ਫ਼ਸਲੀ ਵਿੰਭਿਨਤਾ ਅਪਨਾਉਣ ਵਾਲਾ ਪੰਜਾਬ ਦਾ ਕਿਸਾਨ ਕਸੂਤਾ ਫਸਿਆ, ਚਿਹਰਿਆਂ ’ਤੇ ਆਈਆਂ ਪਲੱਤਣਾਂ
Thursday, Oct 08, 2020 - 11:09 AM (IST)
ਮੋਗਾ (ਗੋਪੀ ਰਾਊਕੇ) - ਇਕ ਪਾਸੇ ਤਾਂ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਝੋਨਾ ਅਤੇ ਕਣਕ ਦੇ ਰਵਾਇਤੀ ਚੱਕਰ ਵਿਚੋਂ ਬਾਹਰ ਨਿਕਲਣ ਅਤੇ ਝੋਨੇ ਦੀਆਂ ਘੱਟ ਖ਼ਪਤ ਵਾਲੀਆਂ ਕਿਸਮਾਂ ਦੀ ਬੀਜਾਈ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉੱਥੇ ਹੀ ਦੂਜੇ ਪਾਸੇ ਸਰਕਾਰੀ ਆਦੇਸ਼ ਮੰਨ ਕੇ ਫ਼ਸਲੀ ਵਿੰਭਨਤਾ ਅਪਨਾਉਣ ਵਾਲਾ ਪੰਜਾਬ ਦਾ ਕਿਸਾਨ ਵਰਗ ਐਤਕੀ ਕਸੂਤਾ ਫ਼ਸਦਾ ਨਜ਼ਰ ਆ ਰਿਹਾ ਹੈ। ਇਸ਼ ਦਾ ਕਾਰਨ ਇਹ ਹੈ ਕਿ ਕਿਸਾਨਾਂ ਵਲੋਂ ਮੰਡੀਕਰਨ ਕੀਤੀ ਜਾ ਰਹੀ ਬਾਸਮਤੀ ਦਾ ਭਾਅ ਪਿਛਲੇ ਸਾਲਾਂ ਦੇ ਮੁਕਾਬਲੇ ਅਸਲੋਂ ਘੱਟ ਜਾਣ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਪਲੱਤਣਾਂ ਆ ਗਈਆਂ ਹਨ। ਪਹਿਲਾਂ ਹੀ ਖ਼ੇਤੀ ਸੋਧ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੇਲ ਅਤੇ ਸੜਕੀ ਆਵਜਾਈ ਤੇ ਰੋਸ ਪ੍ਰਦਰਸ਼ਨ ਕਰ ਰਹੇ ਸੂਬੇ ਦੇ ਕਿਸਾਨਾਂ ਨੂੰ ਬਾਸਮਤੀ ਦੇ ਘਟੇ ਭਾਅ ਨੇ ਹੋਰ ਬਿਪਤਾ ਵਿਚ ਧਕੇਲ ਦਿੱਤਾ ਹੈ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੂਬੇ ਦੀਆਂ ਮੰਡੀਆਂ ਵਿਚ ਘੱਟ ਭਾਅ ’ਤੇ ਬਾਸਮਤੀ ਵੇਚਣ ਲਈ ਮਜ਼ਬੂਰ ਕਿਸਾਨਾਂ ਦੀ ਕੋਈ ਵੀ ਬਾਂਹ ਨਹੀਂ ਫੜ੍ਹ ਰਿਹਾ ਹੈ। ‘ਜਗ ਬਾਣੀ’ ਵਲੋਂ ਹਾਸਲ ਕੀਤੇ ਵੇਰਵਿਆਂ ਅਨੁਸਾਰ ਮੋਗਾ ਦੀ ਦਾਣਾ ਮੰਡੀ ਵਿਚ ਬਾਸਮਤੀ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਬਾਸਮਤੀ ਦਾ ਭਾਅ 1 ਹਜ਼ਾਰ ਰੁਪਏ ਕੁਇੰਟਲ ਘੱਟ ਗਿਆ ਹੈ।
ਪਿੰਡ ਦੱਦਾਹੂਰ ਦੇ ਕਿਸਾਨ ਲਵਜੀਤ ਸਿੰਘ ਦਾ ਕਹਿਣਾ ਸੀ ਕਿ ਬਾਸਮਤੀ ਦੀ ਕੁਆਲਿਟੀ ਇਸ ਵਾਰ ਇੰਨੀ ਚੰਗੀ ਹੈ ਕਿ ਕਿਸਾਨਾਂ ਨੂੰ ਆਸ ਸੀ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਭਾਅ ਮਿਲੇਗਾ ਪਰ ਫ਼ਸਲ ਦੇ ਘੱਟੇ ਭਾਅ ਨੇ ਕਿਸਾਨਾਂ ਦੀਆਂ ਸਮੁੱਚੀਆਂ ਆਸਾ ’ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਖ਼ੇਤੀ ਸੋਧ ਕਾਨੂੰਨ ਰਾਹੀਂ ਪਾਸ ਕੀਤੇ ਗਏ ਬਿੱਲ ਰੱਦ ਨਾ ਹੋਏ ਤਾਂ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਦਾ ਇਹੋ ਹਾਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਫ਼ਸਲਾਂ ਦੇ ਪੱਕੇ ਮੁੱਲ ਤੈਅ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਭਾਵੇਂ ਖ਼ੇਤੀ ਸੋਧ ਬਿੱਲ ਨੂੰ ਕਿਸਾਨਾਂ ਦੇ ਹਿੱਤ ਵਿਚ ਦੱਸ ਰਹੀ ਹੈ ਪ੍ਰੰਤੂ ਇਸੇ ਕਰ ਕੇ ਹੀ ਕਿਸਾਨਾਂ ਨੂੰ ਸੰਘਰਸ਼ ਦੇ ਰਾਹ ਨਿਰਤਣਾ ਪਿਆ ਹੈ, ਕਿਉਕਿ ਕਿਸਾਨਾਂ ਨੂੰ ਖ਼ਦਸਾ ਹੈ ਕਿ ਫ਼ਸਲਾ ਦੇ ਪੱਕੇ ਭਾਅ ਟੁੱਟਣ ਨਾਲ ਸੂਬੇ ਦੀ ਕਿਸਾਨੀ ਤਬਾਹ ਹੋ ਜਾਵੇਗੀ। ਮਾਰਕੀਟ ਕਮੇਟੀ ਮੋਗਾ ਦੇ ਸਕੱਤਰ ਵਜ਼ੀਰ ਸਿੰਘ ਨੇ ਸੰਪਰਕ ਕਰਨ ’ਤੇ ਆਖਿਆ ਕਿ ਇਸ ਵਾਰ ਬਾਸਮਤੀ ਦਾ ਭਾਅ ਘੱਟ ਹੈ। ਉਨ੍ਹਾਂ ਮੰਡੀ ਵਿਚ ਕਿਸਾਨਾਂ ਨੂੰ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ।
ਵਪਾਰੀ ਵਰਗ ਨੇ ਬਾਸਮਤੀ ਖਰੀਦਣ ਤੋਂ ਘਟਾਈ ਦਿਲਚਸਪੀ
ਇਕੱਤਰ ਵੇਰਵਿਆਂ ’ਚ ਪਤਾ ਲੱਗਾ ਹੈ ਕਿ ਵਪਾਰੀ ਵਰਗ ਨੇ ਇਸ ਵਾਰ ਬਾਸਮਤੀ ਖਰੀਦਣ ਤੋਂ ਦਿਲਚਸਪੀ ਪਹਿਲਾਂ ਨਾਲੋਂ ਘੱਟ ਕਰ ਦਿੱਤੀ ਹੈ ਜਿਸ ਤੋਂ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਭਾਅ ਹੋਰ ਘਟਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਖ਼ੇਤੀ ਸੋਧ ਕਾਨੂੰਨ ਦੇ ਪਏ ‘ਰੌਲੇ ਰੱਪੇ’ ਤੋਂ ਤੁਰੰਤ ਬਾਅਦ ਬਾਸਮਤੀ ਦਾ ਭਾਅ ਹੇਠਾਂ ਡਿੱਗਿਆ ਹੈ।
ਪਿਛਲੇ ਸਾਲ 2800 ਰੁਪਏ ਵੇਚੀ ਬਾਸਮਤੀ : ਰਣਜੀਤ ਸਿੰਘ
ਦਾਣਾ ਮੰਡੀ ਮੋਗਾ ਵਿਖੇ ਬਾਸਮਤੀ ਵੇਚਣ ਆਏ ਕਿਸਾਨ ਰਣਜੀਤ ਸਿੰਘ ਨੇ ਕਿਹਾ ਕਿ ਪਿਛਲੇ ਵਰ੍ਹੇ ਬਾਸਮਤੀ ਦਾ ਭਾਅ 2800 ਰੁਪਏ ਸੀ ਜਦੋਂਕਿ ਇਸ ਵਾਰ 1800 ਰੁਪਏ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਾਸਮਤੀ ਮਜ਼ਬੂਰੀ ਵੱਸ ਘੱਟ ਭਾਅ ’ਤੇ ਵੇਚਣੀ ਪੈ ਰਹੀ ਹੈ।
ਕਿਸਾਨਾਂ ਨੂੰ ਝੱਲਣਾ ਪੈ ਰਿਹਾ 15 ਹਜ਼ਾਰ ਪ੍ਰਤੀ ਏਕੜ ਤੱਕ ਦਾ ਘਾਟਾ : ਬਲਵਿੰਦਰ ਸਿੰਘ
ਇਕ ਹੋਰ ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਐਂਤਕੀ ਕਿਸਾਨਾਂ ਨੂੰ ਪ੍ਰਤੀ ਏਕੜ 15 ਹਜ਼ਾਰ ਤੱਕ ਦਾ ਘਾਟਾ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਪੈਦਾ ਕਰਨ ਲਈ ਖਰਚ ਪਿਛਲੇ ਸਾਲਾ ਜਿੰਨਾ ਹੀ ਹੋਇਆ ਹੈ ਪ੍ਰੰਤੂ ਭਾਅ ਜ਼ਿਆਦਾ ਘੱਟਣ ਨਾਲ ਕਿਸਾਨਾਂ ਨੂੰ ਇਸ ਵਾਰ ਹਜ਼ਾਰਾ ਰੁਪਏ ਪ੍ਰਤੀ ਏਕੜ ਦਾ ਘਾਟਾ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਦਾ ਝਾੜ ਅਤੇ ਕੁਵਾਲਿਟੀ ਸਹੀ ਹੋਣ ਕਾਰਨ ਕਿਸਾਨਾਂ ਨੂੰ ਆਸ ਸੀ ਕਿ ਫ਼ਸਲ ਦਾ ਚੰਗਾ ਮੁੱਲ ਉਨ੍ਹਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਵੇਗਾ, ਪਰ ਘੱਟ ਭਾਅ ਕਰ ਕੇ ਕਿਸਾਨਾਂ ਨੂੰ ਫਿਰ ਨਿਰਾਸ਼ ਹੋਣਾ ਪਿਆ ਹੈ।