ਬੇਅਦਬੀ ਮਾਮਲੇ: ਆਈ.ਜੀ. ਪਰਮਾਰ ਦੀ ਅਗਵਾਈ ਹੇਠਲੀ ਸਿਟ ਵੱਲੋਂ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੌਰਾ 1 ਸਤੰਬਰ ਨੂੰ
Tuesday, Aug 31, 2021 - 04:39 PM (IST)
ਫ਼ਰੀਦਕੋਟ (ਰਾਜਨ)-ਬੀਤੀ 24-25 ਅਕਤੂਬਰ 2015 ਦੀ ਦਰਮਿਆਨੀ ਰਾਤ ਨੂੰ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਦੇ ਬਾਹਰ ਲਗਾਏ ਗਏ ਇਤਿਹਾਸ ਲਿਖਤ ਬੋਰਡ ’ਤੇ ਕਾਲੇ ਮਾਰਕਰ ਨਾਲ ਲਿਖੇ ਗਏ ਇਤਰਾਜਯੋਗ ਸ਼ਬਦਾਵਲੀ ਵਾਲੇ ਦੋ ਪੋਸਟਰ ਚਿਪਕਾਉਣ ਅਤੇ 12 ਅਕਤੂਬਰ 2015 ਨੂੰ ਮੂੰਹ ਹਨੇਰੇ ਗੁਰਦੁਆਰਾ ਬਰਗਾੜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਹਰ ਅਤੇ ਗਲੀਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਖਿਲਾਰਣ ਦੀਆਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਆਈ.ਜੀ ਐੱਸ.ਪੀ.ਐੱਸ. ਪਰਮਾਰ ਦੀ ਅਗਵਾਈ ਹੇਠਲੀ ਸਿਟ ਦੇ ਮੈਂਬਰਾਂ ਵੱਲੋਂ 1 ਸਤੰਬਰ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਦਾ ਦੌਰਾ ਕਰਕੇ ਹੋਰ ਜਾਂਚ ਵੇਰਵੇ ਇਕੱਤਰ ਕੀਤੇ ਜਾਣਗੇ ਤਾਂ ਜੋ ਇਸ ਜਾਂਚ ਨੂੰ ਜਲਦ ਮੁਕੰਮਲ ਕੀਤਾ ਜਾ ਸਕੇ। ਸੂਤਰਾਂ ਅਨੁਸਾਰ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸਿਟ ਨੇ ਆਪਣੇ ਦੌਰੇ ਦੌਰਾਨ ਉਨ੍ਹਾਂ ਲੋਕਾਂ ਨੂੰ ਵੀ ਖੁੱਲ੍ਹਾ ਸੱਦਾ ਦਿੱਤਾ ਹੈ ਜਿਨ੍ਹਾਂ ਕੋਲ ਜੇਕਰ ਕੋਈ ਅਹਿਮ ਜਾਣਕਾਰੀ ਹੈ, ਉਹ ਵੀ ਸਿਟ ਮੈਂਬਰਾਂ ਨਾਲ ਬੇਝਿਜਕ ਸਾਂਝੀ ਕਰ ਸਕਦੇ ਹਨ ਜੋ ਸਿਟ ਵੱਲੋਂ ਨਰੋਲ ਗੁਪਤ ਰੱਖੀ ਜਾਵੇਗੀ।
ਦੱਸਣਯੋਗ ਹੈ ਕਿ ਵਧੀਕ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਸ਼੍ਰੀ ਅਨੁਰਾਗ ਵਰਮਾਂ ਵੱਲੋਂ ਬੀਤੀ 30 ਜੁਲਾਈ 2021 ਨੂੰ ਡਾਇਰੈਕਟਰ ਬਿਓਰੋ ਆਫ਼ ਇਨਵੈਸਟੀਗੇਸ਼ਨ, ਪੰਜਾਬ, ਚੰਡੀਗੜ੍ਹ ਅਤੇ ਫ਼ਰੀਦਕੋਟ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਪੱਤਰ ਜਾਰੀ ਕਰਕੇ ਉਕਤ ਬੇਅਦਬੀ ਮਾਮਲਿਆਂ ਸਬੰਧੀ ਦਰਜ ਕੀਤੇ ਗਏ ਮੁਕੱਦਮਾਂ ਨੰਬਰ 117 ਅਤੇ 128 ਦੇ ਦੋਸ਼ੀਆਂ ’ਤੇ ਧਾਰਾ 295-ਏ ਅਤੇ 153-ਏ, ਆਈ.ਪੀ.ਸੀ ਮੁਕੱਦਮੇਂ ਚਲਾਉਣ ਦੀ ਮੰਨਜੂਰੀ ਦੇ ਦਿੱਤੀ ਗਈ ਸੀ ਜਿਸ’ਤੇ ਸਿਟ ਵੱਲੋਂ ਇਹਨਾਂ ਮਾਮਲਿਆਂ ਦੇ 6 ਦੋਸ਼ੀਆਂ ਵਿਰੁੱਧ ਮਾਨਯੋਗ ਫ਼ਰੀਦਕੋਟ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਸੀ ਜਦਕਿ ਇਹਨਾਂ ਮਾਮਲਿਆਂ ਦੇ ਤਿੰਨ ਭਗੌੜੇ ਦੋਸ਼ੀਆਂ ਹਰਸ਼ ਧੂਰੀ ਪੁੱਤਰ ਅਸ਼ੋਕ ਕੁਮਾਰ ਵਾਸੀ ਧੂਰੀ, ਸੰਦੀਪ ਬਰੇਟਾ ਪੁੱਤਰ ਓਮ ਪ੍ਰਕਾਸ਼ ਵਾਸੀ ਬਰੇਟਾ ਮੰਡੀ ਅਤੇ ਪ੍ਰਦੀਪ ਕਲੇਰ ਪੁੱਤਰ ਚਾਂਦੀ ਰਾਮ ਵਾਸੀ ਕਲਾਇਤ ਜ਼ਿਲ੍ਹਾ ਕੈਥਲ ਦੇ ਗਿ੍ਰਫ਼ਤਾਰੀ ਵਾਰੰਟ ਜਾਰੀ ਕਰਨ ਦੀ ਸੂਰਤ ਵਿੱਚ ਅਜੇ ਤੱਕ ਇਹਨਾਂ ਦੀ ਗਿ੍ਰਫ਼ਤਾਰੀ ਨਾ ਹੋਂਣ ’ਤੇ ਇਹਨਾਂ ਤਿੰਨਾਂ ਦੀ ਚੱਲ ਅਚੱਲ ਜਾਇਦਾਦ ਦਾ ਵੇਰਵਾ ਵੀ ਮੰਗਿਆ ਜਾ ਚੁੱਕਾ ਹੈ। ਸੂਤਰਾਂ ਅਨੁਸਾਰ ਪ੍ਰਮੁੱਖ ਤੌਰ ’ਤੇ ਸਿਟ ਦੇ ਚੇਅਰਮੈਨ ਆਈ.ਜੀ ਐੱਸ.ਪੀ.ਐੱਸ ਪਰਮਾਰ, ਰਜਿੰਦਰ ਸਿੰਘ ਸੋਹਲ ਏ.ਆਈ.ਜੀ, ਲਖਬੀਰ ਸਿੰਘ ਪੀ.ਪੀ.ਐੱਸ. ਡੀ.ਐੱਸ.ਪੀ ਭਿੱਖੀਵਿੰਡ, ਦਲਬੀਰ ਸਿੰਘ ਮੁਖੀ ਸੀ.ਆਈ.ਏ ਸਟਾਫ਼ ਮਲੇਰ ਕੋਟਲਾ ਅਤੇ ਹੋਰ ਮੈਂਬਰਾਂ ਵੱਲੋਂ ਉਕਤ ਸਥਾਨਾਂ ਦਾ ਦੌਰਾ ਕਰਨ ਉਪ੍ਰੰਤ ਫ਼ਰੀਦਕੋਟ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ।