ਦੋਰਾਹਾ ਜੀ. ਟੀ. ਰੋਡ ਤੋਂ ਗੰਨ ਪਵਾਇੰਟ ’ਤੇ 2 ਵਿਅਕਤੀਆਂ ਨੇ ਖੌਹੀ ਕਾਰ

8/1/2020 11:52:09 PM

ਦੋਰਾਹਾ, (ਵਿਨਾਇਕ)- ਸ਼ਹਿਰ ’ਚ ਪੁਲਸ ਦੀ ਮੁਸਤੈਦੀ ਦੇ ਬਾਵਜੂਦ ਅੱਜ ਦੇਰ ਸ਼ਾਮ 2 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਲੁਧਿਆਣਾ-ਦਿੱਲੀ ਕੌਮੀ ਮਾਰਗ ’ਤੇ ਪੈਂਦੇ ਕਸ਼ਮੀਰ ਗਾਰਡਨ, ਦੋਰਾਹਾ ਨੇੜਿਉਂ ਇਕ ਡਰਾਇਵਰ ਤੋਂ ਕਾਰ ਖੌਹ ਲਈ ਅਤੇ ਫਰਾਰ ਹੋ ਗਏ | ਬਾਅਦ ’ਚ ਡਰਾਇਵਰ ਲਖਵਿੰਦਰ ਸਿੰਘ ਵਾਸੀ ਪਠਾਨਕੋਟ ਨੇ ਇਸ ਵਾਰਦਾਤ ਦੀ ਜਾਣਕਾਰੀ ਦੋਰਾਹਾ ਪੁਲਸ ਨੂੰ ਦਿੱਤੀ। ਉਪਰੰਤ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰਦਿਆਂ ਜੀ. ਟੀ. ਰੋਡ ਅਤੇ ਨਾਕੇ ’ਤੇ ਲੱਗੇ ਸੀ. ਸੀ. ਟੀ. ਵੀ. ਖੰਗਾਲਣੇ ਸ਼ੁਰੂ ਕਰ ਦਿੱਤੇ ਹਨ | ਕਿਸੇ ਵੱਡੀ ਘਟਨਾ ਦੀ ਸਾਜ਼ਿਸ਼ ਕੀਤੇ ਜਾਣ ਦੇ ਸ਼ੱਕ ’ਤੇ ਸੂਬੇ ’ਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ |

ਦੋਰਾਹਾ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਡਰਾਇਵਰ ਲਖਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਅਤੇ ਆਪਣੀ ਕਾਰ ਵਿਚ ਮੁਰਾਦਾਬਾਦ ਸਵਾਰੀ ਛੱਡ ਕੇ ਵਾਪਸ ਪਠਾਨਕੋਟ ਜਾ ਰਿਹਾ ਸੀ | ਰਾਸਤੇ ’ਚ ਥਕਾਵਟ ਜ਼ਿਆਦਾ ਹੋਣ ਕਾਰਣ ਕੁਝ ਸਮਾਂ ਉਹ ਅਰਾਮ ਕਰਨ ਲਈ ਕਸ਼ਮੀਰ ਗਾਰਡਨ ਦੋਰਾਹਾ ਨੇੜੇ ਸੜਕ ਕਿਨਾਰੇ ਗੱਡੀ ਖੜ੍ਹੀ ਕਰ ਕੇ ਸੌਂ ਗਿਆ | ਡਰਾਇਵਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਹ ਸੁੱਤਾ ਤਾਂ 2 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਉਸਨੂੰ ਗਨ ਪਵਾਇੰਟ ’ਤੇ ਘੇਰ ਲਿਆ ਅਤੇ ਕਾਰ ਤੋਂ ਹੇਠਾਂ ਉਤਰ ਜਾਣ ਨੂੰ ਕਿਹਾ | ਇਕ ਵਾਰ ਤਾਂ ਉਸ ਨੇ ਵਿਰੋਧ ਕੀਤਾ, ਫਿਰ ਉਹ ਬੋਲੇ ਕਿ ਜੇਕਰ ਨਹੀਂ ਉਤਰਿਆ ਤਾਂ ਜਾਨੋਂ ਮਾਰ ਦੇਣਗੇ | ਡਰ ਦੇ ਮਾਰੇ ਡਰਾਈਵਰ ਕਾਰ ਤੋਂ ਹੇਠਾਂ ਉਤਰ ਗਿਆ ਅਤੇ ਦੋਵੇ ਵਿਅਕਤੀ ਕਾਰ ਲੈ ਕੇ ਫਰਾਰ ਹੋ ਗਏ |


Bharat Thapa

Content Editor Bharat Thapa