ਗੈਰ-ਕਾਨੂੰਨੀ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਤੇ ਪੁਲਸ ਨੇ ਮਾਰਿਆ ਛਾਪਾ, 3 ਗ੍ਰਿਫਤਾਰ

09/12/2019 4:13:27 PM

ਫਤਿਹਗੜ੍ਹ ਸਾਹਿਬ (ਜਗਦੇਵ, ਬਖਸ਼ੀ)— ਸਿਵਲ ਪ੍ਰਸਾਸ਼ਨ ਤੇ ਪੁਲਸ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਪਿੰਡ ਪੰਜੋਲੀ ਖੁਰਦ ਦੇ ਇਕ ਨਿੱਜੀ ਮਕਾਨ 'ਚ ਚੱਲ ਰਹੇ ਇਕ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਹੈ ਤੇ ਮੌਕੇ 'ਤੇ ਕੇਂਦਰ ਚਲਾਉਣ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਦੋਂ ਕਿ ਮਾਸਟਰ ਮਾਈਂਡ ਕੁਲਵੰਤ ਸਿੰਘ ਮੌਕੇ 'ਤੇ ਨਹੀਂ ਮਿਲਿਆ। ਥਾਣਾ ਮੂਲੇਪੁਰ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਨੂੰ ਇਕ ਮੁਖ਼ਬਰ ਨੇ ਇਸ ਕੇਂਦਰ ਸਬੰਧੀ ਸੂਚਨਾ ਦਿੱਤੀ ਸੀ, ਜਿਸ 'ਤੇ ਉਨ੍ਹਾਂ ਨੇ ਇਹ ਮਾਮਲਾ ਤੁਰੰਤ ਜ਼ਿਲਾ ਪੁਲਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਦੇ ਧਿਆਨ 'ਚ ਲਿਆਂਦਾ ਤੇ ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ ਸਿਵਲ ਸਰਜਨ ਡਾ. ਐੱਨ.ਕੇ. ਅਗਰਵਾਲ ਨੂੰ ਡਾਕਟਰਾਂ ਦੀ ਟੀਮ ਮੌਕੇ 'ਤੇ ਭੇਜਣ ਦੇ ਆਦੇਸ਼ ਦਿੱਤੇ। ਇਸ ਟੀਮ 'ਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ ਤੇ ਮਨੋਰੋਗ ਮਾਹਰ ਡਾ. ਪ੍ਰੀਤਜੋਤ ਕੌਰ ਸ਼ਾਮਲ ਸਨ ਤੇ ਨਾਇਬ ਤਹਿਸੀਲਦਾਰ ਵਿਪਨ ਕੁਮਾਰ ਭਾਰਦਵਾਜ ਨੂੰ ਡਿਊਟੀ ਮੈਜਿਸਟ੍ਰੇਟ ਭੇਜਿਆ ਗਿਆ। ਜ਼ਿਲਾ ਪੁਲਸ ਮੁਖੀ ਨੇ ਡੀ. ਐੱਸ. ਪੀ. ਰਮਿੰਦਰ ਸਿੰਘ ਕਾਹਲੋਂ ਨੂੰ ਸਮੇਤ ਪੁਲਸ ਪਾਰਟੀ ਨੂੰ ਕੇਂਦਰ ਵਿਖੇ ਭੇਜਿਆ।

ਡੀ. ਐੱਸ. ਪੀ. ਕਾਹਲੋਂ ਨੇ ਮੌਕੇ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਇਹ ਗੈਰ-ਕਾਨੂੰਨੀ ਕੇਂਦਰ ਚਲਾ ਰਹੇ ਵਿਅਕਤੀ ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਰਾਤ ਨੂੰ ਘਰਾਂ ਤੋਂ ਚੁੱਕ ਕੇ ਕੇਂਦਰ 'ਚ ਲਿਆਉਂਦੇ ਸਨ ਜਿੱਥੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਤੇ ਅਣ-ਮਨੁੱਖੀ ਤਸੀਹੇ ਦਿੱਤੇ ਜਾਂਦੇ ਸਨ। ਇਥੋਂ ਤੱਕ ਕਿ ਉਨ੍ਹਾਂ ਦੇ ਰਹਿਣ ਵਾਸਤੇ ਵੀ ਇਕ ਜੇਲ ਵਾਂਗ ਸੈੱਲ ਬਣਾਇਆ ਹੋਇਆ ਸੀ, ਜਿੱਥੇ ਕਿ ਕੋਈ ਵੀ ਸਹੂਲਤ ਨਹੀਂ ਸੀ। ਪੁਲਸ ਨੇ ਰੇਡ ਦੌਰਾਨ ਹਰਿੰਦਰ ਸਿੰਘ ਵਾਸੀ ਭਮਾਰਸੀ ਬੁਲੰਦ, ਹਰਪ੍ਰੀਤ ਸਿੰਘ ਹਾਲ ਆਬਾਦ ਮਾਤਾ ਗੁਜਰੀ ਕਾਲੋਨੀ ਫ਼ਤਿਹਗੜ੍ਹ ਸਾਹਿਬ ਤੇ ਨਰਿੰਦਰ ਸਿੰਘ ਵਾਸੀ ਲਾਡਪੁਰ ਤੁਰਾਂ ਮੰਡੀ ਗੋਬਿੰਦਗੜ੍ਹ ਨੂੰ ਮੌਕੇ 'ਤੇ ਕਾਬੂ ਕਰ ਲਿਆ, ਜਦੋਂ ਕਿ ਇਸ ਦਾ ਮਾਸਟਰ ਮਾਈਂਡ ਕੁਲਵੰਤ ਸਿੰਘ ਵਾਸੀ ਚੋਰਵਾਲਾ ਆਪਣੇ ਨਾ-ਮਾਲੂਮ ਸਾਥੀਆਂ ਨਾਲ ਮੌਕੇ ਤੋਂ ਨਹੀਂ ਮਿਲਿਆ। ਇਸ ਮੌਕੇ ਪੀੜ੍ਹਤਾਂ ਵੱਲੋਂ ਦੱਸਿਆ ਕਿ ਗਿਆ ਕੇਂਦਰ ਦੇ ਮਾਲਕ ਉਨ੍ਹਾਂ ਨਾਲ ਬਹੁਤ ਜ਼ਿਆਦਾ ਕੁੱਟਮਾਰ ਕਰਦੇ ਸਨ ਤੇ ਇਥੋਂ ਤੱਕ ਕਿ ਉਨ੍ਹਾਂ ਨੂੰ ਸਹੀ ਢੰਗ ਨਾਲ ਖਾਣਾ ਵੀ ਨਹੀਂ ਸੀ ਦਿੱਤਾ ਜਾਂਦਾ। ਡੀ. ਐੱਸ. ਪੀ. ਕਾਹਲੋਂ ਨੇ ਦੱਸਿਆ ਕਿ ਕੇਂਦਰ ਚਲਾਉਣ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਥਾਣਾ ਮੂਲੇਪੁਰ ਵਿਖੇ ਧਾਰਾ 420, 417,342, 344, 323,120-ਬੀ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਰਾਰ ਹੋਏ ਕਥਿਤ ਦੋਸ਼ੀਆਂ ਵਿਰੁੱਧ ਪੁਲਸ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ ਤੇ ਛੇਤੀ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।


Shyna

Content Editor

Related News