ਸਵੈ ਰੋਜ਼ਗਾਰ ਲਈ ਜ਼ਿਲ੍ਹੇ ਅੰਦਰ ਲਗਾਏ ਜਾ ਰਹੇ ਲੋਨ ਮੇਲਿਆਂ ਦਾ ਲਾਹਾ ਲੈਣ ਨੌਜਵਾਨ : ਡੀ.ਸੀ ਮਾਨਸਾ

12/05/2020 1:44:02 AM

ਮਾਨਸਾ : ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਦਸੰਬਰ ਮਹੀਨੇ ਦੌਰਾਨ ਜ਼ਿਲ੍ਹਾ ਮਾਨਸਾ ਵਿੱਚ ਲੱਗਣ ਵਾਲੇ ਸਵੈ-ਰੋਜ਼ਗਾਰ ਲੋਨ ਮੇਲਿਆਂ ਦੀ ਲੜੀ ਤਹਿਤ ਅੱਜ ਪਹਿਲਾ ਮੇਲਾ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਵਿਖੇ ਲਗਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਲੱਗ ਰਹੇ ਲੋਨ ਮੇਲੇ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਵੈ-ਰੁਜ਼ਗਾਰ ਨੂੰ ਪ੍ਰਫੁੱਲਤ ਕਰਨ ਲਈ ਇਨ੍ਹਾਂ ਲੋਨ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਮੇਲਿਆਂ ਦੌਰਾਨ ਜਿਹੜੇ ਪ੍ਰਾਰਥੀਆਂ ਦੀਆਂ ਦਰਖ਼ਾਸਤਾਂ ਆਉਣਗੀਆਂ, ਉਨ੍ਹਾਂ ਨੂੰ ਜਲਦ ਤੋਂ ਜਲਦ ਯੋਗਤਾ ਅਨੁਸਾਰ ਲੋਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੇਲੇ 'ਚ 7 ਰਾਸ਼ਟਰੀ ਪੱਧਰ ਦੇ ਬੈਂਕ ਪਹੁੰਚੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 4 ਮੇਲੇ ਲਗਾਏ ਜਾਣੇ ਹਨ। ਜਿਸ ਤਹਿਤ ਅੱਜ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਵਿਖੇ ਸਵੈ-ਰੁਜ਼ਗਾਰ ਮੇਲਾ ਲਗਾਇਆ ਗਿਆ ਹੈ। ਇਸੇ ਤਰ੍ਹਾਂ ਦੂਜਾ ਮੇਲਾ 11 ਦਸੰਬਰ ਨੂੰ ਸਰਕਾਰੀ ਆਈ. ਟੀ. ਆਈ. ਬੁਢਲਾਡਾ, ਤੀਜਾ ਮੇਲਾ 18 ਦਸੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ (ਮਾਨਸਾ ਰੋਡ ਨੇੜੇ ਘੱਗਰ ਦਰਿਆ, ਸਰਦੂਲਗੜ੍ਹ) ਅਤੇ ਚੌਥਾ ਮੇਲਾ ਮੁੜ ਤੋਂ 29 ਦਸੰਬਰ 2020 ਨੂੰ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਵਿਖੇ ਕੀਤਾ ਜਾਣਾ ਹੈ।
ਉਨ੍ਹਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਜੋ ਕਿ ਕਿਸੇ ਵੀ ਪ੍ਰਕਾਰ ਦਾ ਸਵੈ-ਰੋਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਆਪਣੇ ਕਾਰੋਬਾਰ ਨੂੰ ਹੋਰ ਵਧਾਉਣਾ ਚਾਹੁੰਦੇ ਹਨ, ਉਹ ਇਨ੍ਹਾਂ ਲੋਨ ਮੇਲਿਆਂ ਦਾ ਲਾਭ ਜ਼ਰੂਰ ਲੈਣ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਹਰਪ੍ਰੀਤ ਮਾਨਸਾਹੀਆ ਨੇ ਦੱਸਿਆ ਕਿ ਪ੍ਰਾਰਥੀ ਪ੍ਰਧਾਨ ਮੰਤਰੀ ਇੰਮਲਾਇਮੈਂਟ ਜਨਰੇਸ਼ਨ ਪ੍ਰੋਗਰਾਮ, ਸਟੈਂਡਅਪ ਇੰਡੀਆ ਅਤੇ ਪ੍ਰਧਾਨ ਮੰਤਰੀ ਮੁੰਦਰਾ ਲੋਨ ਆਦਿ ਸਕੀਮਾਂ ਅਧੀਨ ਲੋਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਇੰਮਲਾਇਮੈਂਟ ਜਨਰੇਸ਼ਨ ਪ੍ਰੋਗਰਾਮ ਅਧੀਨ ਪ੍ਰਾਰਥੀ ਸਰਵਿਸ ਯੂਨਿਟ ਲਈ 10 ਲੱਖ ਰੁਪਏ ਅਤੇ ਮੈਨੂਫੈਕਚਰਿੰਗ ਯੂਨਿਟ ਲਈ 25 ਲੱਖ ਰੁਪਏ ਤੱਕ ਦਾ ਲੋਨ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਐਸ.ਸੀ. ਕੈਟਾਗਿਰੀ ਦੇ ਪ੍ਰਾਰਥੀ ਅਤੇ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਚਾਹਵਾਨ ਔਰਤਾਂ ਸਟੈਂਡਅਪ ਇੰਡੀਆ ਸਕੀਮ ਅਧੀਨ ਸਰਵਿਸ ਅਤੇ ਮੈਨੂਫੈਕਚਰਿੰਗ ਯੂਨਿਟ ਲਈ 10 ਤੋਂ ਲੈ ਕੇ 1 ਕਰੋੜ ਤੱਕ ਦਾ ਲੋਨ ਲੈ ਸਕਦੇ ਹਨ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਚਾਹਵਾਨ ਪ੍ਰਾਰਥੀ ਮੁੰਦਰਾ ਯੋਜਨਾ ਅਧੀਨ ਵੀ 50 ਹਜ਼ਾਰ ਤੋਂ ਲੈ ਕੇ 10 ਲੱਖ ਦਾ ਲੋਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮੁੰਦਰਾ ਲੋਨ ਅਪਲਾਈ ਕਰਨ ਲਈ ਪ੍ਰਾਰਥੀ ਨੂੰ ਕਿਸੇ ਵੀ ਪ੍ਰਕਾਰ ਦੀ ਸਿਕਓਰਿਟੀ ਦੀ ਜ਼ਰੂਰਤ ਨਹੀਂ ਪੈਂਦੀ।


Deepak Kumar

Content Editor

Related News