''ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਮਿਹਨਤ ਸਦਕਾ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ''

2/11/2020 12:08:42 PM

ਫਤਿਹਗੜ੍ਹ ਸਾਹਿਬ (ਜਗਦੇਵ): ਜ਼ਿਲਾ ਸਿੱਖਿਆ ਅਫ਼ਸਰ ਦਿਨੇਸ਼ ਕੁਮਾਰ ਨੇ ਸੰਬੋਧਨ ਕਰਦੇ ਹੋਏ ਦੱਸਿਆ ਹੈ ਕਿ ਭਾਵੇਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਇਕ ਸਖ਼ਤ ਲਹਿਜ਼ੇ ਵਾਲੇ ਅਫ਼ਸਰ ਵਜੋਂ ਜਾਣਿਆ ਜਾਂਦਾ ਹੈ ਪਰ ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਚਮਕਦੀਆਂ ਆਲੀਸ਼ਾਨ ਇਮਾਰਤਾਂ ਤੇ ਸਰਕਾਰੀ ਸਕੂਲਾਂ ਅੰਦਰ ਪੜ੍ਹਾਈ 'ਚ ਹੋਏ ਵੱਡੇ ਸੁਧਾਰ ਵੀ ਕ੍ਰਿਸ਼ਨ ਕੁਮਾਰ ਦੀ ਹੀ ਦੇਣ ਹਨ | ਬਹੁਤ ਹੀ ਮਿਹਨਤੀ ਅਤੇ ਕਾਬਲ ਅਫ਼ਸਰ ਵਜੋਂ ਜਾਣੇ ਜਾਂਦੇ ਕ੍ਰਿਸ਼ਨ ਕੁਮਾਰ ਨੇ ਪਹਿਲਾਂ ਡੀ. ਜੀ. ਐੱਸ. ਈ. ਹੁੰਦਿਆਂ ਪੜ੍ਹਾਈ ਦੇ ਡਿੱਗ ਚੁੱਕੇ ਕੇ ਮਿਆਰ ਨੂੰ 'ਪੜ੍ਹੋ ਪੰਜਾਬ' ਪ੍ਰਾਜੈਕਟ ਰਾਹੀਂ ਮੁੜ ਲੀਹਾਂ 'ਤੇ ਲਿਆਂਦਾ ਸੀ ਅਤੇ ਹੁਣ ਸਿੱਖਿਆ ਸਕੱਤਰ ਬਣ ਸਿੱਖਿਆ ਦੇ ਮਿਆਰ 'ਚ ਨਿਵੇਕਲੀਆਂ ਪੈੜਾਂ ਪਾ ਰਹੇ ਹਨ। ਉਨ੍ਹਾਂ ਦੀ ਮਿਹਨਤ ਜਿੱਥੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਰਹੀ ਹੈ, ਉੱਥੇ ਸੂਬਾ ਸਰਕਾਰ ਦੇ ਅਕਸ ਨੂੰ ਵੀ ਚਾਰ ਚੰਨ ਲਾ ਰਹੀ ਹੈ|

ਉਨ੍ਹਾਂ ਦੀ ਉਸਾਰੂ ਸੋਚ ਨੇ ਜਿੱਥੇ ਸਕੂਲਾਂ ਦੀਆਂ ਡਿਗੂ-ਡਿਗੂ ਕਰਦੀਆਂ ਇਮਾਰਤਾਂ ਨੂੰ ਗ੍ਰਾਂਟਾਂ ਜਾਰੀ ਕਰ ਕੇ ਨਵਾਂ ਰੂਪ ਦਿੱਤਾ, ਉੱਥੇ ਹਰ ਸਕੂਲ ਨੂੰ ਰੰਗ-ਰੋਗਨ ਲਈ ਗ੍ਰਾਂਟਾਂ ਜਾਰੀ ਕਰ ਇਕ ਵਧੀਆ ਦਿੱਖ ਦਿੱਤੀ ਅਤੇ ਪ੍ਰੀ-ਨਰਸਰੀ ਦੇ ਬੱਚਿਆਂ ਲਈ ਖਿਡਾਉਣੇ ਤੇ ਝੂਲੇ ਲਈ ਗ੍ਰਾਂਟਾਂ ਜਾਰੀ ਕਰ ਸਰਕਾਰੀ ਸਕੂਲਾਂ ਨੂੰ ਇਕ ਨਿੱਜੀ ਸਕੂਲਾਂ ਦੀ ਤਰਜ਼ 'ਤੇ ਖੜ੍ਹਾ ਕਰ ਕੇ ਇਕ ਵਡਮੁੱਲਾ ਕਾਰਜ ਕੀਤਾ, ਜਿਸ ਸਦਕਾ ਅੱਜ ਸਰਕਾਰੀ ਸਕੂਲਾਂ ਦੇ ਬੱਚੇ ਵੀ ਨਿੱਜੀ ਸਕੂਲਾਂ ਵਰਗਾ ਮਾਣ ਮਹਿਸੂਸ ਕਰਦੇ ਹਨ ਤੇ ਸਰਕਾਰੀ ਸਕੂਲਾਂ 'ਚ ਯਕੀਨਨ ਦਾਖ਼ਲੇ ਵਧ ਰਹੇ ਹਨ | ਸਿੱਖਿਆ ਸਕੱਤਰ ਵਲੋਂ ਜਿੱਥੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ 'ਚ ਅਹਿਮ ਰੋਲ ਅਦਾ ਕੀਤਾ, ਉੱਥੇ ਸਮੇਂ ਦੀ ਮੰਗ ਅਨੁਸਾਰ ਈ-ਕੰਟੈਂਟ ਲਾਗੂ ਕੀਤਾ, ਜਿਸ ਅਨੁਸਾਰ ਸਾਰੇ ਪਾਠਾਂ ਨੂੰ ਤਸਵੀਰਾਂ ਸਾਹਿਤ ਨਾਲ-ਨਾਲ ਬੋਲ ਕੇ ਸਿਲੇਬਸ ਤਿਆਰ ਕੀਤਾ ਗਿਆ ਹੈ ਅਤੇ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 10ਵੀਂ ਦਸਵੀਂ ਜਮਾਤ ਤੱਕ ਸਾਰਾ ਸਿਲੇਬਸ ਈ-ਕੰਟੈਂਟ 'ਤੇ ਅਪਲੋਡ ਕੀਤਾ ਗਿਆ ਹੈ | ਯਕੀਨਨ ਜੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਕ੍ਰਿਸ਼ਨ ਕੁਮਾਰ ਵਾਂਗ ਮਿਹਨਤੀ ਹੋ ਜਾਣ ਤਾਂ ਉਹ ਦਿਨ ਦੂਰ ਨਹੀਂ, ਜਦ ਸੂਬਾ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂੰਹਦਾ ਹੋਇਆ ਕੈਲੀਫੋਰਨੀਆਂ ਤੋਂ ਘੱਟ ਨਹੀਂ ਹੋਵੇਗਾ |

PunjabKesari

ਕੀ ਕਹਿੰਦੇ ਹਨ ਉੱਪ ਜ਼ਿਲਾ ਸਿੱਖਿਆ ਅਫ਼ਸਰ ਦੀਦਾਰ ਸਿੰਘ ਮਾਂਗਟ?
ਇਸ ਸਬੰਧੀ ਉੱਪ ਜ਼ਿਲਾ ਸਿੱਖਿਆ ਅਫਸਰ ਦੀਦਾਰ ਸਿੰਘ ਮਾਂਗਟ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਦਿੱਖ ਸੁਧਾਰਨਾ ਅਤੇ ਸਕੂਲਾਂ 'ਚ ਪੜ੍ਹਾਈ ਦਾ ਪੱਧਰ ਉੱਚਾ ਚੁੱਕਣਾ ਹੀ ਕ੍ਰਿਸ਼ਨ ਕੁਮਾਰ ਦਾ ਸੁਪਨਾ ਹੈ ਅਤੇ ਉਹ ਆਪਣੇ ਸੁਪਨੇ ਦੀ ਪੂਰਤੀ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਤੇ ਇਸ ਦੇ ਬਹੁਤ ਵਧੀਆ ਨਤੀਜੇ ਮਿਲ ਰਹੇ ਹਨ |

ਕੀ ਕਹਿੰਦੇ ਨੇ 'ਪੜ੍ਹੋ ਪੰਜਾਬ' ਜ਼ਿਲਾ ਕੋਆਰਡੀਨੇਟਰ ਜਗਤਾਰ ਸਿੰਘ ਮਨੈਲਾ?
ਇਸ ਸਬੰਧੀ 'ਪੜ੍ਹੋ ਪੰਜਾਬ ' ਦੇ ਜ਼ਿਲਾ ਕੋਆਰਡੀਨੇਟਰ ਜਗਤਾਰ ਸਿੰਘ ਮਨੈਲਾ ਨੇ ਕਿਹਾ ਕਿ ਸੂਬੇ ਨੂੰ ਸਿੱਖਿਆ ਦੇ ਪੱਖੋਂ ਪਹਿਲੇ ਨੰਬਰ 'ਤੇ ਲਿਆਉਣਾ ਕ੍ਰਿਸ਼ਨ ਕੁਮਾਰ ਦਾ ਸੁਪਨਾ ਹੈ ਤੇ ਉਹ ਆਪਣੇ ਇਸ ਸੁਪਨੇ ਦੀ ਪੂਰਤੀ ਲਈ ਬਹੁਤ ਮਿਹਨਤ ਕਰ ਰਹੇ ਹਨ | ਅਧਿਆਪਕ ਵਰਗ ਦਾ ਵੀ ਉਨ੍ਹਾਂ ਨੂੰ ਬਹੁਤ ਸਾਥ ਮਿਲ ਰਿਹਾ ਹੈ | ਅੱਜ ਸੂਬੇ ਭਰ ਅੰਦਰ ਵੱਡੀ ਗਿਣਤੀ 'ਚ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਅਧਿਆਪਕ ਵਰਗ ਵਲੋਂ ਕੀਤੀ ਜਾ ਰਹੀ ਮਿਹਨਤ ਅਤੇ ਸਕੂਲਾਂ 'ਚ ਈ-ਕੰਟੈਂਟ ਵਿਧੀ ਰਾਹੀਂ ਦਿੱਤੀ ਜਾ ਰਹੀ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਉਸਾਰੂ ਸੋਚ ਦਾ ਹੀ ਨਤੀਜਾ ਹੈ ਅਤੇ ਯਕੀਨਨ ਉਹ ਦਿਨ ਦੂਰ ਨਹੀਂ ਜਦ ਸਿੱਖਿਆ ਸਕੱਤਰ ਦੀ ਮਿਹਨਤ ਅਤੇ ਅਧਿਆਪਕਾਂ ਦੇ ਸਹਿਯੋਗ ਸਦਕਾ ਹੀ ਸੂਬਾ ਪੰਜਾਬ ਸਿੱਖਿਆ ਦੇ ਖੇਤਰ 'ਚ ਪਹਿਲੇ ਨੰਬਰ 'ਤੇ ਹੋਵੇਗਾ | ਸਮਾਰਟ ਸਕੂਲ ਕੋਆਰਡੀਨੇਟਰ ਗੁਰਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਫਤਿਹਗੜ੍ਹ ਦੇ ਲੱਗਭਗ ਪ੍ਰਾਇਮਰੀ ਸਕੂਲ ਸਮਾਰਟ ਬਣ ਗਏ ਹਨ ਅਤੇ ਜ਼ਿਲੇ ਦੇ 17 ਪ੍ਰਾਇਮਰੀ ਸਕੂਲਾਂ ਨੂੰ ਸੁਪਰ ਸਮਾਰਟ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

Edited By Shyna