ਖ਼ੂਨ ਹੋਇਆ ਚਿੱਟਾ! ਨਸ਼ੇੜੀ ਪੁੱਤ ਨੇ ਕੁਹਾੜੀ ਮਾਰ ਕੀਤਾ ਮਾਂ ਦਾ ਕਤਲ
Thursday, Jul 21, 2022 - 12:38 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ) : ਨਸ਼ੇ ਦੇ ਆਦੀ ਪੁੱਤਰ ਵਲੋਂ ਆਪਣੀ ਹੀ ਮਾਂ ਦਾ ਕਤਲ ਕਰਨ ਦੇ ਦੋਸ਼ ’ਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਮ੍ਰਿਤਕ ਔਰਤ ਦੇ ਭਰਾ ਦੇ ਬਿਆਨਾਂ ’ਤੇ ਮ੍ਰਿਤਕ ਔਰਤ ਦੇ ਬੇਟੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਮੁਦੱਈ ਮੁਖਤਿਆਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਸਰੂਪ ਸਿੰਘ ਵਾਲਾ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਸਦੀ ਭੈਣ ਲਾਲੋ ਬਾਈ (50) ਜਿਸਦਾ ਵਿਆਹ ਕਰੀਬ 26—27 ਸਾਲ ਪਹਿਲਾਂ ਦਲਬੀਰ ਸਿੰਘ ਵਾਸੀ ਬਸਤੀ ਸ਼ੇਰਾ ਵਾਲੀ ਦਾਖਲੀ ਪਿੰਡ ਟਾਹਲੀ ਵਾਲਾ ਥਾਣਾ ਸਦਰ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਨਾਲ ਹੋਇਆ ਸੀ, ਜਿਸ ਦੀ ਕੁੱਖੋ ਇਕ ਮੁੰਡਾ ਸੰਦੀਪ ਸਿੰਘ ਅਤੇ ਕੁੜੀ ਆਸ਼ੀ ਰਾਣੀ ਨੇ ਜਨਮ ਲਿਆ ਸੀ।
ਇਹ ਵੀ ਪੜ੍ਹੋ- ਵਾਇਰਲ ਵੀਡੀਓ ਨੇ ਅਕ੍ਰਿਤਘਣ ਪੁੱਤਰ ਦਾ ਖੋਲ੍ਹਿਆ ਭੇਤ, ਮਾਂ ਨਾਲ ਕੀਤੀ ਕਰਤੂਤ ਜਾਣ ਹੋਵੇਗੇ ਹੈਰਾਨ
ਕਰੀਬ 18—19 ਸਾਲ ਪਹਿਲਾਂ ਮੁੱਦਈ ਦੀ ਭੈਣ ਲਾਲੋ ਬਾਈ ਦੀ ਆਪਣੇ ਪਤੀ ਨਾਲ ਅਣਬਣ ਹੋ ਗਈ ਅਤੇ ਦੋਵਾਂ ਦੇ ਤਲਾਕ ਉਪਰੰਤ ਲਾਲੋ ਬਾਈ ਮੁੱਦਈ ਦੇ ਘਰ ਬੱਚਿਆਂ ਸਮੇਤ ਰਹਿਣ ਲੱਗ ਪਈ। ਲਾਲੋ ਬਾਈ ਦਾ ਮੁੰਡਾ ਸੰਦੀਪ ਸਿੰਘ ਮਾੜੀ ਸੰਗਤ ’ਚ ਪੈ ਗਿਆ ਸੀ ਅਤੇ ਨਸ਼ੇ ਆਦਿ ਕਰਨ ਲੱਗਾ ਤੇ ਅਕਸਰ ਹੀ ਲਾਲੋ ਬਾਈ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਮੁਦੱਈ ਅਨੁਸਾਰ 15 ਜੁਲਾਈ ਨੂੰ ਰਾਤ ਕਰੀਬ 9.30 ਵਜੇ ਸੰਦੀਪ ਸਿੰਘ, ਆਪਣੀ ਮਾਂ ਲਾਲੋ ਬਾਈ ਦੀ ਕੁੱਟਮਾਰ ਕਰ ਰਿਹਾ ਸੀ ਅਤੇ ਰੌਲਾ ਪਾ ਰਿਹਾ ਸੀ ਕਿ ਮਾਰਤਾ-ਮਾਰਤਾ।
ਇਹ ਵੀ ਪੜ੍ਹੋ- ਮੁਕਤਸਰ ਪੁਲਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ
ਮੁਦੱਈ ਅਨੁਸਾਰ ਸੰਦੀਪ ਸਿੰਘ ਨੇ ਘਰ ਅੰਦਰ ਪਈ ਕੁਹਾੜੀ ਚੁੱਕ ਕੇ ਲਾਲੋ ਬਾਈ ਦੇ ਸਿਰ ਵਿਚ ਮਾਰੀ, ਜਿਸ ਨਾਲ ਲਾਲੋ ਬਾਈ ਲਹੂ-ਲੁਹਾਣ ਹੋ ਗਈ ਅਤੇ ਦੋਸ਼ੀ ਮੌਕਾ ਤੋਂ ਫਰਾਰ ਹੋ ਗਿਆ। ਲਾਲੋ ਬਾਈ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾਖ਼ਲ ਕਰਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ 19 ਜੁਲਾਈ ਨੂੰ ਮੌਤ ਹੋ ਗਈ। ਪੁਲਸ ਵਲੋਂ ਦੋਸ਼ੀ ਨੂੰ ਲੜਕੇ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।