ਨਸ਼ਿਆਂ ਦਾ ਸਰਗਨਾਂ ਸੁਖਦੇਵ ਧੰਜਲ 500 ਨਸ਼ੇ ਵਾਲੀਆਂ ਗੋਲੀਆਂ ਅਤੇ 35 ਹਜ਼ਾਰ ਡਰੱਗ ਮਨੀ ਸਮੇਤ ਕਾਬੂ

08/04/2021 6:59:39 PM

ਬੱਧਨੀ ਕਲਾਂ,ਚੜਿੱਕ (ਬੱਬੀ): ਪੁਲਸ ਵਲੋਂ ਨਸ਼ਿਆਂ ਦੇ ਇਕ ਬਦਨਾਮ ਸਰਗਨੇ ਸੁਖਦੇਵ ਸਿੰਘ ਧੰਜਲ ਬੱਧਨੀ ਕਲਾਂ ਨੂੰ 35 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ 500 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕਰਨ ’ਚ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ। ਸੁਖਦੇਵ ਸਿੰਘ ਧੰਜਲ ਖ਼ਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਪਰ ਇਸ ਦੇ ਬਾਵਜੂਦ ਉਹ ਧੜੱਲੇ ਨਾਲ ਨਸ਼ੇ ਦੇ ਕਾਰੋਬਾਰ ’ਚ ਲੱਗਾ ਹੋਇਆ ਸੀ। ਥਾਣਾ ਬੱਧਨੀ ਕਲਾਂ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਸੰਦੀਪ ਸਿੰਘ ਨੇ ਇਸ ਸਬੰਧੀ ਦੱਸਿਆ ਕੇ ਸ਼ਾਮ 7.50 ਵਜੇ ਦੇ ਕਰੀਬ ਸਹਾਇਕ ਥਾਣੇਦਾਰ ਰਘਵਿੰਦਰ ਪ੍ਰਸਾਦ ਪੁਲਸ ਪਾਰਟੀ ਸਮੇਤ ਗਸ਼ਤ ’ਤੇ ਜਾ ਰਹੇ ਸਨ। ਇਸ ਦੌਰਾਨ ਕਿਸੇ ਮੁਖਬਰ ਵਲੋਂ ਉਨ੍ਹਾਂ ਨੂੰ ਗੁਪਤ ਇਤਲਾਹ ਦਿੱਤੀ ਗਈ ਕਿ ਲੋਕਾਂ ਨੂੰ ਨਸ਼ੇ ਦੀ ਦਲਦਲ ’ਚ ਫਸਾ ਕੇ ਨਸ਼ੇ ਦਾ ਕਾਰੋਬਾਰ ਕਰਨ ਵਾਲਾ ਸੁਖਦੇਵ ਸਿੰਘ ਧੰਜਲ ਅੱਜ ਵੀ ਲੋਪੋਂ ਰੋਡ ਸਥਿਤ ਇਕ ਟਿਕਾਣੇ ’ਤੇ ਬੈਠਾ ਨਸ਼ੇ ਵਾਲੀਆਂ ਗੋਲੀਆਂ ਵੇਚਣ ਲੱਗਾ ਹੋਇਆ ਹੈ। ਜੇਕਰ ਕਾਰਵਾਈ ਕੀਤੀ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ।

ਮੁਖਬਰ ਦੀ ਇਸ ਇਤਲਾਹ ਨੂੰ ਗੰਭੀਰਤਾ ਨਾਲ ਲੈਂਦਿਆਂ ਏ.ਐੱਸ.ਆਈ. ਰਘਵਿੰਦਰ ਪ੍ਰਸਾਦ ਦੀ ਅਗਵਾਈ ਵਾਲੀ ਪੁਲਸ ਪਾਰਟੀ ਵਲੋਂ ਜਦੋਂ ਉਪਰੋਕਤ ਟਿਕਾਣੇ ’ਤੇ ਛਾਪਾਮਾਰੀ ਕੀਤੀ ਗਈ ਤਾਂ ਮੌਕੇ ’ਤੇ ਸੁਖਦੇਵ ਸਿੰਘ ਧੰਜਲ ਵਲੋਂ ਗਾਹਕਾਂ ਤੋਂ ਨਸ਼ੇ ਦੀਆਂ ਗੋਲੀਆਂ ਵੇਚ ਕੇ ਵੱਟੀ ਗਈ 35 ਹਜ਼ਾਰ ਰੁਪਏ ਡਰੱਗ ਮਨੀ ਅਤੇ ਕਲੋਵੀਡੋਲ 100 ਐੱਸ.ਆਰ. ਮਾਰਕੇ ਦੀਆਂ 500 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ ’ਤੇ ਪੁਲਸ ਪਾਰਟੀ ਵਲੋਂ ਉਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਥਾਣਾ ਬੱਧਨੀ ਕਲਾਂ ਵਿਖੇ ਕਾਬੂ ਕੀਤੇ ਗਏ ਦੋਸ਼ੀ ਸੁਖਦੇਵ ਸਿੰਘ ਧੰਜਲ ਪੁੱਤਰ ਕੁਲਵੰਤ ਸਿੰਘ ਵਾਸੀ ਬੱਧਨੀ ਕਲਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸਬ ਇੰਸਪੈਕਟਰ ਮੰਗਲ ਸਿੰਘ ਵਲੋਂ ਅਮਲ ’ਚ ਲਿਆਂਦੀ ਜਾ ਰਹੀ ਹੈ।


Shyna

Content Editor

Related News