ਤਨਖਾਹ ਨਾ ਮਿਲਣ ਦੇ ਰੋਸ ਵਜੋਂ ਲੈਕਚਰਾਰਾਂ ਦਿੱਤਾ ਧਰਨਾ

Monday, Dec 24, 2018 - 04:06 AM (IST)

ਤਨਖਾਹ ਨਾ ਮਿਲਣ ਦੇ ਰੋਸ ਵਜੋਂ ਲੈਕਚਰਾਰਾਂ ਦਿੱਤਾ ਧਰਨਾ

 ਬਿਲਾਸਪੁਰ/ਨਿਹਾਲ ਸਿੰਘ ਵਾਲਾ,(ਜਗਸੀਰ, ਬਾਵਾ)- ਪੰਜਾਬ ਯੂਨੀਵਰਸਿਟੀ ਅਧੀਨ ਚੱਲ ਰਹੇ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਕਾਲਜ ਸਮਾਧ ਭਾਈ ਵਿਚ ਵਿਦਿਆਰਥੀਆਂ ਦੀ ਗਿਣਤੀ ਘਟਣ ਕਰਕੇ ਜਿੱਥੇ ਕਾਲਜ ਦੀ ਮਾਨਤਾ ਰੱਦ ਹੋ ਸਕਦੀ ਹੈ, ਉੱਥੇ ਹੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਨੇਡ਼ਲੇ ਕਾਲਜ ਪੱਤੋ ਹੀਰਾ ਸਿੰਘ ਵਿਖੇ ਤਬਦੀਲ ਕਰਨ ਦੀ ਹਦਾਇਤ ਕੀਤੀ ਹੈ। ਇੱਥੇ ਹੀ ਬਸ ਨਹੀਂ ਕਾਲਜ ਵਿਖੇ ਨੌਕਰੀ ਕਰ ਰਹੇ ਲੈਕਚਰਾਰਾਂ ਨੂੰ ਕਥਿਤ ਤੌਰ ’ਤੇ ਕਾਲਜ ਪ੍ਰਬੰਧਕਾਂ ਵੱਲੋਂ ਬਕਾਇਆ ਖਡ਼੍ਹੀ ਤਨਖਾਹ ਨਾ ਦੇਣ ਦੇ ਰੋਸ ਵਜੋਂ ਅੱਜ ਕਾਲਜ ਲੈਕਚਰਾਰਾਂ ਨੇ ਕਾਲਜ ਕੈਂਪਸ ਵਿਖੇ ਰੋਸ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ। 
ਜਾਣਕਾਰੀ ਅਨੁਸਾਰ ਕਾਲਜ ਪ੍ਰਬੰਧਕਾਂ ਨੇ 2018-19 ਲਈ ਪੰਜਾਬ ਯੂਨੀਵਰਸਿਟੀ ਤੋਂ ਡਿਗਰੀ ਕੋਰਸ (ਬੀ.ਏ., ਬੀ.ਐੱਸ.ਸੀ., ਖੇਤੀਬਾਡ਼ੀ ਅਤੇ ਬੀ.ਕਾਮ.) ਲਈ ਮਾਨਤਾ ਦੀ ਮੰਗ ਕੀਤੀ ਸੀ, ਜੋ ਯੂਨੀਵਰਸਿਟੀ ਨੇ ਨਹੀਂ ਦਿੱਤੀ। ਦੱਸਣਯੋਗ ਹੈ ਕਿ ਇਹ ਕਾਲਜ 4 ਸਾਲ ਪਹਿਲਾਂ ਹੋਂਦ ਵਿਚ ਆਇਆ ਸੀ, ਜਦਕਿ ਪਹਿਲਾਂ ਕਾਲਜ ਪ੍ਰਬੰਧਕਾਂ ਵੱਲੋਂ ਹੀ ਇਕ ਹੋਰ ਸਕੂਲ ਚਲਾਇਆ ਜਾ ਰਿਹਾ ਹੈ। ਕਾਲਜ ਸਟਾਫ ਦੇ ਗੁਰਪ੍ਰੀਤ ਸਿੰਘ, ਹਰਪ੍ਰੀਤ ਕੌਰ, ਵੀਰਪਾਲ ਕੌਰ, ਸੁÎਖਮਨਜੋਤ ਕੌਰ, ਰਜਿੰਦਰ ਕੌਰ, ਰਾਜ ਰਾਣੀ, ਹਰਦੀਪ ਕੌਰ ਆਦਿ ਨੇ ਕਿਹਾ ਕਿ ਜਦੋਂ ਤੋਂ ਪ੍ਰਬੰਧਕਾਂ ਨੂੰ ਕਾਲਜ ਦੀ ਮਾਨਤਾ ਰੱਦ ਹੋਣ ਬਾਰੇ ਪਤਾ ਲੱਗਾ ਹੈ ਉਦੋਂ ਤੋਂ ਉਹ ਤਨਖਾਹ ਦੇਣ ਤੋਂ ਟਾਲ-ਮਟੋਲ ਕਰ ਰਹੇ ਹਨ। ਪੀੜਤ ਸਟਾਫ ਅਨੁਸਾਰ ਸਮੁੱਚੇ ਸਟਾਫ ਦੀ ਤਨਖਾਹ ਪਿਛਲੇ ਕਈ ਮਹੀਨਿਆਂ ਤੋਂ ਬਕਾਇਆ ਖਡ਼੍ਹੀ ਹੈ। ਉਨ੍ਹਾਂ ਕਿਹਾ ਕਿ ਹੁਣ ਮਜਬੂਰੀਵੱਸ ਸੰਘਰਸ਼ ਦਾ ਰਾਹ ਅਪਨਾਉਣਾ ਪਿਆ ਹੈ। ਇਸੇ ਦੌਰਾਨ ਹੀ ਕਾਲਜ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਗਿਣਤੀ ਸਿਰਫ 45 ਰਹਿ ਗਈ ਸੀ, ਜਿਸ ਕਰਕੇ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਹੋਰਨਾਂ ਕਾਲਜਾਂ ’ਚ ਸ਼ਿਫਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨਤਾ ਰੱਦ ਨਹੀਂ ਹੋਈ ਪਰ ਉਹ ਘੱਟ ਵਿਦਿਆਰਥੀਆਂ ਕਰ ਕੇ ਕਾਲਜ ਨਹੀਂ ਚਲਾ ਸਕਦੇ। ਉਨ੍ਹਾਂ ਉਹ ਦਸੰਬਰ ਮਹੀਨੇ ਤੱਕ ਅਧਿਆਪਕਾਂ ਨੂੰ ਤਨਖਾਹ ਦੇਣ ਲਈ ਤਿਆਰ ਹਨ ਅਤੇ ਪਹਿਲਾਂ ਵੀ ਅਕਤੂਬਰ  ਤੇ ਨਵੰਬਰ ਤੱਕ ਤਨਖਾਹ ਦਿੱਤੀ ਜਾ ਚੁੱਕੀ ਹੈ। 


Related News