ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਦਾ ਚੁੱਪ-ਚੁਪੀਤੇ ਸਰਵੇਖਣ ਕਰਨ ਪਹੁੰਚੀ ਟੀਮ ਨੂੰ ਕਿਸਾਨਾਂ ਨੇ ਬਣਾਇਆ ਬੰਦੀ

12/15/2020 12:47:48 AM

ਭਵਾਨੀਗੜ੍ਹ,(ਵਿਕਾਸ, ਸੰਜੀਵ) : ਭਵਾਨੀਗੜ੍ਹ ਇਲਾਕੇ ਦੇ ਪਿੰਡਾਂ 'ਚੋਂ ਦੀ ਹੋ ਕੇ ਲੰਘਣ ਵਾਲੇ ਪ੍ਰਸਤਾਵਿਤ ਦਿੱਲੀ-ਕਟੜਾ ਐੱਕਸਪ੍ਰੈੱਸ ਵੇਅ ਲਈ ਅੱਜ ਪਿੰਡ ਹਰਕਿਸ਼ਨਪੁਰਾ ਦੇ ਖੇਤਾਂ 'ਚ ਸਰਵੇ ਕਰਨ ਪਹੁੰਚੇ ਸੜਕ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀਆਂ ਦਾ ਕਿਸਾਨਾਂ ਨੇ ਘਿਰਾਓ ਕਰ ਲਿਆ ਅਤੇ ਉਨ੍ਹਾਂ ਨੂੰ ਨੇੜੇ ਹੀ ਪਿੰਡ ਰੋਸ਼ਨਵਾਲਾ ਵਿਖੇ ਦਿੱਲੀ-ਕਟੜਾ ਐਕਸਪ੍ਰੈੱਸ ਕਿਸਾਨ ਸੰਘਰਸ਼ ਕਮੇਟੀ (ਸੰਗਰੂਰ-ਪਟਿਆਲਾ) ਵੱਲੋਂ ਲਗਾਏ ਗਏ ਧਰਨੇ ਵਿੱਚ ਲਿਆਂਦਾ ਤੇ ਕਰੀਬ ਤਿੰਨ ਘੰਟੇ ਤੱਕ ਬੰਦੀ ਬਣਾ ਕੇ ਬਿਠਾਈ ਰੱਖਿਆ। ਬਾਅਦ ਵਿੱਚ ਐੱਸ. ਡੀ. ਐਮ. ਭਵਾਨੀਗੜ੍ਹ ਵੱਲੋਂ ਕਿਸਾਨਾਂ ਨੂੰ ਦਿੱਤੇ ਭਰੋਸੇ ਮਗਰੋਂ ਅਧਿਕਾਰੀਆਂ ਨੂੰ ਜਾਣ ਦਿੱਤਾ ਗਿਆ। ਇਸ ਸਬੰਧੀ ਸੰਘਰਸ਼ ਕਮੇਟੀ ਦੇ ਆਗੂ ਜੋਗਾ ਸਿੰਘ ਫੱਗੂਵਾਲਾ, ਹਰਮਨਪ੍ਰੀਤ ਸਿੰਘ ਡਿੱਕੀ ਜੈਜੀ, ਪ੍ਰਦੀਪ ਸਿੰਘ, ਬਲਜਿੰਦਰ ਸਿੰਘ ਕਪਿਆਲ, ਬਲਵੀਰ ਸਿੰਘ ਬਾਸੀਅਰਕ, ਮਨਜੀਤ ਸਿੰਘ ਟਿਵਾਣਾ ਨੇ ਕਿਹਾ ਕਿ ਕਮੇਟੀ ਵੱਲੋਂ ਜਿਲ੍ਹਾ ਪ੍ਰਸ਼ਾਸਨ ਨੂੰ ਪਹਿਲਾਂ ਹੀ ਸਪੱਸ਼ਟ ਕੀਤਾ ਗਿਆ ਸੀ ਕਿ ਜਦੋਂ ਤਕ ਦਿੱਲੀ ਵਿਖੇ ਕਿਸਾਨ ਅੰਦੋਲਨ 'ਚੋਂ ਕਿਸਾਨ ਜਿੱਤ ਕੇ ਵਾਪਸ ਨਹੀਂ ਆਉਂਦੇ ਉਨ੍ਹਾਂ ਸਮਾਂ ਉਹ ਨੈਸ਼ਨਲ ਹਾਈਵੇਅ ਅਥਾਰਿਟੀ ਜਾਂ ਕੰਪਨੀ ਨੂੰ ਐਕਸਪ੍ਰੈੱਸ ਵੇਅ ਬਣਾਉਣ ਲਈ ਆਪਣੇ ਖੇਤਾਂ 'ਚ ਕਿਸੇ ਵੀ ਪ੍ਰਕਾਰ ਦਾ ਸਰਵੇ ਨਹੀਂ ਹੋਣ ਦੇਣਗੇ ਪਰ ਇਸ ਦੇ ਬਾਵਜੂਦ ਸੋਮਵਾਰ ਨੂੰ ਧਰਨੇ ਨੇੜੇ ਪਿੰਡ ਹਰਕਿਸ਼ਨਪੁਰਾ ਵਿਖੇ ਸੜਕ ਬਣਾਉਣ ਵਾਲੀ ਕੰਪਨੀ ਦੀ ਇੱਕ ਟੀਮ ਚੁੱਪ-ਚੁਪੀਤੇ ਨਿਰੀਖਣ ਕਰਨ ਲਈ ਆ ਪਹੁੰਚੀ ਤੇ ਟੀਮ ਸੜਕ ਦੀ ਮਿਨਤੀ ਕਰਨ ਲੱਗ ਪਈ, ਜਿਸ ਸਬੰਧੀ ਭਿੰਨਕ ਪੈਣ 'ਤੇ ਕਿਸਾਨਾਂ ਨੇ ਟੀਮ ਦਾ ਘਿਰਾਓ ਕਰ ਕੇ ਉਨ੍ਹਾਂ ਨੂੰ ਧਰਨੇ ਵਿੱਚ ਲਿਆਂਦਾ ਤੇ ਬੰਦੀ ਬਣਾ ਬਿਠਾ ਲਿਆ। ਬਾਅਦ ਵਿੱਚ ਸੂਚਨਾ ਮਿਲਣ 'ਤੇ ਧਰਨੇ ਵਾਲੀ ਜਗ੍ਹਾ 'ਤੇ ਪਹੁੰਚੀ ਪੁਲਸ ਨੇ ਕਿਸਾਨਾਂ ਦੇ ਰੋਹ ਨੂੰ ਭਾਂਪਦਿਆਂ ਬੰਦੀ ਬਣਾਏ ਟੀਮ ਦੇ ਮੈਂਬਰਾਂ ਨੂੰ ਆਪਣੇ ਨਾਲ ਥਾਣੇ ਲੈ ਗਈ ਤੇ ਉਨ੍ਹਾਂ ਨੂੰ ਐੱਸ. ਡੀ. ਐਮ. ਭਵਾਨੀਗੜ੍ਹ ਦੇ ਸਾਹਮਣੇ ਪੇਸ਼ ਕੀਤਾ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਸੰਘਰਸ਼ ਕਮੇਟੀ ਨੂੰ ਐੱਸ. ਡੀ. ਐਮ. ਭਵਾਨੀਗੜ ਨੇ ਇਸ ਪ੍ਰੋਜੈਕਟ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਭਰੋਸਾ ਦਵਾਇਆ ਹੈ ਕਿ ਭਵਿੱਖ ਵਿੱਚ ਕੋਈ ਵੀ ਅਧਿਕਾਰੀ ਜਾਂ ਕਿਸੇ ਕੰਪਨੀ ਵੱਲੋਂ ਭੇਜੀ ਗਈ ਟੀਮ ਸਥਾਨਕ ਪ੍ਰਸਾਸ਼ਨ ਜਾਂ ਸੰਘਰਸ਼ ਕਮੇਟੀ ਨੂੰ ਦੱਸੇ ਵਗੈਰ ਕਿਸੇ ਪ੍ਰਕਾਰ ਦਾ ਸਰਵੇਖਣ ਨਹੀਂ ਕਰੇਗੀ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਵੱਲੋਂ ਟੀਮ ਦੇ ਮੈਂਬਰਾਂ ਨੂੰ ਜਾਣ ਦਿੱਤਾ ਗਿਆ।  

ਬਿਨ੍ਹਾਂ ਮਨਜ਼ੂਰੀ ਤੋਂ ਪਹੁੰਚੀ ਸੀ ਟੀਮ : ਐੱਸ.ਡੀ. ਐਮ
ਡਾ. ਕਰਮਜੀਤ ਸਿੰਘ ਐਸ.ਡੀ.ਐਮ. ਭਵਾਨੀਗੜ੍ਹ ਨੇ ਕਿਹਾ ਕਿ ਸਰਵੇਖਣ ਕਰਨ ਆਏ ਕੰਪਨੀ ਦੇ ਮੁਲਾਜ਼ਮ ਕੋਈ ਮਨਜ਼ੂਰੀ ਜਾਂ ਕੋਈ ਹੋਰ ਸਬੰਧਤ ਦਸਤਾਵੇਜ ਪੇਸ਼ ਨਹੀਂ ਕਰ ਸਕੇ। ਜਿਸ ਤੋਂ ਬਾਅਦ ਅਸੀਂ ਉਨ੍ਹਾਂ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਤਾੜਨਾ ਕੀਤੀ ਹੈ ਕਿ ਅੱਗੇ ਤੋਂ ਸਰਵੇਖਣ ਕਰਨ ਲਈ ਦੌਰੇ 'ਤੇ ਆਉਣ ਵਾਲੀ ਕੋਈ ਵੀ ਟੀਮ ਪਹਿਲਾਂ ਪ੍ਰਸਾਸ਼ਨ ਨੂੰ ਸੂਚਿਤ ਕਰਨਾ ਯਕੀਨੀ ਬਣਾਏਗੀ।

 


Deepak Kumar

Content Editor

Related News