ਤੇਜ਼ ਰਫਤਾਰ ਕਾਰ ਦੀ ਲਪੇਟ ''ਚ ਆਉਣ ਕਾਰਨ ਔਰਤ ਦੀ ਮੌਤ

07/02/2019 2:14:00 AM

ਮੰਡੀ ਗੋਬਿੰਦਗੜ੍ਹ (ਮੱਗੋ)— ਮੰਡੀ ਗੋਬਿੰਦਗੜ੍ਹ ਦੀ ਪੁਲਸ ਨੇ ਸੜਕ ਦੁਰਘਟਨਾ 'ਚ ਹੋਈ ਔਰਤ ਦੀ ਮੌਤ ਸਬੰਧੀ ਅਣਪਛਾਤੇ ਡਰਾਈਵਰ ਖਿਲਾਫ ਮੁੱਕਦਮਾ ਦਰਜ ਕੀਤਾ ਹੈ। ਪੁਲਸ ਨੂੰ ਨਰਾਤਾ ਰਾਮ ਪੁੱਤਰ ਦਾਰੀ ਰਾਮ ਵਾਸੀ ਪਿੰਡ ਕੁੰਭੜਾ ਥਾਣਾ ਗੋਬਿੰਦਗੜ੍ਹ ਨੇ ਬਿਆਨ ਦਿੱਤਾ ਸੀ ਕਿ ਉਹ ਆਪਣੀ ਭਰਜਾਈ ਸੁਨੀਤਾ ਦੇਵੀ ਨਾਲ ਮੰਡੀ ਗੋਬਿੰਦਗੜ੍ਹ ਵਿਚ ਕਿਸੇ ਕੰਮਕਾਰ ਤੋਂ ਬਾਅਦ ਥ੍ਰੀ-ਵ੍ਹੀਲਰ 'ਤੇ ਵਿਸ਼ਵਨਾਥ ਕੰਡੇ ਕੋਲ ਉਤਰ ਕੇ ਮੇਨ ਹਾਈਵੇਅ ਕਰਾਸ ਕਰਨ ਲੱਗੇ ਤਾਂ ਉਸ ਦੀ ਭਰਜਾਈ ਸੁਨੀਤਾ ਦੇਵੀ ਉਸ ਤੋਂ 5-6 ਕਦਮ ਅੱਗੇ ਰੋਡ ਕਰਾਸ ਕਰ ਰਹੀ ਸੀ, ਰੋਡ ਕਰਾਸ ਕਰਦੇ ਸਮੇਂ ਇਕ ਕਾਰ ਨੇ ਉਸ ਦੀ ਭਰਜਾਈ ਸੁਨੀਤਾ 'ਚ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਸੜਕ 'ਤੇ ਡਿੱਗ ਗਈ ਤੇ ਉਸ ਦੀ ਮੌਕੇ 'ਤੇ ਹੀ ਮੋਤ ਹੋ ਗਈ ਤੇ ਗੱਡੀ ਦਾ ਡਰਾਈਵਰ ਗੱਡੀ ਲੈ ਕੇ ਫਰਾਰ ਹੋ ਗਿਆ। ਪੁਲਸ ਨੂੰ ਸੂਚਨਾ ਮਿਲਣ 'ਤੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਤੇ ਹੌਲਦਾਰ ਸਮਸ਼ੇਰ ਸਿੰਘ ਨੇ ਘਟਨਾ ਸਥਾਨ 'ਤੇ ਪੁੱਜ ਕੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਗੋਬਿੰਦਗੜ੍ਹ 'ਚੋਂ ਪੋਸਟਮਾਰਟਮ ਉਪਰੰਤ ਅੰਤਮ ਸਸਕਾਰ ਲਈ ਵਾਰਸਾਂ ਹਵਾਲੇ ਕਰ ਦਿੱਤੀ। ਇਸ ਮੌਕੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਫਰਾਰ ਹੋਏ ਅਣਪਛਾਤੇ ਡਰਾਈਵਰ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਸੁਨੀਤਾ ਦੇਵੀ ਦੀਆਂ ਤਿੰਨ ਲੜਕੀਆਂ ਤੇ ਇਕ ਲੜਕਾ ਹੈ।


KamalJeet Singh

Content Editor

Related News