਖਿਲਾਫ ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ,(ਰਿਣੀ,ਪਵਨ) : ਸ੍ਰੀ ਮੁਕਤਸਰ ਸਾਹਿਬ 'ਚ 14 ਅਗਸਤ ਨੂੰ ਬੂੜਾਗੁਜਰ ਰੋਡ 'ਤੇ ਇਕ ਖੁਡਾਨੁਮਾ ਜਗ੍ਹਾ 'ਚ ਇਕ ਬਜ਼ੁਰਗ ਬੀਬੀ ਲਵਾਰਿਸ ਹਾਲਤ 'ਚ ਮਿਲੀ ਸੀ, ਜਿਸ ਨੂੰ ਇਕ ਸਮਾਜ ਸੇਵੀ ਸੰਸਥਾ ਵਲੋਂ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਸੀ। ਇਸ ਉਪਰੰਤ ਉਸ ਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ 'ਚ ਬਜ਼ੁਰਗ ਬੀਬੀ ਨੂੰ ਫਰੀਦਕੋਟ ਤੋਂ ਉਸ ਦਾ ਛੋਟਾ ਪੁੱਤਰ ਬਲਵਿੰਦਰ ਸਿੰਘ ਵਾਪਸ ਲੈ ਗਿਆ ਸੀ ਅਤੇ ਦੋ ਦਿਨ ਬਾਅਦ ਬਜ਼ੁਰਗ ਬੀਬੀ ਦੀ ਮੌਤ ਹੋ ਗਈ।  
ਇਸ ਮਾਮਲੇ ਸਬੰਧੀ ਪੰਜਾਬ ਮਹਿਲਾ ਕਮਿਸ਼ਨ ਵਲੋਂ ਜਾਂਚ ਦੇ ਦਿੱਤੇ ਹੁਕਮਾਂ ਉਪਰੰਤ ਡਿਪਟੀ ਕਮਿਸ਼ਨਰ ਐਮ. ਕੇ. ਅਰਵਿੰਦ ਕੁਮਾਰ ਵਲੋਂ ਜਾਂਚ ਰਿਪੋਰਟ ਮਹਿਲਾ ਕਮਿਸ਼ਨ ਨੂੰ ਭੇਜੀ ਗਈ। ਇਸ ਰਿਪੋਰਟ ਦੇ ਅਧਾਰ 'ਤੇ ਜ਼ਿਲਾ ਪੁਲਸ ਮੁਖੀ ਨੂੰ ਵੀ ਕਾਰਵਾਈ ਲਈ ਲਿਖਿਆ ਗਿਆ। ਇਸ ਮਾਮਲੇ 'ਚ ਅੱਜ ਥਾਣਾ ਸਿਟੀ ਪੁਲਸ ਨੇ ਰਿਪੋਰਟ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਬਜ਼ੁਰਗ ਬੀਬੀ  ਦੇ ਛੋਟੇ ਪੁੱਤਰ ਬਲਵਿੰਦਰ ਸਿੰਘ ਅਤੇ ਕੇਅਰ ਟੇਕਰ ਰਾਜੇਸ਼ ਕੁਮਾਰ ਦਾਬੜਾ ਵਾਸੀ ਸ੍ਰੀ ਮੁਕਤਸਰ ਸਾਹਿਬ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 304, 201, 506, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ । ਇਸ ਮਾਮਲੇ ਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

 


author

Deepak Kumar

Content Editor

Related News