ਪੰਜਾਬ ਦੇ ਇਸ ਪਿੰਡ ’ਚ ਸਦੀਆਂ ਤੋਂ ਦੀਵਾਲੀ ਤੋਂ ਅਗਲੇ ਦਿਨ ਮਨਾਈ ਜਾਂਦੀ ਹੈ ਦੀਵਾਲੀ, ਜਾਣੋ ਵਜ੍ਹਾ

Saturday, Nov 06, 2021 - 05:07 PM (IST)

ਪੰਜਾਬ ਦੇ ਇਸ ਪਿੰਡ ’ਚ ਸਦੀਆਂ ਤੋਂ ਦੀਵਾਲੀ ਤੋਂ ਅਗਲੇ ਦਿਨ ਮਨਾਈ ਜਾਂਦੀ ਹੈ ਦੀਵਾਲੀ, ਜਾਣੋ ਵਜ੍ਹਾ

ਮੋਹਾਲੀ (ਨਿਆਮੀਆਂ)-ਜ਼ਿਲ੍ਹਾ ਮੋਹਾਲੀ ਦੇ ਸੈਕਟਰ 82 ’ਚ ਪੈਂਦਾ ਪਿੰਡ ਚਿੱਲਾ ਇਕ ਅਜਿਹਾ ਪਿੰਡ ਹੈ, ਜਿਥੇ ਸਦੀਆਂ ਤੋਂ ਦੀਵਾਲੀ ਤੋਂ ਅਗਲੇ ਦਿਨ ਹੀ ਦੀਵਾਲੀ ਮਨਾਈ ਜਾਂਦੀ ਹੈ। ਇਹ ਪ੍ਰੰਪਰਾ ਪਿੰਡ ਵਾਸੀ ਪੀੜ੍ਹੀ ਦਰ ਪੀੜ੍ਹੀ ਚਲਾਉਂਦੇ ਆ ਰਹੇ ਹਨ ਅਤੇ ਇਸ ਪ੍ਰਥਾ ਦਾ ਤਿਆਗ ਕਰਨ ਲਈ ਕੋਈ ਵੀ ਤਿਆਰ ਨਹੀਂ ਹੈ। ਅੱਜ ਭਾਵੇਂ ਵਿਸ਼ਵਕਰਮਾ ਦਿਵਸ ਪੂਰੇ ਦੇਸ਼ ’ਚ ਬਹੁਤ ਸ਼ਰਧਾ ਨਾਲ ਮਨਾਇਆ ਗਿਆ ਪਰ ਪਿੰਡ ਚਿੱਲਾ ’ਚ ਅੱਜ ਪੂਰੇ ਜ਼ੋਰ-ਸ਼ੋਰ ਨਾਲ ਦੀਵਾਲੀ ਮਨਾਈ ਜਾ ਰਹੀ ਹੈ। ਅੱਜ ਸਾਰਾ ਦਿਨ ਲੋਕ ਦੀਵਾਲੀ ਦੀਆਂ ਤਿਆਰੀਆਂ ਕਰਦੇ ਰਹੇ। ਇਸ ਸੰਬੰਧ ਵਿਚ ਪਿੰਡ ਦੀ ਸਰਪੰਚ ਬੀਬੀ ਸ਼ਮਸ਼ੇਰ ਕੌਰ, ਸਾਬਕਾ ਸਰਪੰਚ ਅਜਾਇਬ ਸਿੰਘ, ਮੇਵਾ ਸਿੰਘ ਗਿੱਲ, ਰਚਨ ਸਿੰਘ ਗਿੱਲ, ਸਾਬਕਾ ਸਰਪੰਚ ਕੁਲਦੀਪ ਸਿੰਘ, ਨੰਬਰਦਾਰ ਸੰਤੋਖ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਹੁਣ ਤਾਂ ਕਿਸੇ ਨੂੰ ਵੀ ਇਹ ਨਹੀਂ ਪਤਾ ਕਿ ਇਹ ਪ੍ਰਥਾ ਕਦੋਂ ਤੋਂ ਸ਼ੁਰੂ ਹੋਈ ਹੈ। ਉਨ੍ਹਾਂ ਇਸ ਦਾ ਪਿਛੋਕੜ ਦੱਸਦਿਆਂ ਕਿਹਾ ਕਿ ਸਦੀਆਂ ਪਹਿਲਾਂ ਪਿੰਡ ਦੇ ਸਾਰੇ ਹੀ ਪਸ਼ੂ ਇਕੋ ਥਾਂ ਇਕੱਠੇ ਖੜ੍ਹੇ ਹੁੰਦੇ ਸਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਪਾਲੀ ਰੱਖੇ ਹੋਏ ਹੁੰਦੇ ਸਨ। ਸਾਰੇ ਹੀ ਪਸ਼ੂਆਂ ਨੂੰ ਪਾਲੀ ਇਕੱਠੇ ਚਰਾਇਆ ਕਰਦੇ ਸਨ ਅਤੇ ਇਕੱਠੇ ਹੀ ਲੈ ਕੇ ਪਸ਼ੂ ਵਾੜੇ ਵਿਚ ਆ ਜਾਇਆ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਕ ਵਾਰੀ ਦੀਵਾਲੀ ਵਾਲੀ ਸ਼ਾਮ ਨੂੰ ਜਦੋਂ ਸਾਰਾ ਪਿੰਡ ਦੀਵਾਲੀ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ, ਉਸ ਵੇਲੇ ਕਿਸੇ ਨੇ ਸੂਚਨਾ ਦਿੱਤੀ ਕਿ ਪਿੰਡ ਦੇ ਪਸ਼ੂਆਂ ਦਾ ਵੱਗ ਪਸ਼ੂ ਵਾੜੇ ਨੂੰ ਛੱਡ ਕੇ ਕਿੱਧਰੇ ਹੋਰ ਪਾਸੇ ਨਿਕਲ ਗਿਆ ਹੈ। ਇਸ ਵੱਗ ’ਚ ਜ਼ਿਆਦਾਤਰ ਮੱਝਾਂ ਸਨ, ਉਹ ਸਾਰੀਆਂ ਹੀ ਵਾੜੇ ’ਚੋਂ ਗਾਇਬ ਸਨ।

PunjabKesari

ਜਦੋਂ ਇਸ ਵਿਅਕਤੀ ਨੇ ਪਸ਼ੂਆਂ ਦੇ ਗਾਇਬ ਹੋਣ ਬਾਰੇ ਪਿੰਡ ’ਚ ਰੌਲਾ ਪਾ ਦਿੱਤਾ ਤਾਂ ਪਿੰਡ ਦੇ ਸਾਰੇ ਹੀ ਮਰਦ ਮੈਂਬਰ ਇਕੱਠੇ ਹੋ ਕੇ ਹੱਥਾਂ ’ਚ ਲਾਲਟੈਨਾਂ ਅਤੇ ਦੀਵੇ ਬਾਲ ਕੇ ਪਸ਼ੂਆਂ ਨੂੰ ਲੱਭਣ ਲਈ ਤੁਰ ਪਏ। ਕਿਸੇ ਨੇ ਵੀ ਮੱਥਾ ਨਹੀਂ ਸੀ ਟੇਕਿਆ। ਮਰਦ ਮੈਂਬਰ ਪਸ਼ੂਆਂ ਨੂੰ ਲੱਭਦੇ ਰਹੇ ਅਤੇ ਜਦੋਂ ਤਕ ਉਹ ਦੂਰ ਦੂਜੇ ਪਿੰਡ ਤੋਂ ਆਪਣੇ ਪਸ਼ੂਆਂ ਦੇ ਵੱਗ ਨੂੰ ਵਾਪਸ ਲੈ ਕੇ ਆਏ, ਉਦੋਂ ਤਕ ਅੱਧੀ ਰਾਤ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਸੀ। ਉਨ੍ਹਾਂ ਦੀ ਗੈਰ-ਮੌਜੂਦਗੀ ’ਚ ਪਿੰਡ ਵਿਚ ਮੌਜੂਦ ਰਹੀਆਂ ਔਰਤਾਂ ਅਤੇ ਬੱਚਿਆਂ ਨੇ ਉਸ ਦਿਨ ਦੀਵਾਲੀ ਨਹੀਂ ਮਨਾਈ। ਸਾਰੇ ਹੀ ਸਲਾਹ ਕਰ ਕੇ ਸੌਂ ਗਏ ਕਿ ਦੀਵਾਲੀ ਦਾ ਤਿਉਹਾਰ ਅਗਲੇ ਦਿਨ ਮਨਾਇਆ ਜਾਵੇਗਾ। ਇਸ ਤਰ੍ਹਾਂ ਹੀ ਹੋਇਆ। ਅਗਲੇ ਦਿਨ ਸਾਰੇ ਪਿੰਡ ਨੇ ਦੀਵਾਲੀ ਦਾ ਮੱਥਾ ਟੇਕਿਆ ਅਤੇ ਧੂਮਧਾਮ ਨਾਲ ਦੀਵਾਲੀ ਮਨਾਈ। ਉਨ੍ਹਾਂ ਦੱਸਿਆ ਕਿ ਉਦੋਂ ਤੋਂ ਹੀ ਪਿੰਡ ਚਿੱਲਾ ਵਿਖੇ ਦੀਵਾਲੀ ਤੋਂ ਅਗਲੇ ਦਿਨ ਦੀਵਾਲੀ ਮਨਾਉਣ ਦੀ ਪ੍ਰੰਪਰਾ ਸ਼ੁਰੂ ਹੋ ਗਈ, ਜਿਹੜੀ ਕਦੇ ਵੀ ਬੰਦ ਨਾ ਹੋ ਸਕੀ। ਉਨ੍ਹਾਂ ਕਿਹਾ ਕਿ ਹੁਣ ਵੀ ਇਹ ਪ੍ਰੰਪਰਾ ਜਿਉਂ ਦੀ ਤਿਉਂ ਜਾਰੀ ਹੈ।

PunjabKesari

ਮੇਵਾ ਸਿੰਘ ਗਿੱਲ ਨੇ ਇਸ ਸਬੰਧੀ ਇਕ ਹੋਰ ਦਿਲਚਸਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਚਿੱਲਾ ’ਚ ਪਹਿਲਾਂ ਦੀਵਾਲੀ ਵਾਲੀ ਰਾਤ ਨੂੰ ਨਗਰ ਖੇੜੇ ਉੱਤੇ ਇਕ ਬੱਕਰੇ ਦੀ ਬਲੀ ਵੀ ਦਿੱਤੀ ਜਾਂਦੀ ਸੀ ਪਰ ਹੁਣ ਇਹ ਬਲੀ ਦੇਣੀ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੀਵਾਲੀ ਵਾਲੇ ਦਿਨ ਪਿੰਡ ਦੇ ਜ਼ਿਆਦਾਤਰ ਲੋਕ ਆਪੋ-ਆਪਣੇ ਰਿਸ਼ਤੇਦਾਰਾਂ ਦੇ ਚਲੇ ਜਾਂਦੇ ਹਨ ਅਤੇ ਉੱਥੇ ਦੀਵਾਲੀ ਮਨਾ ਕੇ ਵਾਪਸ ਆਉਂਦੇ ਹਨ। ਅਗਲੇ ਦਿਨ ਪਿੰਡ ਦੇ ਰਿਸ਼ਤੇਦਾਰ ਚਿੱਲਾ ਪਿੰਡ ’ਚ ਆ ਕੇ ਬੜੀ ਧੂਮਧਾਮ ਨਾਲ ਦੀਵਾਲੀ ਦਾ ਤਿਉਹਾਰ ਮਨਾਉਂਦੇ ਹਨ। ਉਨ੍ਹਾਂ ਦੱਸਿਆ ਕਿ ਦੀਵਾਲੀ ਤੋਂ ਅਗਲੇ ਦਿਨ ਜਦੋਂ ਪਿੰਡ ਚਿੱਲਾ ’ਚ ਦੀਵਾਲੀ ਮਨਾਈ ਜਾਂਦੀ ਹੈ ਤਾਂ ਹਰ ਇਕ ਘਰ ’ਚ ਮਹਿਮਾਨਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ ਅਤੇ ਖ਼ੂਬ ਗਹਿਮਾ-ਗਹਿਮੀ ਹੋਣ ਕਰਕੇ ਇਕ ਵੱਡੇ ਮੇਲੇ ਦਾ ਦ੍ਰਿਸ਼ ਬਣਿਆ ਹੁੰਦਾ ਹੈ।


author

Manoj

Content Editor

Related News