ਧੂੰਏਂ ਕਾਰਨ ਅੱਖਾਂ ’ਚ ਜਲਣ ਤੇ ਸਾਹ ਲੈਣ ’ਚ ਆ ਰਹੀ ਹੈ ਦਿੱਕਤ

11/13/2018 6:16:59 AM

ਫ਼ਰੀਦਕੋਟ, (ਹਾਲੀ)- ਦੀਵਾਲੀ ਤੋਂ ਬਾਅਦ ਅਾਸਮਾਨ ਵਿਚ ਫੈਲੇ ਧੂੰਏਂ ਦੇ ਗੁਬਾਰ ਕਾਰਨ ਨਾ ਸਿਰਫ ਲੋਕਾਂ ਦੀਆਂ ਅੱਖਾਂ ’ਚ ਜਲਣ ਹੋ ਰਹੀ ਹੈ, ਬਲਕਿ ਸਾਹ ਲੈਣ ਵਿਚ ਵੀ ਦਿੱਕਤ ਆ ਰਹੀ ਹੈ। ਪ੍ਰਦੂਸ਼ਣ ਕਾਰਨ ਬਹੁਤ ਸਾਰੇ ਲੋਕਾਂ ਦੇ ਮੂੰਹ ’ਤੇ ਸੁਰੱਖਿਆ ਮਾਸਕ ਲੱਗਾ ਦੇਖਿਆ ਜਾ ਸਕਦਾ ਹੈ। 
ਜ਼ਿਲਾ ਫ਼ਰੀਦਕੋਟ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਧੁੰਦ, ਮਿੱਟੀ ਅਤੇ ਧੂੰਏਂ ਦੀ ਚਾਦਰ ਅਾਸਮਾਨ ’ਚ ਇਸ ਕਦਰ ਛਾਈ ਹੋਈ ਹੈ ਕਿ ਲਗਾਤਾਰ ਦੂਜੇ ਦਿਨ ਵੀ ਅੱਜ ਸਾਰਾ ਦਿਨ ਸੂਰਜ ਦੇ ਦਰਸ਼ਨ ਵੀ ਨਸੀਬ ਨਹੀਂ ਹੋਏ। ਧੂੰਏਂ ਕਾਰਨ ਹੀ ਸਵੇਰੇ-ਸ਼ਾਮ ਸਡ਼ਕਾਂ ’ਤੇ ਵਾਹਨ ਚਾਲਕਾਂ ਨੂੰ ਲਾਈਟਾਂ ਜਗਾ ਕੇ ਚੱਲਣਾ ਪੈਂਦਾ ਹੈ। ਭਾਵੇਂ ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ’ਚ ਮੀਂਹ ਪੈਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਅਤੇ ਜੇਕਰ ਮੀਂਹ ਨਾ ਪਿਆ ਤਾਂ ਤੰਦਰੁਸਤ ਲੋਕ ਵੀ ਮਰੀਜ਼ਾਂ ਦੀ ਤਰ੍ਹਾਂ ਦਿਖਾਈ ਦੇਣਗੇ ਕਿਉਂਕਿ ਦੀਵਾਲੀ ਦੇ ਪਟਾਕਿਆਂ ਤੇ ਖੇਤਾਂ ’ਚ ਪਰਾਲੀ ਨੂੰ ਲਾਈ ਅੱਗ ਕਾਰਨ ਚਾਰ-ਚੁਫੇਰੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਹੈ। ਦਿਨ-ਦਿਹਾਡ਼ੇ ਸੂਰਜ ਨਾ ਦਿਸਣ ਕਰ ਕੇ ਸ਼ਾਮ ਸਮੇਂ ਰਾਤ ਦਾ ਭੁਲੇਖਾ ਪੈਂਦਾ ਹੈ, ਜਿਸ ਕਰ ਕੇ ਸਡ਼ਕਾਂ ’ਤੇ ਚਹਿਲ-ਪਹਿਲ ਘੱਟ ਦੇਖਣ ਨੂੰ ਮਿਲ ਰਹੀ ਹੈ। 
ਮਾਹਿਰ ਡਾਕਟਰਾਂ ਅਨੁਸਾਰ ਦੀਵਾਲੀ ਦੇ ਪਟਾਕਿਆਂ, ਧੁੰਦ ਅਤੇ ਪਰਾਲੀ ਦੇ ਧੂੰਏਂ ਕਾਰਨ ਅਾਸਮਾਨ ਵਿਚ ਜੋ ‘ਸਮੋਗ’ ਦਿਖਾਈ ਦੇ ਰਹੀ ਹੈ, ਉਸ ਦਾ ਹੱਲ ਸਿਰਫ ਤੇ ਸਿਰਫ ਮੀਂਹ ਜਾਂ ਤੇਜ਼ ਹਵਾਵਾਂ ਹਨ। ਖੇਤੀਬਾਡ਼ੀ ਵਿਭਾਗ ਮੁਤਾਬਕ ਸਮੋਗ ਹਵਾ ਪ੍ਰਦੂਸ਼ਣ ਦਾ ਇਕ ਰੂਪ ਹੈ, ਇਹ ਧੂੰਏਂ, ਧੁੰਦ ਅਤੇ ਕੋਹਰੇ ਦਾ ਇਕ ਮਿਸ਼ਰਨ ਹੁੰਦਾ ਹੈ, ਇਸ ਦੀ ਹਵਾ ਵਿਚ ਨਾਈਟਰੋਜਨ ਆਕਸਾਈਡ, ਸਲਫਰ ਆਕਸਾਈਡ ਤੋਂ ਇਲਾਵਾ ਜਸਟ ਪਾਰਟੀਕਲ ਹੁੰਦੇ ਹਨ। ਰੋਜ਼ਮਰਾ ਦੀ ਜ਼ਿੰਦਗੀ ’ਚ ਵਰਤੇ ਜਾਣ ਵਾਲੇ ਵਾਹਨਾਂ ’ਚੋਂ ਨਿਕਲਦਾ ਧੂੰਆਂ, ਫੈਕਟਰੀਆਂ ਦੇ ਧੂੰਏਂ ਕਾਰਨ ਹਵਾ ਪ੍ਰਦੂਸ਼ਿਤ ਹੋਣ ਦਾ ਪ੍ਰਮੁੱਖ ਕਾਰਨ ਮੰਨਿਆ ਜਾ ਰਿਹਾ ਹੈ। 
ਇਸ ਸਬੰਧੀ ਡਾ. ਰਾਜਿੰਦਰ ਕੁਮਾਰ ਰਾਜੂ ਸਿਵਲ ਸਰਜਨ  ਅਤੇ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਕੁਲਦੀਪ ਧੀਰ ਅਨੁਸਾਰ ਅਜਿਹੇ ਪ੍ਰਦੂਸ਼ਣ ਦੀ ਵਜ੍ਹਾ ਨਾਲ ਮਰੀਜ਼ਾਂ ਨੂੰ ਖੰਘ ਨਾਲ ਪ੍ਰੇਸ਼ਾਨੀ ਹੋਣੀ ਸੁਭਾਵਿਕ ਹੈ, ਅੱਖਾਂ ’ਚ ਪਾਣੀ ਆਉਣਾ, ਜਲਣ ਹੋਣ ਦੇ ਮਰੀਜ਼ਾਂ ’ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿਚ ਬਾਹਰ ਨਿਕਲਦੇ ਸਮੇਂ ਮੂੰਹ ’ਤੇ ਸੁਰੱਖਿਆ ਮਾਸਕ ਅਤੇ ਅੱਖਾਂ ’ਤੇ ਐਨਕਾਂ ਦੀ ਵਰਤੋਂ ਜ਼ਰੂਰ ਕੀਤੀ ਜਾਵੇ। 


Related News