ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਦਿੱਲੀ-ਲੁਧਿਆਣਾ ਮੁੱਖ ਮਾਰਗ ''ਤੇ ਲੱਗੇ ਕੂੜੇ ਦੇ ਢੇਰ

06/25/2019 12:18:26 PM

ਸੰਗਰੂਰ (ਯਾਦਵਿੰਦਰ) - ਰਿਆਸਤੀ ਸ਼ਹਿਰ ਸੰਗਰੂਰ 'ਚੋਂ ਲੰਘਣ ਵਾਲੇ ਦਿੱਲੀ-ਲੁਧਿਆਣਾ ਮੁੱਖ ਮਾਰਗ 'ਤੇ ਲੱਗਦੇ ਕੂੜੇ ਦੇ ਢੇਰ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਪਰ ਪ੍ਰਸ਼ਾਸਨ ਵਲੋਂ ਇਸ ਸਮੱਸਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਸਮੱਸਿਆ ਦੇ ਸਬੰਧ 'ਚ ਲੋਕ ਕਈ ਵਾਰ ਡਿਪਟੀ ਕਮਿਸ਼ਨਰ ਦੇ ਦਰਬਾਰ ਗੁਹਾਰ ਲਗਾ ਚੁੱਕੇ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸੇ ਰੋਡ 'ਤੇ ਖੁਦ ਡਿਪਟੀ ਕਮਿਸ਼ਨਰ ਸੰਗਰੂਰ ਦੀ ਰਿਹਾਇਸ਼ ਹੈ, ਜਿਸ ਤੋਂ ਕੁਝ ਦੂਰੀ 'ਤੇ ਕੂੜੇ ਦੇ ਢੇਰ ਲੱਗਦੇ ਹਨ। ਇਥੋਂ ਲੰਘਣ ਵਲੇ ਵਾਹਨ ਚਾਲਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਇਸ ਸ਼ਹਿਰ 'ਚੋਂ ਲੰਘਣ ਵਾਲੀ ਇਸ ਸੜਕ 'ਤੇ ਹਰ ਸਮੇਂ ਟ੍ਰੈਫਿਕ ਦੀ ਬਹੁਤਾਤ ਰਹਿੰਦੀ ਹੈ ਅਤੇ ਕੂੜੇ ਦੇ ਢੇਰ ਕਾਰਨ ਹਮੇਸ਼ਾ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਦੀ ਮੰਗ ਹੈ ਕਿ ਜ਼ਿਲਾ ਪ੍ਰਸ਼ਾਸਨ ਅਧਿਕਾਰੀ ਦਿਲੀ-ਲੁਧਿਆਣਾ ਮੁੱਖ ਮਾਰਗ 'ਤੇ ਲੱਗਦੇ ਇਸ ਕੂੜੇ ਦੇ ਢੇਰਾਂ ਤੇ ਰੇਤਾ ਦੇ ਢੇਰਾਂ ਨੂੰ ਪਹਿਲ ਦੇ ਆਧਾਰ 'ਤੇ ਬੰਦ ਕਰਾਉਣ।

ਪ੍ਰਸ਼ਾਸਨ ਨੂੰ ਹਾਦਸਾ ਵਾਪਰਨ ਦੀ ਹੈ ਉਡੀਕ 
ਦਿੱਲੀ-ਲੁਧਿਆਣਾ ਮੁੱਖ ਮਾਰਗ 'ਤੇ ਲੱਗਦੇ ਕੂੜੇ ਦੇ ਢੇਰਾਂ ਸਬੰਧੀ ਗੱਲ ਕਰਦਿਆਂ ਸਮਾਜ ਸੇਵੀ ਸੰਸਥਾ ਨੋਬਲ ਹੈਲਪਿੰਗ ਹੈਡਸ ਫਾਉਂਡੇਸ਼ਨ ਦੇ ਮੈਂਬਰਾਂ ਸਤਿੰਦਰ ਸੈਣੀ, ਅਸ਼ਵਨੀ ਸ਼ਰਮਾ, ਰਸ਼ਪਾਲ ਟਿੱਪੂ ਤੇ ਮੈਡਮ ਮਨਦੀਪ ਕੌਰ ਨੇ ਕਿਹਾ ਕਿ ਉਕਤ ਮਾਮਲੇ ਦੇ ਸਬੰਧ 'ਚ ਅਸੀਂ ਕਈ ਵਾਰ ਜ਼ਿਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮਿਲ ਕੇ ਬੇਨਤੀਆਂ ਕਰ ਚੁੱਕੇ ਹਾਂ ਪਰ ਅਜੇ ਤੱਕ ਇਸ ਦਾ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼ਾਇਦ ਇਸ ਮਾਮਲੇ ਪ੍ਰਤੀ ਅਣਗਿਹਲੀ ਵਰਤ ਰਿਹਾ ਸਾਡਾ ਪ੍ਰਸ਼ਾਸਨ ਇਥੇ ਕਿਸੇ ਵੱਡੇ ਹਾਦਸੇ ਵਾਪਰਨ ਦੀ ਉਡੀਕ 'ਚ ਹੈ, ਜਿਸ ਤੋਂ ਬਾਅਦ ਇਸ ਦਾ ਹੱਲ ਕੀਤਾ ਜਾਵੇਗਾ।


rajwinder kaur

Content Editor

Related News