ਕਰਿਆਨੇ ਦੀ ਦੁਕਾਨ ਦੀ ਆੜ ’ਚ ਘਰੇਲੂ ਗੈਸ ਦੀ ਕਾਲਾਬਾਜ਼ਾਰੀ
Wednesday, Sep 12, 2018 - 06:31 AM (IST)

ਲੁਧਿਆਣਾ, (ਖੁਰਾਣਾ)- ਗਿਆਸਪੁਰਾ ਇਲਾਕੇ ’ਚ ਬੀਤੇ ਦਿਨੀਂ ਹੋਏ ਘਰੇਲੂ ਗੈਸ ਸਿਲੰਡਰ ਧਮਾਕੇ ਕਾਰਨ 14 ਮੌਤਾਂ ਹੋਣ ਤੋਂ ਬਾਅਦ ਵੀ ਗੈਸ ਮਾਫੀਆ ਨਾਲ ਜੁਡ਼ੇ ਕਾਲਾ ਬਾਜ਼ਾਰੀਆਂ ਦਾ ਗੋਰਖਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ।
ਇਸੇ ਹੀ ਤਰ੍ਹਾਂ ਦੇ ਇਕ ਕੇਸ ’ਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਇਲਾਕੇ ’ਚ ਕਰਿਆਨਾ ਤੇ ਭਾਂਡਿਆਂ ਦੀ ਦੁਕਾਨ ਚਲਾਉਣ ਦੀ ਆੜ ’ਚ ਘਰੇਲੂ ਗੈਸ ਦੀ ਕਾਲਾ ਬਾਜ਼ਾਰੀ ਕਰਨ ਵਾਲੇ ਗੈਸ ਮਾਫੀਆ ਨੂੰ ਟਾਰਗੈੱਟ ਬਣਾਉਂਦੇ ਹੋਏ ਵੱਖ-ਵੱਖ ਗੈਸ ਏਜੰਸੀਆਂ ਦੇ 9 ਘਰੇਲੂ ਗੈਸ ਸਿਲੰਡਰ, ਇਲੈਕਟ੍ਰੋਨਿਕ ਕੰਡਾ ਤੇ ਗੈਸ ਦੀ ਪਲਟੀ ਮਾਰਨ ਲਈ ਵਰਤੇ ਜਾ ਰਹੇ ਯੰਤਰ ਕਬਜ਼ੇ ’ਚ ਲਏ ਹਨ। ਛਾਪੇ ਦੀ ਉਕਤ ਕਾਰਵਾਈ ਨੂੰ ਵਿਭਾਗ ਦੇ ਕੰਟਰੋਲਰ ਰਾਕੇਸ਼ ਭਾਸਕਰ ਦੀ ਪ੍ਰਧਾਨਗੀ ’ਚ ਏ. ਐੱਫ. ਐੱਸ. ਓ. ਜਸਵਿੰਦਰ ਸਿੰਘ, ਇੰਸ. ਅਰਵਿੰਦਰ ਸੰਧੂ, ਮਨਜੀਤ ਸਚਦੇਵਾ, ਨਿਤਿਨ ਕੁਮਾਰ, ਖੁਸ਼ਵੰਤ ਸਿੰਘ ਤੇ ਰੌਸ਼ਨ ਚੋਪਡ਼ਾ ਨੇ ਗੁਪਤ ਜਾਣਕਾਰੀ ਦੇ ਆਧਾਰ ’ਤੇ ਸੋਮਵਾਰ ਦੇਰ ਰਾਮ ਅੰਜ਼ਾਮ ਦਿੱਤਾ ਹੈ।
ਇਥੇ ਦੱਸਣਾ ਜ਼ਰੂਰੀ ਰਹੇਗਾ ਕਿ ਗਿਆਸਪੁਰਾ ਇਲਾਕੇ ’ਚ ਬੀਤੇ ਦਿਨੀਂ ਹੋਏ 2 ਗੈਸ ਸਿਲੰਡਰ ਧਮਾਕਿਆਂ ’ਚ ਕੁੱਲ 18 ਮੌਤਾਂ ਹੋ ਚੁੱਕੀਆਂ ਹਨ। ਇਕ ਕੇਸ ’ਚ ਤਾਂ 4 ਮਾਸੂਮ ਬੱਚੇ ਧਮਾਕੇ ’ਚ ਇਸ ਤਰ੍ਹਾਂ ਝੁਲਸ ਕੇ ਆਪਸ ਵਿਚ ਚਿੰਬੜ ਗਏ ਸਨ ਕਿ ਉਨ੍ਹਾਂ ਦੇ ਸਰੀਰ ਨੂੰ ਇਕ-ਦੂਜੇ ਤੋਂ ਵੱਖ ਕਰਨ ਲਈ ਡਾਕਟਰਾਂ ਨੂੰ ਪੋਸਟਮਾਰਟਮ ਦੌਰਾਨ ਲਾਸ਼ਾਂ ਨੂੰ ਜਗ੍ਹਾ-ਜਗ੍ਹਾ ਤੋਂ ਕੱਟਣਾ ਪੈ ਗਿਆ ਸੀ। ਜਦੋਂਕਿ ਦੂਜੇ ਕੇਸ ’ਚ 14 ’ਚੋਂ ਕਈ ਮ੍ਰਿਤਕਾਂ ਦੇ ਸਰੀਰ ਦੇ ਚੀਥਡ਼ੇ ਉੱਡ ਗਏ ਸਨ। ਬਾਵਜੂਦ ਇਸ ਦੇ ਇਲਾਕੇ ’ਚ ਗੈਸ ਦੀ ਕਾਲਾ ਬਾਜ਼ਾਰੀ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ।
ਕਿੱਥੋਂ ਮਿਲਦੇ ਹਨ ਮਾਫੀਆ ਨੂੰ ਵੱਡੀ ਗਿਣਤੀ ’ਚ ਸਿਲੰਡਰ
ਅਜਿਹੇ ’ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਗੈਸ ਮਾਫੀਆ ਨਾਲ ਦੁਕਾਨਦਾਰਾਂ ਨੂੰ ਆਖਿਰ ਇੰਨੀ ਵੱਡੀ ਗਿਣਤੀ ’ਚ ਘਰੇਲੂ ਗੈਸ ਸਿਲੰਡਰ ਕਿੱਥੋਂ ਮਿਲ ਰਹੇ ਹਨ, ਕਿਉਂਕਿ ਆਮ ਕਰ ਕੇ ਖਪਤਕਾਰ ਦੇ ਘਰ ’ਚ ਗੈਸ ਸਿਲੰਡਰ ਖਤਮ ਹੋਣ ’ਤੇ ਗੈਸ ਦੀ ਸਪਲਾਈ ਤੋਂ ਪਹਿਲਾਂ ਏਜੰਸੀ ਮਾਲਕ ਬੁਕਿੰਗ ਕਰਵਾਉਣ ਤੋਂ ਬਾਅਦ ਵੀ ਕਈ ਦਿਨਾਂ ਤਕ ਸਿਲੰਡਰ ਦੀ ਡਲਿਵਰੀ ਨਹੀਂ ਦਿੰਦੇ ਜਦੋਂਕਿ ਵਿਭਾਗ ਦੀ ਉਕਤ ਛਾਪੇਮਾਰੀ ਦੌਰਾਨ ਇਕ ਹੀ ਦੁਕਾਨ ਤੋਂ ਵੱਡੀ ਗਿਣਤੀ ’ਚ ਸਿਲੰਡਰ ਮਿਲਣ ਨਾਲ ਏਜੰਸੀ ਮਾਲਕਾਂ ਦੀ ਕਾਰਜਸ਼ੈਲੀ ਸ਼ੱਕ ਦੇ ਘੇਰੇ ’ਚ ਆਉਣੀ ਲਾਜ਼ਮੀ ਹੈ।
ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਜੋ ਨਿਯਮਾਂ ਦੀ ਉਲੰਘਣਾ ਕਰ ਕੇ ਮਨੁੱਖੀ ਜਾਨਾਂ ਨਾਲ ਖੇਡ ਰਹੇ ਹਨ। ਵਿਭਾਗ ਵਲੋਂ ਹਰ ਇਲਾਕੇ ’ਚ ਅਜਿਹੀ ਕਾਰਵਾਈ ਕੀਤੀ ਜਾਵੇਗੀ ਤੇ ਗੈਸ ਦੀ ਪਲਟੀ ਮਾਰਨ ਵਾਲੇ ਖਿਲਾਫ ਵਿਭਾਗੀ ਕਾਰਵਾਈ ਦੇ ਨਾਲ ਹੀ ਪੁਲਸ ਨੂੰ ਵੀ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ ਤਾਂ ਜੋ ਇਸ ਖਤਰਨਾਕ ਤੇ ਨਾਜਾਇਜ਼ ਧੰਦੇ ਕਾਰਨ ਮਨੁੱਖੀ ਜਾਨਾਂ ਨੂੰ ਮੌਤ ਦੇ ਮੂੰਹ ’ਚ ਜਾਣ ਤੋਂ ਬਚਾਇਆ ਜਾ ਸਕੇ। ਇਸ ਲਈ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ ਤਾਂ ਕਿ ਭਵਿੱਖ ’ਚ ਉਨ੍ਹਾਂ ਦੇ ਬੱਚਿਆਂ ਤੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨਾਲ ਅਜਿਹੀ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਵੇ।
-ਰਾਕੇਸ਼ ਭਾਸਕਰ, ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ