ਬਾਰਿਸ਼ ਕਾਰਨ ਟੁੱਟੇ ਰਜਬਾਹੇ ਤੇ ਨਹਿਰਾਂ, 500 ਏਕੜ ਫਸਲ ਤਬਾਹ

Monday, Sep 24, 2018 - 05:19 AM (IST)

ਬਾਰਿਸ਼ ਕਾਰਨ ਟੁੱਟੇ ਰਜਬਾਹੇ ਤੇ ਨਹਿਰਾਂ, 500 ਏਕੜ ਫਸਲ ਤਬਾਹ

ਤਲਵੰਡੀ ਸਾਬੋ, (ਮੁਨੀਸ਼)- ਬੀਤੇ ਦਿਨ ਤੋਂ ਪੈ ਰਹੀ ਭਾਰੀ ਬਾਰਿਸ਼ ਨਾਲ ਪਹਿਲਾਂ ਹੀ ਨਰਮੇ ਅਤੇ ਝੋਨੇ ਦੀ ਫਸਲ ਦੇ ਹੋਏ ਵੱਡੇ ਨੁਕਸਾਨ ਕਾਰਨ ਝੰਬੇ ਨੇਡ਼ਲੇ ਪਿੰਡ ਜਗਾ ਰਾਮ ਤੀਰਥ ਅਤੇ ਫਤਿਹਗਡ਼੍ਹ ਨੌ ਆਬਾਦ ਦੇ ਕਿਸਾਨਾਂ ਨੂੰ ਅੱਜ ਸਵੇਰੇ ਉਸ ਸਮੇਂ ਦੋਹਰੀ ਮਾਰ ਪੈ ਗਈ ਜਦੋਂ ਉਕਤ ਪਿੰਡਾਂ ਕੋਲ ਦੀ ਲੰਘਦੇ ਦੋਵੇਂ ਰਜਬਾਹਿਆਂ ਵਿਚ ਪਾਡ਼ ਪੈ ਜਾਣ ਨਾਲ ਸੈਂਕਡ਼ੇ ਏਕਡ਼ ਨਰਮੇ ਅਤੇ ਝੋਨੇ ਦੀ ਫਸਲ ਵਿਚ ਪਾਣੀ ਭਰ ਜਾਣ ਨਾਲ ਉਨ੍ਹਾਂ ਦੇ ਖਰਾਬ ਹੋ ਜਾਣ ਦਾ ਖਦਸ਼ਾ ਬਣ ਗਿਆ ਹੈ। ਨਹਿਰੀ ਮਹਿਕਮੇ ਵਲੋਂ ਪਾਡ਼ ਨਾ ਪੂਰੇ ਜਾਣ ਅਤੇ ਪਿੱਛੋਂ ਪਾਣੀ ਬੰਦ ਨਾ ਕੀਤੇ ਜਾਣ  ’ਤੇ ਰੋਹ ਵਿਚ ਆਏ ਕਿਸਾਨਾਂ ਨੇ ਤਲਵੰਡੀ ਸਾਬੋ-ਮਾਨਸਾ ਹਾਈਵੇ ਨੂੰ ਜਾਮ ਕਰ ਕੇ ਹਲਕਾ ਵਿਧਾਇਕਾ ਬਲਜਿੰਦਰ ਕੌਰ ਜਗਾ ਦੀ ਅਗਵਾਈ ਵਿਚ ਰੋਸ ਧਰਨਾ ਲਾ ਦਿੱਤਾ ਹੈ। 
 ਇੱਥੇ ਦੱਸਣਾ ਬਣਦਾ ਹੈ ਕਿ ਬੀਤੀ ਕੱਲ ਸਵੇਰ ਤੋਂ ਹੀ ਪੈ ਰਹੀ ਭਾਰੀ ਬਾਰਿਸ਼ ਕਾਰਨ ਪਹਿਲਾਂ ਹੀ ਨਰਮੇ ਅਤੇ ਝੋਨੇ ਦੀ ਫਸਲ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ  ਪਰ ਅੱਜ ਸਵੇਰੇ ਰਜਬਾਹੇ ਵਿਚ ਕਰੀਬ 40-50 ਫੁੱਟ ਚੌਡ਼ੇ ਪਾਡ਼ ਪੈ ਗਏ ਤੇ ਪਾਣੀ ਲਗਾਤਾਰ ਖੇਤਾਂ ਵਿਚ ਵਡ਼ਨ ਲੱਗ ਗਿਆ। ਦੋਵਾਂ ਥਾਵਾਂ ’ਤੇ ਕਰੀਬ 400 ਤੋਂ 500 ਏਕਡ਼ ਨਰਮੇ ਤੇ ਝੋਨੇ ਦੀ ਫਸਲ ਪਾਣੀ ਦੀ ਲਪੇਟ ਵਿਚ ਆ ਗਈ ਹੈ। ਨਹਿਰੀ ਮਹਿਕਮੇ ਵਲੋਂ ਪਿੱਛੋਂ ਪਾਣੀ ਨਾ ਬੰਦ ਕੀਤੇ ਜਾਣ ਕਾਰਨ ਆਲਮ ਇਹ ਬਣ ਗਿਆ ਸੀ ਕਿ ਪਿੰਡ ਜਗਾ ਰਾਮ ਤੀਰਥ ਵਿਚ ਵੀ ਪਾਣੀ ਵਡ਼ਨਾ ਸ਼ੁਰੂ ਹੋ ਗਿਆ ਸੀ। ਪਾਡ਼ ਨਾ ਪੂਰੇ ਜਾਣ ਅਤੇ ਪਿੱਛੋਂ ਪਾਣੀ ਬੰਦ ਨਾ ਕੀਤੇ ਜਾਣ ਕਾਰਨ ਜਗਾ ਰਾਮ ਤੀਰਥ ਨਿਵਾਸੀਆਂ ਨੇ ਤਲਵੰਡੀ ਸਾਬੋ-ਮਾਨਸਾ ਹਾਈਵੇ ’ਤੇ ਜਾਮ ਲਾ ਕੇ ਰੋਸ ਧਰਨਾ ਆਰੰਭ ਕਰ ਦਿੱਤਾ, ਜਿਸ ’ਚ ਫਤਹਿਗਡ਼੍ਹ ਨੌ ਆਬਾਦ ਦੇ ਵਾਸੀ ਵੀ ਸ਼ਾਮਿਲ ਹੋ ਗਏ ਤੇ ਬਾਅਦ ਵਿਚ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੀ ਧਰਨੇ ਵਾਲੀ ਜਗ੍ਹਾ ’ਤੇ ਪੁੱਜ ਗਏ ਤੇ ਲੋਕਾਂ ਦੇ ਰੋਸ  ਧਰਨੇ ਵਿਚ ਸ਼ਾਮਿਲ ਹੋਏ। ਵਿਧਾਇਕਾ ਨੇ ਕਿਹਾ ਕਿ ਸਿੰਚਾਈ ਮਹਿਕਮੇ ਦੇ ਅਧਿਕਾਰੀ ਪਾਡ਼ ਪੈਣ ਤੋਂ ਕਾਫੀ ਸਮੇਂ ਬਾਅਦ ਤੱਕ ਵੀ ਘਟਨਾ ਸਥਾਨ ’ਤੇ ਨਹੀਂ ਸਨ ਪੁੱਜੇ ਤੇ ਆਖਿਰ ਜਦੋਂ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਫੋਨ ਕੀਤਾ ਤਾਂ ਜਾ ਕੇ ਅਧਿਕਾਰੀ  ਪੁੱਜੇ। ਲੋਕਾਂ ਨੇ ਇਸ ਮੌਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਮੌਕੇ ’ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਸੰਦੋਹਾ ਬ੍ਰਾਂਚ ਦੇ ਉਕਤ ਰਜਬਾਹੇ ਦੀ ਬਿੱਲਕੁਲ ਸਫਾਈ ਨਹੀਂ ਕੀਤੀ ਜਾ ਰਹੀ। ਕਰੀਬ ਦੋ ਘੰਟੇ ਸਡ਼ਕ ’ਤੇ ਜਾਮ ਲੱਗਣ ਤੋਂ ਬਾਅਦ ਨਹਿਰੀ ਮਹਿਕਮੇ ਦੀ ਕੁੰਭਕਰਨੀ ਨੀਂਦ ਖੁੱਲ੍ਹੀ ਤੇ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਵਿਧਾਇਕਾ ਨੂੰ ਭਰੋਸਾ ਦੁਆਇਆ ਕਿ ਪਾਡ਼ ਪੂਰਨ ਲਈ ਚਾਰ ਘੰਟੇ ਦਾ ਸਮਾਂ ਲੱਗੇਗਾ ਪਰ ਲੋਕਾਂ ਨੇ ਫੈਸਲਾ ਸੁਣਾ ਦਿੱਤਾ ਕਿ ਜਦੋਂ ਤੱਕ ਪਾਣੀ ਬੰਦ ਕਰ ਕੇ  ਪਾਡ਼ ਪੂਰ ਨਹੀਂ ਦਿੱਤਾ ਜਾਂਦਾ ਤੇ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਪੀਡ਼ਤ ਕਿਸਾਨਾਂ ਨੂੰ ਆਰਥਿਕ ਸਹਾਇਤਾ ਦਾ ਭਰੋਸਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਧਰਨਾ ਚੁੱਕਿਆ ਨਹੀਂ ਜਾਵੇਗਾ। ਪੀਡ਼ਤ ਕਿਸਾਨ ਗੁਰਪ੍ਰਤਾਪ ਸਿੰਘ ਨਵਾਂ ਪਿੰਡ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਪਈ ਦੋਹਰੀ ਮਾਰ ਨੂੰ ਦੇਖਦਿਆਂ ਪੰਜਾਬ ਸਰਕਾਰ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਨ ਦਾ ਐਲਾਨ ਕਰੇ ਤੇ ਸਾਰੇ ਪੀਡ਼ਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ। 
ਉਕਤ ਰੋਸ ਧਰਨੇ ਵਿਚ ਜਗਾ ਰਾਮ ਤੀਰਥ ਵਾਸੀ ਕਾਂਗਰਸ ਦੇ ਜ਼ਿਲਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ, ਜੱਟਮਹਾ ਸਭਾ ਜਨ. ਸਕੱ. ਨਵੀ ਨਵਾਂ ਪਿੰਡ, ਟਰੱਕ ਯੂਨੀਅਨ ਪ੍ਰਬੰਧਕ ਮੈਂਬਰ ਦਿਲਪ੍ਰੀਤ ਸਿੰਘ ਜਗਾ, ਆਪ ਆਗੂ ਬਰਕਤ, ਅਕਾਲੀ ਆਗੂ ਸੁਰਜੀਤ ਸ਼ਿੰਦੀ, ਹਰਪਾਲ ਸੰਗਤ,  ਬਾਬਾ ਜੱਸਾ ਸਿੰਘ ਆਦਿ ਨੇ ਵੀ ਸ਼ਮੂਲੀਅਤ ਕੀਤੀ।
ਬਾਰਿਸ਼ ਜ਼ਿਆਦਾ ਹੋਣ ਕਰ ਕੇ ਪਿਆ ਪਾਡ਼ : ਐਕਸੀਅਨ ਨਹਿਰੀ ਵਿਭਾਗ
ਜਾਮ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਨਹਿਰੀ ਵਿਭਾਗ ਦੇ ਐਕਸੀਅਨ ਗੋਪਾਲ ਚੰਦ ਮੌਕੇ ’ਤੇ ਪੁੱਜ ਗਏ ਜਿਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਆਦਾ ਬਾਰਿਸ਼ ਨਾਲ ਲੋਕਾਂ ਨੇ ਮੋਘੇ ਬੰਦ ਕਰ ਦਿੱਤੇ ਤੇ ਰਜਵਾਹੇ ਵਿਚ ਜ਼ਿਆਦਾ ਪਾਣੀ ਹੋਣ ਨਾਲ ਪਾਡ਼ ਪੈ ਗਿਆਂ ਹੈ। ਪਿੱਛੇ ਵੀ ਨਹਿਰਾਂ ਵਿਚ ਪਾਡ਼ ਪੈ ਜਾਣ ਕਾਰਨ ਪਾਣੀ ਨੂੰ ਰੋਕਣ ਵਿਚ ਮੁਸ਼ਕਲ ਆ ਰਹੀ ਹੈ ਪਰ ਜਲਦੀ ਹੀ ਪਾਣੀ ਰੋਕ ਕੇ ਪਾਡ਼ ਪੂਰ ਦਿੱਤਾ ਜਾਵੇਗਾ।


Related News