ਧੂਰੀ ਦੀ ਨਿਹਾਰਿਕਾ ਸਿੰਗਲਾ ਨੇ ਜੱਜ ਬਣ ਕੇ ਦਿੱਤੀ ਮਰਹੂਮ ਭਰਾ ਨੂੰ ਸ਼ਰਧਾਂਜਲੀ

10/24/2023 3:32:12 PM

ਪਟਿਆਲਾ (ਰਾਜੇਸ਼ ਪੰਜੌਲਾ) :  ‘ਹਾਰ ਹੋ ਜਾਤੀ ਹੈ ਜਬ ਮਾਨ ਲੀਆ ਜਾਤਾ ਹੈ, ਜੀਤ ਤਬ ਹੋਤੀ ਹੈ ਜਬ ਠਾਨ ਲੀਆ ਜਾਤਾ ਹੈ’। ਪ੍ਰਸਿੱਧ ਸ਼ਾਇਰ ਸ਼ਕੀਲ ਆਜ਼ਮੀ ਦੀ ਇਸ ਸ਼ਾਇਰੀ ਨੂੰ ਹਕੀਕਤ ’ਚ ਤਬਦੀਲ ਕੀਤਾ ਹੈ ਧੂਰੀ ਦੀ ਨਿਹਾਰਿਕਾ ਸਿੰਗਲਾ ਨੇ। ਨਿਹਾਰਿਕਾ ਨੇ ਪਿਛਲੇ ਦਿਨੀਂ ਐਲਾਨ ਕੀਤੇ ਗਏ ਪੰਜਾਬ ਸਿਵਲ ਸੇਵਾ (ਨਿਆਇਕ) ਪ੍ਰੀਖਿਆ ਦੇ ਨਤੀਜੇ ਵਿਚ 27ਵਾਂ ਰੈਂਕ ਹਾਸਲ ਕੀਤਾ ਹੈ।

ਜ਼ਿਕਰਯੋਗ ਹੈ ਕਿ ਨਿਹਾਰਿਕਾ ਦੇ ਭਰਾ ਸਵ. ਸਾਹਿਲ ਸਿੰਗਲਾ ਵੀ ਸਿਵਲ ਜੱਜ ਸੀ, ਜਿਨ੍ਹਾਂ ਦੀ 2020 ਵਿਚ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਸਵ. ਸਾਹਿਲ ਸਿੰਗਲਾ ਦਾ ਸੁਪਨਾ ਸੀ ਕਿ ਉਨ੍ਹਾਂ ਦੀ ਛੋਟੀ ਭੈਣ ਵੀ ਜੱਜ ਬਣੇ। ਉਹ ਨਿਹਾਰਿਕਾ ਨੂੰ ਹਮੇਸ਼ਾ ਜ਼ਿੰਦਗੀ ’ਚ ਅੱਗੇ ਵਧਣ, ਮਿਹਨਤ ਕਰਨ ਅਤੇ ਸਮਾਜ ਕਲਿਆਣ ਦੀ ਖਾਤਰ ਨਿਆਇਕ ਅਧਿਕਾਰੀ ਬਣਨ ਲਈ ਪ੍ਰੇਰਿਤ ਕਰਦੇ ਸੀ। ਉਨ੍ਹਾਂ ਦੀ ਹੀ ਪ੍ਰੇਰਨਾ ਨਾਲ ਨਿਹਾਰਿਕਾ ਨੇ ਫਿਜ਼ੀਕਸ ਵਿਚ ਬੀ.ਐੱਸ.ਸੀ. ਆਨਰਜ਼ ਕਰਨ ਤੋਂ ਬਾਅਦ ਆਪਣਾ ਫੀਲਡ ਅਤੇ ਮਨ ਦੋਨੋਂ ਬਦਲੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਲ.ਐੱਲ.ਬੀ. ਸ਼ੁਰੂ ਕੀਤੀ। ਸਾਲ 2020 ਵਿਚ ਐੱਲ.ਐੱਲ.ਬੀ. ਸ਼ੁਰੂ ਹੀ ਕੀਤੀ ਸੀ ਅਤੇ ਇਕ ਦੁਖਦ ਹਾਦਸੇ ਨੇ ਭਰਾ-ਭੈਣ ਨੂੰ ਹਮੇਸ਼ਾ ਲਈ ਜੁਦਾ ਕਰ ਦਿੱਤਾ।

ਇਹ ਵੀ ਪੜ੍ਹੋ: ਵਿਧਾਇਕ ਦਹੀਆ ਨੇ ਦਫਤਰ ਦੀ ਅਚਾਨਕ ਕੀਤੀ ਚੈਕਿੰਗ, BDPO ਮਿਲੇ ਗੈਰ-ਹਾਜ਼ਰ

ਭਰਾ ਦੀ ਚਿਤਾ ਸਾਹਮਣੇ ਨਿਹਾਰਿਕਾ ਨੇ ਇਹ ਸਹੁੰ ਚੁੱਕੀ ਕਿ ਉਹ ਆਪਣੇ ਭਰਾ ਦਾ ਸੁਪਨਾ ਪੂਰਾ ਕਰਨਗੇ। ਨਿਹਾਰਿਕਾ ਦੱਸਦੇ ਹਨ ਕਿ ਭਾਵੇਂ ਹੀ ਭਰਾ ਸਰੀਰਕ ਤੌਰ ’ਤੇ ਉਨ੍ਹਾਂ ਨਾਲ ਨਹੀਂ ਹੈ ਪਰ ਉਨ੍ਹਾਂ ਦੀਆਂ ਯਾਦਾਂ ਅਤੇ ਆਸ਼ੀਰਵਾਦ ਹਮੇਸ਼ਾ ਉਨ੍ਹਾਂ ਦੇ ਨਾਲ ਹੈ। ਐੱਲ.ਐੱਲ.ਬੀ. ਤੋਂ ਲੈ ਕੇ ਸਿਵਲ ਸੇਵਾ ਪ੍ਰੀਖਿਆ ਸਭ ਵੱਡੇ ਭਰਾ ਦੇ ਮਾਰਗ ਦਰਸ਼ਨ ’ਚ ਕੀਤੀ। ਭਰਾ ਦੇ ਬਣਾਏ ਨੋਟਸ ਪੜ੍ਹਦੀ ਤਾਂ ਇੰਝ ਲੱਗਦਾ ਉਹ ਖੁਦ ਪੜ੍ਹਾ ਰਹੇ ਹਨ। ਉਨ੍ਹਾਂ ਕਿਹਾ ਕਿ ਜੱਜ ਦੇ ਅਹੁਦੇ ’ਤੇ ਬੈਠ ਕੇ ਉਹ ਆਪਣੇ ਭਰਾ ਦੇ ਨਕਸ਼ੇ ਕਦਮਾਂ ’ਤੇ ਚੱਲਦੇ ਹੋਏ ਪੂਰੀ ਈਮਾਨਦਾਰੀ, ਮਿਹਨਤ ਅਤੇ ਲਗਨ ਨਾਲ ਆਪਣਾ ਫਰਜ਼ ਨਿਭਾਉਣਗੇ।

ਨਿਹਾਰਿਕਾ ਦੇ ਪਿਤਾ ਪ੍ਰਦੀਪ ਸਿੰਗਲਾ ਦੇਸ਼ ਭਗਤ ਕਾਲਜ ਬਿਰੜਵਾਲ ਦੇ ਟਰੱਸਟੀ ਅਤੇ ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ ਹਨ। ਨਿਹਾਰਿਕਾ ਦੇ ਜੱਜ ਬਣਨ ’ਤੇ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਅਸ਼ੋਕ ਰੌਣੀ ਅਤੇ ਉਨ੍ਹਾਂ ਦੀ ਨੂੰਹ ਜੁਡੀਸ਼ੀਅਲ ਮੈਜਿਸਟ੍ਰੇਟ ਮੋਹਾਲੀ ਵਿਸ਼ਵ ਜਯੋਤੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਜੱਜ ਵਿਸ਼ਵ ਜਯੋਤੀ ਨਿਹਾਰਿਕਾ ਦੇ ਭਰਾ ਸਵ. ਸਾਹਿਲ ਸਿੰਗਲਾ ਦੀ ਬੈਚਮੇਟ ਹਨ। ਉਨ੍ਹਾਂ ਕਿਹਾ ਕਿ ਨਿਹਾਰਿਕਾ ਦੇ ਜੱਜ ਬਣਨ ’ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ।

ਇਹ ਵੀ ਪੜ੍ਹੋ: ਸੂਬੇ ਲਈ ਰਾਹਤ ਦੀ ਖ਼ਬਰ, ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ 'ਚ ਆਈ ਗਿਰਾਵਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anuradha

Content Editor

Related News