ਗੁਰੂ ਨਾਨਕ ਸਟੇਡੀਅਮ ਨੇੜੇ ਚੱਲੀਆਂ ਗੋਲੀਆਂ! CCTV ''ਚ ਕੈਦ ਹੋਏ ਹਥਿਆਰਬੰਦ ਨੌਜਵਾਨ

Thursday, May 14, 2026 - 03:10 PM (IST)

ਗੁਰੂ ਨਾਨਕ ਸਟੇਡੀਅਮ ਨੇੜੇ ਚੱਲੀਆਂ ਗੋਲੀਆਂ! CCTV ''ਚ ਕੈਦ ਹੋਏ ਹਥਿਆਰਬੰਦ ਨੌਜਵਾਨ

ਲੁਧਿਆਣਾ (ਗਣੇਸ਼): ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਇਲਾਕੇ ਵਿਚ ਦੇਰ ਰਾਤ ਹੋਈ ਫਾਇਰਿੰਗ ਦੀ ਘਟਨਾ ਨੇ ਪੂਰੇ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਥਿਆਰਬੰਦ ਨੌਜਵਾਨਾਂ ਦੇ ਇਕ ਸਮੂਹ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਬੜਤੋੜ ਗੋਲੀਆਂ ਚਲਾਈਆਂ। ਇਹ ਪੂਰੀ ਵਾਰਦਾਤ ਨੇੜੇ ਲੱਗੇ CCTV ਕੈਮਰਿਆਂ ਵਿਚ ਰਿਕਾਰਡ ਹੋ ਗਈ ਹੈ, ਜਿਸ ਵਿਚ ਕਈ ਨੌਜਵਾਨ ਹਥਿਆਰਾਂ ਸਮੇਤ ਨਜ਼ਰ ਆ ਰਹੇ ਹਨ।

ਪੀੜਤ ਪਰਿਵਾਰ ਅਨੁਸਾਰ, 12 ਮਈ ਦੀ ਰਾਤ ਨੂੰ ਕਰੀਬ 14 ਤੋਂ 15 ਨੌਜਵਾਨ ਅਚਾਨਕ ਘਰ ਦੇ ਬਾਹਰ ਪਹੁੰਚੇ ਅਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਸਮੇਂ ਘਰ ਦੀ ਮਹਿਲਾ ਕਿਰਨ ਆਪਣੇ ਪਤੀ ਨਾਲ ਬਾਹਰ ਗਈ ਹੋਈ ਸੀ, ਜਦਕਿ ਘਰ ਵਿਚ ਉਨ੍ਹਾਂ ਦਾ ਪੁੱਤਰ ਅਤੇ ਬਜ਼ੁਰਗ ਮਾਂ ਮੌਜੂਦ ਸਨ। ਗੋਲੀਆਂ ਦੀ ਆਵਾਜ਼ ਸੁਣ ਕੇ ਘਰ ਵਿਚ ਹਫੜਾ-ਦਫੜੀ ਮਚ ਗਈ ਅਤੇ ਦਾਦੀ ਨੇ ਬੱਚੇ ਨੂੰ ਸੰਭਾਲਦੇ ਹੋਏ ਖ਼ੁਦ ਨੂੰ ਸੁਰੱਖਿਅਤ ਕੀਤਾ। ਫਾਇਰਿੰਗ ਇੰਨੀ ਤੇਜ਼ ਸੀ ਕਿ ਕਈ ਗੋਲੀਆਂ ਘਰ ਦੇ ਅੰਦਰ ਤੱਕ ਜਾ ਪਹੁੰਚੀਆਂ, ਜਿਸ ਨਾਲ ਮਕਾਨ ਦਾ ਨੁਕਸਾਨ ਹੋਇਆ ਹੈ। ਘਟਨਾ ਤੋਂ ਬਾਅਦ ਪਰਿਵਾਰ ਬੇਹੱਦ ਸਹਿਮਿਆ ਹੋਇਆ ਹੈ। ਕਿਰਨ ਨੇ ਦੱਸਿਆ ਕਿ ਅਗਲੇ ਦਿਨ ਜਦੋਂ ਉਨ੍ਹਾਂ ਦੀ ਬੇਟੀ ਮੰਦਰ ਜਾ ਰਹੀ ਸੀ, ਤਾਂ ਰਸਤੇ ਵਿੱਚ ਦੋ ਨਕਾਬਪੋਸ਼ ਸ਼ੱਕੀ ਨੌਜਵਾਨ ਮਿਲੇ। ਉਨ੍ਹਾਂ ਨੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਹੋਣ ਦਾ ਦਾਅਵਾ ਕੀਤਾ ਅਤੇ ਬੇਟੇ-ਬੇਟੀ ਸਮੇਤ ਰਿਸ਼ਤੇਦਾਰਾਂ ਦਾ ਜ਼ਿਕਰ ਕਰਕੇ ਡਰਾਇਆ।

ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਸਾਹਮਣੇ ਰਹਿਣ ਵਾਲੀ ਇਕ ਕੁੜੀ ਅਤੇ ਉਸ ਦੇ ਕਥਿਤ ਬੁਆਏਫ੍ਰੈਂਡ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਚੱਲ ਰਿਹਾ ਸੀ। ਜਾਣਕਾਰੀ ਮੁਤਾਬਕ ਉਕਤ ਨੌਜਵਾਨ ਫਿਲਹਾਲ ਜੇਲ੍ਹ ਵਿਚ ਬੰਦ ਹੈ ਅਤੇ ਉਸ ਨੇ ਹੀ ਕੁਝ ਨੌਜਵਾਨਾਂ ਨੂੰ ਇਲਾਕੇ ਵਿਚ ਲਗਾਇਆ ਹੋਇਆ ਸੀ। ਸਥਾਨਕ ਲੋਕਾਂ ਅਨੁਸਾਰ, ਪਿਛਲੇ ਕਈ ਮਹੀਨਿਆਂ ਤੋਂ ਇਲਾਕੇ ਵਿਚ ਬਾਹਰੀ ਨੌਜਵਾਨਾਂ ਦੀ ਆਵਾਜਾਈ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸਨ।

ਮੁਹੱਲਾ ਨਿਵਾਸੀਆਂ ਵਿਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਜਲਦ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਇਲਾਕੇ ਵਿਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ। ਪੁਲਸ ਨੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।


author

Anmol Tagra

Content Editor

Related News