ਵਿਕਟੇਮਾਈਜ਼ੇਸ਼ਨ ਰੱਦ ਕਰਵਾਉਣ ਲਈ ਕੀਤਾ ਪ੍ਰਦਰਸ਼ਨ
Thursday, Nov 29, 2018 - 06:36 AM (IST)

ਪਟਿਆਲਾ, (ਜੋਸਨ, ਬਲਜਿੰਦਰ)- ਪੰਜਾਬ ਦੀ ਸਰਕਾਰੀ ਸਿੱਖਿਆ ਨੂੰ ਬਚਾਉਣ ਦੇ ਮਨਸ਼ੇ ਤੋਂ ਉਤਪੰਨ ਹੋਏ ਸਾਂਝੇ ਅਧਿਆਪਕ ਮੋਰਚੇ ਦਾ ਪਟਿਆਲੇ ਵਿਖੇ ਲੱਗਾ ‘ਪੱਕਾ ਮੋਰਚਾ’ ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਦੀਆਂ ਪੁਰਜ਼ੋਰ ਕੋਝੀਆਂ ਤੇ ਆਪਹੁਦਰੀਆਂ ਚਾਲਾਂ ਦੇ ਬਾਵਜੂਦ 53ਵੇਂ ਦਿਨ ’ਚ ਦਾਖਲ ਹੋ ਗਿਆ ਹੈ।
ਇਸ ਮੌਕੇ ਅਧਿਆਪਕ ਆਗੂਆਂ ਹਰਦੀਪ ਟੋਡਰਪੁਰ, ਅਤਿੰਦਰਪਾਲ ਘੱਗਾ, ਰਮਿੰਦਰ ਪਟਿਆਲਾ, ਸੁਰਿੰਦਰ ਫਾਜ਼ਿਲਕਾ, ਦਰਸ਼ਨ ਮੋਹਾਲੀ, ਬਲਜੀਤ ਸਿੰਘ, ਪਰਮਜੀਤ ਕੌਰ, ਪ੍ਰਵੀਨ ਸ਼ਰਮਾ, ਚਮਕੌਰ ਸਿੰਘ ਤੇ ਕੁਲਦੀਪ ਮਾਨਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਬੌਧਿਕ ਕੰਗਾਲੀ ਦਾ ਇੰਨਾ ਸ਼ਿਕਾਰ ਹੋ ਚੁੱਕੀ ਹੈ ਕਿ ਇਕ ਸਕੱਤਰ ਪੱਧਰ ਦੇ ਅਧਿਕਾਰੀ ਦੇ ਹੱਥ ਸੂਬੇ ਦੀ ਵਾਗਡੋਰ ਸੰਭਾਲ ਦਿੱਤੀ ਹੈ ਜੋ ਆਏ ਦਿਨ ਕਾਂਗਰਸ ਦੀ ਵੋਟ ਬੈਂਕ ਵਿਚ ਵੱਡੇ ਪੱਧਰ ’ਤੇ ਸੰਨ੍ਹ ਲਾ ਰਿਹਾ ਹੈ। ਮੰਤਰੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਰਲ ਕੇ ਪੰਜਾਬ ਦੀ ਕਮਜ਼ੋਰ ਵਿਰੋਧੀ ਧਿਰ ਦੀ ਕਮੀ ਨੂੰ ਪੂਰਾ ਕਰ ਰਹੇ ਹਨ। ਉਹ ਸਰਕਾਰ ਦੇ ਵੋਟ ਬੈਂਕ ਦੇ ਵੱਡੇ ਹਿੱਸੇ ਨੂੰ ਖੋਰਾ ਲਾ ਕੇ ਵਿਰੋਧੀਆਂ ਦੇ ਖੇਮੇ ਵਿਚ ਭੇਜ ਰਹੇ ਹਨ।
ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਨਖਿੱਧ 94 ਫੀਸਦੀ ਅੰਕਡ਼ੇ ਨੂੰ ਇਕ ਸਨਮਾਨਯੋਗ ਸਥਿਤੀ ਵਿਚ ਲਿਆਉਣ ਖਾਤਰ ਇੰਨਾ ਬੁਖਲਾਹਟ ਵਿਚ ਆ ਚੁੱਕਾ ਹੈ ਕਿ ਸਮੂਹ ਜ਼ਿਲਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਆਪੋ-ਆਪਣੇ ਕੰਮ ਛੁਡਵਾ ਕੇ ਆਪਸ਼ਨ ਕਲਿੱਕ ਨਾ ਕਰਨ ਵਾਲੇ ਅਧਿਆਪਕਾਂ ਦੇ ਪਿੱਛੇ ਜਾਸੂਸਾਂ ਵਾਂਗ ਲਾ ਦਿੱਤਾ ਹੈ। ਸਮੂਹ ਸਿੱਖਿਆ ਦਫਤਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਸ ਦੀ ਤਾਜ਼ਾ ਉਦਾਹਰਨ ਅੱਜ ਮੋਹਾਲੀ ਦਫਤਰ ਵਿਖੇ ਦੇਖਣ ਨੂੰ ਮਿਲੀ ਜਦੋਂ ਮੁਅੱਤਲ ਅਧਿਆਪਕਾਂ ਨੂੰ ਮੋਹਾਲੀ ਜਵਾਬ ਨਾ ਦੇਣ ਕਾਰਨ ਅਗਲੇਰੀ ਕਰਵਾਈ ਕਰਨ ਲਈ ਬੁਲਾਇਆ ਗਿਆ। ਅਧਿਆਪਕਾਂ ਨੇ ਜਦੋਂ ਇਹ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਲਾ ਸਿੱਖਿਆ ਦਫ਼ਤਰਾਂ ਵਿਚ ਜਵਾਬ ਤੈਅ ਸਮੇਂ ਵਿਚ ਜਮ੍ਹਾ ਕਰਵਾ ਦਿੱਤਾ ਗਿਆ ਹੈ ਤਾਂ ਮਸਲਾ ਠੰਡਾ ਹੋ ਗਿਆ। ਪਟਿਆਲਾ ਜ਼ਿਲਾ ਵਿਚ ਅਧਿਆਪਕਾਂ ਦੇ ਮਨਾਂ ਵਿਚ ਡਰ ਪੈਦਾ ਕਰਨ ਦੀ ਮਨਸ਼ਾ ਨਾਲ ਵੱਡੇ ਪੱਧਰ ’ਤੇ ਕੀਤੀਆਂ ਬਦਲੀਆਂ ਦਾ ਫੌਰੀ ਰੀਐਕਸ਼ਨ ਲੈਂਦਿਆਂ ਸਾਂਝੇ ਅਧਿਆਪਕ ਮੋਰਚੇ ਦਾ ਇਕ ਵਫਦ ਜ਼ਿਲਾ ਸਿੱਖਿਆ ਅਫਸਰ ਨੂੰ ਮਿਲਿਆ ਅਤੇ ਕੀਤੀਆਂ ਬਦਲੀਆਂ ਦਾ ਵਿਰੋਧ ਜਤਾਇਆ। ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਬਦਲੀਆਂ ਨੂੰ ਵਾਪਸ ਨਾ ਲਿਆ ਗਿਆ ਤਾਂ ਡੀ. ਈ. ਓ ਦਫਤਰ ਵਿਰੁੱਧ ਤਿੱਖਾ ਐਕਸ਼ਨ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ 2 ਦਸੰਬਰ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ। ਇਹ ਹੰਕਾਰੀ ਸਰਕਾਰ ਨੂੰ ਗੋਡਿਆਂ ਭਾਰ ਲਿਆ ਕੇ ਮੰਗਾਂ ਮੰਨਣ ਲਈ ਮਜਬੂਰ ਕਰ ਦੇਵੇਗੀ।