ਡੀ. ਸੀ. ਵੱਲੋਂ  ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ

10/18/2018 10:00:17 AM

ਸੰਗਰੂਰ (ਬੇਦੀ, ਹਰਜਿੰਦਰ, ਰੂਪਕ)— ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਬੁੱੱਧਵਾਰ ਨੂੰ ਅਨਾਜ ਮੰਡੀ ਸੰਗਰੂਰ ਦਾ ਦੌਰਾ ਕਰ ਕੇ ਝੋਨੇ ਦੀ ਸਰਕਾਰੀ ਖਰੀਦ ਦਾ ਜਾਇਜ਼ਾ ਲਿਆ ਅਤੇ ਸਬੰਧਤ ਏਜੰਸੀਆਂ ਦੇ ਜ਼ਿਲਾ ਮੈਨੇਜਰਾਂ ਨੂੰ ਖਰੀਦ 'ਚ ਤੇਜ਼ੀ ਲਿਆਉਣ ਦੇ ਹੁਕ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਮੰਡੀਆਂ 'ਚ ਕਿਸਾਨਾਂ ਦੀਆਂ ਸੁਵਿਧਾਵਾਂ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ, ਚੁਕਾਈ ਤੇ ਅਦਾਇਗੀ ਸਬੰਧੀ ਲਗਾਤਾਰ ਚੌਕਸੀ ਰੱਖੀ ਜਾਵੇ ਅਤੇ ਜਿਣਸ ਲਿਆਉਣ ਵਾਲੇ ਕਿਸਾਨਾਂ ਨੂੰ ਝੋਨੇ 'ਚ ਨਮੀ ਦੀ ਮਾਤਰਾ ਬਾਰੇ ਲਗਾਤਾਰ ਜਾਗਰੂਕ ਕੀਤਾ ਜਾਵੇ।

ਸ਼੍ਰੀ ਥੋਰੀ ਨੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਦੱਸਿਆ ਕਿ ਸ਼ਾਮ ਸਮੇਂ ਕੰਬਾਈਨਾਂ ਨਾਲ ਕਟਾਈ ਨਾ ਕੀਤੀ ਜਾਵੇ ਅਤੇ ਹਰੇਕ ਕੰਬਾਈਨ 'ਤੇ ਐੱਸ. ਐੱਮ. ਐੱਸ. ਪ੍ਰਣਾਲੀ ਨੂੰ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜ਼ਿਲੇ ਦੀਆਂ ਅਨਾਜ ਮੰਡੀਆਂ 'ਚ ਝੋਨੇ ਦੀ ਖਰੀਦ ਪ੍ਰਕਿਰਿਆ ਨਿਰਵਿਘਨ ਚੱਲ ਰਹੀ ਹੈ ਅਤੇ 16 ਅਕਤੂਬਰ ਦੀ ਸ਼ਾਮ ਤੱਕ ਮੰਡੀਆਂ 'ਚ 89 ਹਜ਼ਾਰ 291 ਮੀਟ੍ਰਿਕ ਟਨ ਝੋਨਾ ਆਇਆ, ਜਿਸ 'ਚੋਂ 66 ਹਜ਼ਾਰ 287 ਮੀਟ੍ਰਿਕ ਟਨ ਦੀ ਖਰੀਦ ਕਰ ਲਈ ਗਈ ਹੈ ਅਤੇ ਕਿਸਾਨਾਂ ਨੂੰ 68 ਕਰੋੜ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਵੱਲੋਂ 23 ਹਜ਼ਾਰ 308 ਮੀਟ੍ਰਿਕ ਟਨ,  ਮਾਰਕਫੈੱਡ ਵੱਲੋਂ 14 ਹਜ਼ਾਰ 585 ਮੀਟ੍ਰਿਕ ਟਨ, ਪਨਸਪ 11 ਹਜ਼ਾਰ 560 ਮੀਟ੍ਰਿਕ ਟਨ, ਪੰਜਾਬ ਵੇਅਰਹਾਊਸ ਵੱਲੋਂ 4 ਹਜ਼ਾਰ 475 ਮੀਟ੍ਰਿਕ, ਪੰਜਾਬ ਐਗਰੋ ਵੱਲੋਂ 12 ਹਜ਼ਾਰ 359 ਮੀਟ੍ਰਿਕ ਟਨ ਅਤੇ ਵਪਾਰੀਆਂ ਵੱਲੋਂ 15 ਹਜ਼ਾਰ 947 ਮੀਟ੍ਰਿਕ ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ। ਇਸ ਮੌਕੇ ਐੱਸ. ਡੀ. ਐੱਮ. ਅਵਿਕੇਸ਼ ਗੁਪਤਾ, ਜ਼ਿਲਾ  ਮੰਡੀ ਅਫ਼ਸਰ, ਜ਼ਿਲਾ  ਫੂਡ ਤੇ ਸਪਲਾਈ ਕੰਟਰੋਲਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।


Related News