ਮਜ਼ਦੂਰ ਜਥੇਬੰਦੀਆਂ ਵੱਲੋਂ ਲਾਏ ਧਰਨੇ ਦੌਰਾਨ ਮਜ਼ਦੂਰ ਦੀ ਮੌਤ
Tuesday, May 19, 2020 - 01:43 AM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ)- ਮਜ਼ਦੂਰ ਔਰਤਾਂ ਵੱਲੋਂ ਸਵੈਰੁਜ਼ਗਾਰ ਲਈ ਗਰੁੱਪ ਬਣਾ ਕੇ ਲਏ ਕਰਜਿਆਂ ਦੇ ਲਾਕਡਾਊਨ ਕਾਰਨ ਭੁਗਤਾਣ ਨਾ ਕਰਨ ’ਤੇ ਮਾਈਕਰੋ ਫਾਈਨਾਂਸ ਕੰਪਨੀਆਂ ਦੁਆਰਾ ਜਬਰੀ ਕਿਸ਼ਤਾਂ ਦੀ ਵਸੂਲੀ ਖਿਲਾਫ ਤੇ ਹੋਰ ਮੰਗਾਂ ਲਈ ਨੌਜਵਾਨ ਭਾਰਤ ਸਭਾ ਅਤੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਅੱਜ ਦਲਿਤ ਔਰਤਾਂ ਨੇ ਮਾਈਕਰੋ ਫਾਈਨਾਂਸ ਕੰਪਨੀਆਂ ਖਿਲਾਫ ਐੱਸ. ਡੀ. ਐੱਮ. ਦਫਤਰ ਨਿਹਾਲ ਸਿੰਘ ਵਾਲਾ ਅੱਗੇ ਰੋਸ ਮੁਜ਼ਾਹਰਾ ਕਰ ਕੇ ਐੱਸ. ਡੀ. ਐੱਮ. ਨੂੰ ਮੰਗ-ਪੱਤਰ ਦਿੱਤਾ। ਧਰਨੇ ਦੌਰਾਨ ਇਕ ਮਜ਼ਦੂਰ ਕੇਵਲ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਸ ਤੋਂ ਭੜਕੇ ਮਜ਼ਦੂਰਾਂ ਵੱਲੋਂ ਪ੍ਰਸ਼ਾਸਨ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਮ੍ਰਿਤਕ ਮਜ਼ਦੂਰ ਦਾ ਸੰਸਕਾਰ ਕਰਨ ਤੋਂ ਇਨਕਾਰ ਕਰਦਿਆਂ ਮ੍ਰਿਤਕ ਕੇਵਲ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁਆਵਜ਼ਾ ਅਤੇ ਨੌਕਰੀ ਨਾ ਮਿਲਣ ਤੱਕ ਉਹ ਮਜ਼ਦੂਰ ਦਾ ਸੰਸਕਾਰ ਨਹੀਂ ਕਰਨਗੇ।