ਕੰਗਣਵਾਲ ਇਲਾਕੇ ''ਚ ਦੇਰ ਰਾਤ ਵਾਪਰਿਆ ਭਿਆਨਕ ਹਾਦਸਾ, ਸਿਲੰਡਰ ਫਟਣ ਕਾਰਨ 4 ਨਾਬਾਲਗਾਂ ਸਣੇ 6 ਝੁਲਸੇ

02/14/2024 4:00:52 AM

ਲੁਧਿਆਣਾ (ਖੁਰਾਣਾ)- ਦੁੱਗਰੀ ਰੋਡ ’ਤੇ ਕੰਗਣਵਾਲ ਇਲਾਕੇ ’ਚ ਦੇਰ ਰਾਤ ਵਾਪਰੇ ਭਿਆਨਕ ਹਾਦਸੇ ਦੌਰਾਨ ਗੈਸ ਸਿਲੰਡਰ ਫਟਣ ਕਾਰਨ ਲੱਗੀ ਅੱਗ ’ਚ 4 ਬੱਚਿਆਂ ਸਮੇਤ ਅੱਧੀ ਦਰਜਨ ਦੇ ਕਰੀਬ ਲੋਕ ਬੁਰੀ ਤਰ੍ਹਾਂ ਝੁਲਸ ਗਏ। ਜਾਣਕਾਰੀ ਅਨੁਸਾਰ ਹਾਦਸੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਨੂੰ ਇਲਾਕਾ ਨਿਵਾਸੀਆਂ ਵੱਲੋਂ ਇਲਾਜ ਲਈ ਸਥਾਨਕ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਅੱਗ ਦੀ ਲਪੇਟ ’ਚ ਆ ਕੇ ਬੁਰੀ ਤਰ੍ਹਾਂ ਝੁਲਸੇ ਇਕ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਦੂਜੇ ਹਸਪਤਾਲ ’ਚ ਭੇਜ ਦਿੱਤਾ ਗਿਆ ਹੈ।

ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਨੂੰ ਹਸਪਤਾਲ ਰੈਫਰ ਕੀਤਾ ਜਾ ਰਿਹਾ ਹੈ। ਮੌਕੇ ’ਤੇ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਲੋਕ ਪੂਰੀ ਤਰ੍ਹਾਂ ਨਾਲ ਡਰੇ ਹੋਏ ਹਨ ਅਤੇ ਇਹ ਵੀ ਦੱਸਣ ਤੋਂ ਅਸਮਰੱਥ ਹਨ ਕਿ ਕੀ ਇਹ ਦਰਦਨਾਕ ਹਾਦਸਾ ਬੰਬ ਵਰਗੀ ਦੇਸੀ ਗੈਸ ਦੇ ਧਮਾਕੇ ਕਾਰਨ ਵਾਪਰਿਆ ਹੈ ਜਾਂ 14.2 ਕਿਲੋ ਘਰੇਲੂ ਗੈਸ ਦੇ ਸਿਲੰਡਰ ’ਚ ਧਮਾਕਾ ਹੋਇਆ ਹੈ। ਪੀੜਤ ਪਰਿਵਾਰ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ ਆਪਣੇ ਪਰਿਵਾਰਕ ਮੈਂਬਰ ਦੀ ਜਾਨ ਬਚਾਉਣ ਲਈ ਤਰਲੋ-ਮੱਛੀ ਹੋ ਰਿਹਾ ਹੈ ਤਾਂ ਜੋ ਕਿਸੇ ਤਰ੍ਹਾਂ ਉਸ ਨੂੰ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ- ਪੁੱਤਰ ਨੂੰ ਗੁਰਦੁਆਰੇ ਛੱਡ ਮਾਂ ਹੋਈ ਆਸ਼ਕ ਨਾਲ ਫਰਾਰ, ਪਤਾ ਲੱਗਣ 'ਤੇ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਅੰਬੇਡਕਰ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਰਾਤ 11.30 ਵਜੇ ਤੱਕ ਗੌਤਮ (18), ਸੁਭਾਸ਼ ਪਾਂਡੇ (10), ਸਾਕਸ਼ੀ (8) ਅਤੇ ਸਾਹਿਬ ਕੁਮਾਰ (8) ਸਮੇਤ 4 ਨਾਬਾਲਗ ਬੱਚਿਆਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਦਕਿ ਕਰੀਬ 3 ਹੋਰ ਲੋਕਾਂ ਦੇ ਝੁਲਸ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਚੁੱਕੇ 2 ਬੱਚਿਆਂ ਨੂੰ ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਪੀ.ਜੀ.ਆਈ. ਹਸਪਤਾਲ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਮਾਫੀਆ ਵਲੋਂ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ, ਉੱਥੇ ਨਕਲੀ ਦੇਸੀ ਗੈਸ ਸਿਲੰਡਰਾਂ ’ਚ 14.2 ਕਿਲੋ ਦੇ ਰਸੋਈ ਗੈਸ ਸਿਲੰਡਰਾਂ ’ਚੋਂ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਕੱਢ ਕੇ ਬੇਕਸੂਰ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅਜਿਹੇ ਭਿਆਨਕ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਫਿਲਹਾਲ ਇਹ ਰਹੱਸ ਬਣਿਆ ਹੋਇਆ ਹੈ ਕਿ ਉਕਤ ਘਾਤਕ ਹਾਦਸਾ ਘਰੇਲੂ ਗੈਸ ਸਿਲੰਡਰ ਦੇ ਫਟਣ ਨਾਲ ਵਾਪਰਿਆ ਹੈ ਜਾਂ ਦੇਸੀ ਗੈਸ ਸਿਲੰਡਰ ਨਾਲ।

ਇਹ ਵੀ ਪੜ੍ਹੋ- ਚੀਨ ਦੀਆਂ ਕੁੜੀਆਂ ਵਿਆਹ ਤੋਂ ਕਰ ਰਹੀਆਂ ਕਿਨਾਰਾ, 'ਆਰਟੀਫਿਸ਼ੀਅਲ ਬੁਆਏਫ੍ਰੈਂਡ' ਨਾਲ ਨੇ ਜ਼ਿਆਦਾ ਖੁਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


Harpreet SIngh

Content Editor

Related News