ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ

Thursday, Sep 19, 2019 - 08:04 PM (IST)

ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ

ਬੱਸੀ ਪਠਾਣਾਂ, (ਰਾਜਕਮਲ)— ਬੱਸੀ ਪਠਾਣਾਂ ਦੇ ਨੇੜਲੇ ਪਿੰਡ ਡਡਿਆਣਾ ਨੰਦਪੁਰ ਰੋਡ 'ਤੇ ਸੜਕ ਦੁਰਘਟਨਾ ਵਿਚ ਇਕ 28 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ ਜਿਸਦੀ ਪਛਾਣ ਅਮਨਦੀਪ ਸਿੰਘ ਪੁੱਤਰ ਸਵ. ਜਸਵੀਰ ਸਿੰਘ ਪਿੰਡ ਸੈਂਪਲਾ ਦੇ ਤੌਰ 'ਤੇ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੰਵਰਪਾਲ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਅਮਨਦੀਪ ਸਿੰਘ ਦੇ ਦਾਦਾ ਬਲਵੰਤ ਸਿੰਘ ਵਲੋਂ ਪੁਲਸ ਕੋਲ ਦਰਜ ਕਰਵਾਏ ਗਏ ਬਿਆਨਾਂ ਮੁਤਾਬਕ ਅਮਨਦੀਪ ਸਿੰਘ ਦਾ ਵਿਆਹ 4 ਸਾਲ ਪਹਿਲਾਂ ਪਿੰਡ ਪਮੋਰ ਦੀ ਸਰਬਜੀਤ ਕੌਰ ਪੁੱਤਰੀ ਸਕਿੰਦਰ ਸਿੰਘ ਨਾਲ ਹੋਇਆ ਸੀ, ਜਿਸਦੀ ਕਰੀਬ 2 ਸਾਲ ਦੀ ਇਕ ਲੜਕੀ ਵੀ ਹੈ। ਮ੍ਰਿਤਕ ਸ਼ਰਾਬ ਪੀਣ ਦਾ ਆਦੀ ਸੀ। 18 ਸਤੰਬਰ ਨੂੰ ਉਹ ਸਵੇਰੇ 11 ਵਜੇ ਆਪਣੇ ਮੋਟਰਸਾਈਕਲ ਹੌਂਡਾ ਸਪਲੈਂਡਰ 'ਤੇ ਸਵਾਰ ਹੋ ਕੇ ਘਰੋਂ ਗਿਆ ਸੀ ਜੋ ਰਾਤ ਤੱਕ ਘਰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਵਲੋਂ ਉਸ ਦੀ ਭਾਲ ਵੀ ਕੀਤੀ ਜਾ ਰਹੀ ਸੀ। ਵੀਰਵਾਰ ਕਰੀਬ 7.30 ਵਜੇ ਸਵੇਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਚੱਲਿਆ ਕਿ ਡਡਿਆਣਾ ਨੰਦਪੁਰ ਰੋਡ 'ਤੇ ਇਕ ਨੌਜਵਾਨ ਖੇਤਾਂ 'ਚ ਡਿੱਗਿਆ ਪਿਆ ਹੈ। ਉਨ੍ਹਾਂ ਨੇ ਜਦੋਂ ਜਾ ਕੇ ਦੇਖਿਆ ਗਿਆ ਤਾਂ ਉਹ ਅਮਨਦੀਪ ਸਿੰਘ ਸੀ ਜੋ ਕਿ ਸੜਕ ਦੁਰਘਟਨਾ ਦੌਰਾਨ ਇਕ ਪੁਲੀ ਨਾਲ ਟਕਰਾ ਕੇ ਖੇਤਾਂ 'ਚ ਜਾ ਡਿੱਗਿਆ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵਲੋਂ ਮ੍ਰਿਤਕ ਦੇ ਦਾਦਾ ਬਲਵੰਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ ਹੈ।


author

KamalJeet Singh

Content Editor

Related News