ਭਾਰਤ ਬੰਦ ਦੇ ਤਹਿਤ ਕਿਸਾਨਾਂ ਨੇ ਮੋਗਾ-ਜਲੰਧਰ ਨੈਸ਼ਨਲ ਹਾਈਵੇ ਕੀਤਾ ਜਾਮ
Tuesday, Dec 08, 2020 - 01:59 PM (IST)
ਧਰਮਕੋਟ (ਸਤੀਸ਼): ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਅੱਜ ਭਾਰਤ ਬੰਦ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਮੋਗਾ-ਜਲੰਧਰ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਜਾਮ ਕੀਤਾ ਗਿਆ ਹੈ। ਮੋਗਾ-ਜਲੰਧਰ ਸੜਕ 'ਤੇ ਕਿਸਾਨਾਂ ਵਲੋਂ ਵੱਡੇ ਪੱਧਰ 'ਤੇ ਧਰਨਾ ਲਾਇਆ ਗਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਹ ਵੀ ਪੜ੍ਹੋ: ਦੁਨੀਆ ਨੂੰ ਅਲਵਿਦਾ ਆਖ਼ਣ ਤੋਂ ਪਹਿਲਾਂ 40 ਦਿਨਾਂ ਦੀ ਮਾਸੂਮ ਬੱਚੀ ਨੌਜਵਾਨ ਨੂੰ ਦੇ ਗਈ ਜ਼ਿੰਦਗੀ
ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਹ ਕਾਲੇ ਕਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਦਿੱਲੀ 'ਚ ਕਿਸਾਨ ਜਥੇਬੰਦੀਆਂ ਵਲੋਂ ਲਗਾਏ ਗਏ ਧਰਨੇ ਵੀ ਲਗਾਤਾਰ ਜਾਰੀ ਰਹਿਣਗੇ ਅਤੇ ਕਿਸਾਨ ਕੇਂਦਰ ਸਰਕਾਰ ਤੋਂ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਦਿੱਲੀ ਤੋਂ ਵਾਪਸ ਮੁੜਨਗੇ। ਇਸ ਮੌਕੇ ਤੇ ਇਸ ਧਰਨੇ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਅਤੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਸੰਘਰਸ਼ ਦਾ ਸਹਿਯੋਗ ਕਰਨ ਅਤੇ ਅੱਜ ਦਾ ਭਾਰਤ ਬੰਦ ਪੂਰੇ ਤੌਰ 'ਤੇ ਸਫ਼ਲ ਬਣਾਉਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਾਲ਼ੇ ਕਾਨੂੰਨ ਨੂੰ ਲੈ ਕੇ ਪੂਰੀ ਦੁਨੀਆ 'ਚ ਵਿਰੋਧ ਹੋ ਰਿਹਾ ਹੈ। ਇਸ ਮੌਕੇ ਦਿਆਲ ਸਿੰਘ ਕੈਲਾ, ਹਰਦਿਆਲ ਸਿੰਘ ਘਾਲੀ, ਉਦੇ ਬੱਡੂਵਾਲ,ਸਾਰਜ ਸਿੰਘ ਬਲਾਕ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਕੁਲਜੀਤ ਸਿੰਘ ਪੰਡੋਰੀ, ਬੂਟਾ ਸਿੰਘ ਪੰਡੋਰੀ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।
ਇਹ ਵੀ ਪੜ੍ਹੋ: ਭਾਰਤ ਬੰਦ ਦਾ ਅੰਮ੍ਰਿਤਸਰ 'ਚ ਦਿੱਸਿਆ ਅਸਰ, ਪੁਲਸ ਵਲੋਂ ਕੀਤੇ ਗਏ ਪੁਖ਼ਤਾ ਪ੍ਰਬੰਧ (ਤਸਵੀਰਾਂ)