ਜ਼ਹਿਰੀਲਾ ਨਸ਼ਾ ਖਾਣ ਨਾਲ ਵਿਅਕਤੀ ਦੀ ਮੌਤ, 2 ’ਤੇ ਮਾਮਲਾ ਦਰਜ

07/24/2021 12:19:53 PM

ਜ਼ੀਰਾ (ਗੁਰਮੇਲ): ਨਸ਼ੇ ਦੇ ਆਦੀ ਇਕ ਵਿਅਕਤੀ ਦਾ ਜ਼ਹਿਰਲਾ ਨਸ਼ਾ ਖਾਣ ਨਾਲ ਮੌਤ ਹੋ ਗਈ, ਜਿਸ ਸਬੰਧੀ ਥਾਣਾ ਮਖੂ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਵੱਲੋਂ ਲਗਾਏ ਦੋਸ਼ਾਂ ਦੇ ਆਧਾਰ ’ਤੇ ਦੋ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।ਏ.ਐੱਸ.ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਮੁਦੱਈਆ ਬਚਨੋ ਪਤਨੀ ਗੁਰਦੀਪ ਸਿੰਘ ਵਾਸੀ ਭੂਪੇ ਵਾਲਾ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ’ਤੇ ਬਿਆਨਾਂ ਵਿਚ ਦੱਸਿਆ ਕਿ ਉਹ ਪਿੰਡ ਦੀ ਮੌਜੂਦਾ ਸਰਪੰਚ ਹੈ ਤੇ ਉਸ ਦਾ ਪਤੀ ਗੁਰਦੀਪ ਸਿੰਘ ਹੈਰੋਇਨ ਦਾ ਨਸ਼ਾ ਕਰਦਾ ਸੀ।

ਮੁਦੱਈਆ ਅਨੁਸਾਰ ਉਸਦਾ ਪਤੀ ਝੋਨੇ ਨੂੰ ਪਾਣੀ ਲਾਉਣ ਲਈ ਕਹਿ ਕੇ ਘਰੋਂ ਚਲਾ ਗਿਆ ਅਤੇ ਮੁਦੱਈਆ ਉਸ ਦਾ ਪਿੱਛਾ ਕਰਦੀ ਹੋਈ ਪਿੰਡ ਮੰਝ ਵਾਲਾ ਪੁੱਜੀ, ਜਿੱਥੇ ਨਿਸ਼ਾਨ ਸਿੰਘ ਉਰਫ ਸ਼ਾਨੀ ਪੁੱਤਰ ਕਰਨੈਲ ਸਿੰਘ ਤੇ ਸੁਖਦੇਵ ਸਿੰਘ ਉਰਫ ਬੀ.ਕੇ. ਪੁੱਤਰ ਮਹਿਲ ਸਿੰਘ ਆਪਣੇ ਘਰ ਦੇ ਬਾਹਰ ਖੜ੍ਹੇ ਸਨ, ਜਿਨ੍ਹਾਂ ਨੇ ਉਸ ਦੇ ਪਤੀ ਨੂੰ ਕੋਈ ਨਸ਼ੀਲੀ ਵਸਤੂ ਫੜ੍ਹਾਈ ਅਤੇ ਗੁਰਦੀਪ ਸਿੰਘ ਖੇਤਾਂ ਵੱਲ ਚਲਾ ਗਿਆ ਤੇ ਮੁਦੱਈਆ ਘਰ ਵਾਪਸ ਆ ਗਈ। ਸ਼ਾਮ ਕਰੀਬ 5 ਵਜੇ ਜਦ ਉਸ ਨੇ ਆਪਣੇ ਬੇਟੇ ਨੂੰ ਖੇਤਾਂ ਵਿਚ, ਗੁਰਦੀਪ ਸਿੰਘ ਨੂੰ ਦੇਖਣ ਲਈ ਭੇਜਿਆ, ਜਿਸ ਨੇ ਵਾਪਸ ਆ ਕੇ ਦੱਸਿਆ ਕਿ ਉਸ ਦਾ ਪਿਤਾ ਸੜਕ ਦੇ ਕਿਨਾਰੇ ਡਿੱਗਿਆ ਪਿਆ ਹੈ ਅਤੇ ਉਠਾਉਣ ’ਤੇ ਉਠ ਨਹੀਂ ਰਿਹਾ। ਜਦ ਮੁਦੱਈਆ ਮੋਹਤਬਰਾਂ ਨੂੰ ਨਾਲ ਲੈ ਕੇ ਉੱਥੇ ਗਈ ਤਾਂ ਦੇਖਿਆ ਗਿਆ ਦੋਸ਼ੀਆਂ ਵੱਲੋਂ ਗੁਰਦੀਪ ਸਿੰਘ ਨੂੰ ਦਿੱਤੀ ਜ਼ਹਿਰਿਲੀ ਵਸਤੂ ਖਾਣ ਨਾਲ ਗੁਰਦੀਪ ਸਿੰਘ ਦੀ ਮੌਤ ਹੋ ਗਈ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
 


Shyna

Content Editor

Related News