ਵਿਆਹ ਤੋਂ 1 ਮਹੀਨੇ ਬਾਅਦ 3 ਭੈਣਾਂ ਦੇ ਭਰਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

Saturday, Jan 12, 2019 - 05:16 AM (IST)

ਵਿਆਹ ਤੋਂ 1 ਮਹੀਨੇ ਬਾਅਦ 3 ਭੈਣਾਂ ਦੇ ਭਰਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

ਲੁਧਿਆਣਾ, (ਰਿਸ਼ੀ)- ਵਿਆਹ ਤੋਂ 1 ਮਹੀਨੇ ਬਾਅਦ ਹੀ ਨਸ਼ੇ ਦੀ ਓਵਰਡੋਜ਼ ਕਾਰਨ 3 ਭੈਣਾਂ ਦੇ ਇਕਲੌਤੇ ਭਰਾ ਮਨਜੀਤ ਸਿੰਘ (24) ਨਿਵਾਸੀ ਮੁੱਲਾਂਪੁਰ ਦੀ ਮੌਤ ਹੋ ਗਈ। ਮਨਜੀਤ ਨੇ ਵੀਰਵਾਰ ਬਾਅਦ ਦੁਪਹਿਰ 2 ਵਜੇ ਆਪਣੇ ਦੋਸਤ ਦਵਿੰਦਰ ਨਾਲ ਨਸ਼ਾ ਕਰਨਾ ਸ਼ੁਰੂ ਕੀਤਾ, 4 ਘੰਟੇ ਤੱਕ ਲਗਾਤਾਰ ਨਸ਼ਾ ਕਰਨ ਦੇ ਬਾਅਦ 6 ਵਜੇ ਬੇਹੋਸ਼ ਹੋ ਗਿਆ, ਨਾਲ ਬੈਠਾ ਦੋਸਤ 3 ਘੰਟੇ ਤੱਕ ਉਸ ਨੂੰ ਉਠਾਉਣ ਦਾ ਯਤਨ ਕਰਦਾ ਰਿਹਾ। ਜਦ ਉਸ ਨੂੰ ਹੋਸ਼ ਨਾ ਆਇਆ ਤਾਂ ਖੁਦ ਭੱਜ ਕੇ ਥਾਣਾ ਦੁੱਗਰੀ ਪੁਲਸ ਸਟੇਸ਼ਨ ਗਿਆ ਤੇ ਪੁਲਸ ਨੂੰ ਦੱਸਿਆ। ਪੁਲਸ ਨੇ ਖੰਡਰ ’ਚ ਜਾ ਕੇ ਜਦ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮਨਜੀਤ ਮਰ ਚੁੱਕਿਆ ਹੈ। ਦੇਰ ਰਾਤ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ, ਜਿਥੇ ਸ਼ੁੱਕਰਵਾਰ ਨੂੰ ਰਿਸ਼ਤੇਦਾਰਾਂ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ। ਥਾਣਾ ਦੁੱਗਰੀ ਦੇ ਏ. ਐੱਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਦਵਿੰਦਰ ਦੀ ਦੁੱਗਰੀ ਰੋਡ ’ਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਦੁਕਾਨ ਹੈ, ਮਨਜੀਤ ਉਸ ਦੇ ਨਾਲ ਕੰਮ ਕਰਦਾ ਸੀ। ਮ੍ਰਿਤਕ ਦਾ ਪਿਤਾ ਅਜੈਬ ਸਿੰਘ ਸਕਿਓਰਟੀ ਗਾਰਡ ਵਜੋਂ ਨੌਕਰੀ ਕਰਦਾ ਹੈ ਤੇ 1 ਮਹੀਨਾ ਪਹਿਲਾਂ ਹੀ ਉਸ ਨੇ ਆਪਣੇ ਬੇਟੇ ਦਾ ਵਿਆਹ ਕੀਤਾ ਸੀ। ਨੂੰਹ ਦੇ ਹੱਥਾਂ ਤੋਂ ਮਹਿੰਦੀ ਦਾ ਰੰਗ ਉਤਰਨ ਤੋਂ ਪਹਿਲਾਂ ਹੀ ਉਸ ਦਾ ਸੁਹਾਗ ਉਜਡ਼ ਗਿਆ। ਪੁਲਸ ਅਨੁਸਾਰ ਦਵਿੰਦਰ ਨੇ ਦੱਸਿਆ ਕਿ ਉਹ ਦੋਵੇਂ ਲਗਭਗ 2 ਸਾਲਾਂ ਤੋਂ ਨਸ਼ਾ ਕਰ ਰਹੇ ਹਨ। ਵੀਰਵਾਰ ਨੂੰ ਧਾਂਦਰਾ ਰੋਡ ਦੇ ਨੇਡ਼ੇ ਸਥਿਤ ਇਕ ਖਾਲੀ ਪਲਾਟ ’ਚ ਨਸ਼ਾ ਕਰਨ ਚਲੇ ਗਏ। ਦੋਵਾਂ ਨੇ ਉਥੇ ਨਸ਼ੇ ਦੇ ਇੰਜੈਕਸ਼ਨ ਲਾਏ, ਜਿਥੇ ਨਸ਼ੇ ਦੀ ਓਵਰਡੋਜ਼ ਕਾਰਨ ਮਨਜੀਤ ਦੀ ਮੌਤ ਹੋ ਗਈ। ਮੁਹੱਲੇ ਦੇ ਲੋਕਾਂ ਅਨੁਸਾਰ ਉਕਤ ਪਲਾਟ ’ਚ ਆਲੇ-ਦੁਆਲੇ ਦੇ ਇਲਾਕੇ ’ਚ ਕਾਫੀ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ ਕਿਉਂਕਿ ਸੁੰਨਸਾਨ ਜਗ੍ਹਾ ’ਤੇ ਇਕ ਖੰਡਰ ਨੂੰ ਚਾਰਦੀਵਾਰੀ ਹੋਈ ਪਈ ਹੈ ਤੇ ਨੌਜਵਾਨ ਕੰਧ ਟੱਪ ਕੇ ਅਕਸਰ ਅੰਦਰ ਨਸ਼ਾ ਕਰਨ ਜਾਂਦੇ ਹਨ। ਥਾਣਾ ਪੁਲਸ ਵਲੋਂ ਇਸ ਮਾਮਲੇ ’ਚ ਮ੍ਰਿਤਕ ਤੇ ਉਸ ਦੇ ਦੋਸਤ ਨੂੰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਨਾ ਕਰਨਾ ਸ਼ੱਕ ਦੇ ਘੇਰੇ ’ਚ ਲਿਆ ਰਿਹਾ ਹੈ। 


author

KamalJeet Singh

Content Editor

Related News