ਪਿੰਡ ਰਾਮਗੜ੍ਹ ਚੂੰਘਾਂ ਵਿਖੇ 300 ਏਕੜ ਨਰਮੇ ਦੀ ਫਸਲ ''ਚ ਭਰਿਆ ਮੀਂਹ ਦਾ ਪਾਣੀ

07/23/2020 1:14:52 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਇਸ ਖੇਤਰ ਦੇ ਪਿੰਡ ਰਾਮਗੜ੍ਹ ਚੂੰਘਾਂ ਦੇ ਕਿਸਾਨਾਂ ਦਾ ਪਿਛਲੇ ਦਿਨੀਂ ਪਈ ਬਾਰਿਸ਼ ਨੇ ਵੱਡਾ ਨੁਕਸਾਨ ਕਰਕੇ ਰੱਖ ਦਿੱਤਾ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਉਕਤ ਪਿੰਡ 'ਚ ਕਿਸਾਨਾਂ ਵਲੋਂ 80 ਫੀਸਦੀ ਖੇਤੀ ਨਰਮੇ ਦੀ ਹੀ ਕੀਤੀ ਗਈ ਹੈ। ਕਿਸਾਨਾਂ ਦੇ ਦੱਸਣ ਮੁਤਾਬਕ ਲਗਭਗ 300 ਏਕੜ ਨਰਮੇ ਦੀ ਫਸਲ 'ਚ ਇਸ ਵੇਲੇ ਮੀਂਹ ਦਾ ਪਾਣੀ ਖੜ੍ਹਾ ਹੈ। ਜੇਕਰ ਹੋਰ ਮੀਂਹ ਪੈ ਗਿਆ ਤਾਂ ਨਰਮੇ ਦੀ ਇਹ ਸਾਰੀ ਫਸਲ ਹੀ ਬਿਲਕੁੱਲ ਤਬਾਹ ਹੋ ਜਾਵੇਗੀ। ਪਰ ਜੇਕਰ ਮੀਂਹ ਨਾ ਪਿਆ ਤਾਂ ਅੱਧਾ ਨਰਮਾ ਬਚ ਸਕਦਾ ਹੈ। ਪਿੰਡ ਦੇ ਕਿਸਾਨਾਂ ਜਗਸੀਰ ਸਿੰਘ ਬਰਾੜ, ਸਾਬਕਾ ਸਰਪੰਚ ਗੁਰਸੇਵਕ ਸਿੰਘ, ਸੁਖਪਾਲ ਸਿੰਘ ਬਰਾੜ ਸਾਬਕਾ ਐੱਸ.ਡੀ.ਓ., ਗੁਰਮੀਤ ਸਿੰਘ, ਜਸਵੀਰ ਸਿੰਘ ਗਾਂਧੀ ਤੇ ਗੋਲਡੀ ਬਰਾੜ ਆਦਿ ਨੇ ਦੱਸਿਆ ਕਿ ਪਿੰਡ ਰਾਮਗੜ੍ਹ ਚੂੰਘਾਂ ਤੋਂ ਅਕਾਲਗੜ੍ਹ, ਜਾਨੀਸਰ ਅਤੇ ਕੌੜਿਆਂਵਾਲੀ ਨੂੰ ਜਾਣ ਵਾਲੇ ਰਸਤਿਆਂ 'ਤੇ ਬੀਜੇ ਹੋਏ ਨਰਮੇ ਵਿਚ ਮੀਂਹ ਦਾ ਪਾਣੀ ਬਹੁਤ ਜ਼ਿਆਦਾ ਭਰਿਆ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਉਚ ਅਧਿਕਾਰੀ ਤੇ ਪੰਜਾਬ ਸਰਕਾਰ ਉਨ੍ਹਾਂ ਕਿਸਾਨਾਂ ਦੀ ਆਰਥਿਕ ਤੌਰ 'ਤੇ ਮਦਦ ਕਰਨ, ਜਿਹੜੇ ਕਿਸਾਨਾਂ ਦਾ ਮੀਂਹ ਦੇ ਪਾਣੀ ਨੇ ਨੁਕਸਾਨ ਕਰ ਦਿੱਤਾ ਹੈ।

PunjabKesari

ਪਿੰਡ ਭਾਗਸਰ, ਕੌੜਿਆਂਵਾਲੀ, ਵਧਾਈਆਂ, ਰਹੂੜਿਆਂਵਾਲੀ ਤੇ ਖੁੰਡੇਹਲਾਲ ਵਿਖੇ ਵੀ ਨਰਮੇ ਦੀ ਫਸਲ ਮੀਂਹ ਦੇ ਪਾਣੀ ਨਾਲ ਡੁੱਬੀ
ਇਸੇ ਦੌਰਾਨ ਹੀ ਹੋਰ ਮਿਲੀਆਂ ਰਿਪੋਰਟਾਂ ਅਨੁਸਾਰ ਇਸ ਖੇਤਰ ਦੇ ਪਿੰਡਾਂ ਭਾਗਸਰ, ਕੌੜਿਆਂਵਾਲੀ, ਵਧਾਈਆਂ, ਰਹੂੜਿਆਂਵਾਲੀ ਤੇ ਖੁੰਡੇਹਲਾਲ ਆਦਿ ਪਿੰਡਾਂ 'ਚ ਵੀ ਨਰਮੇ ਦੀਆਂ ਫਸਲਾਂ ਦਾ ਮੀਂਹ ਦੇ ਪਾਣੀ ਨਾਲ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਥਾਵਾਂ 'ਤੇ ਝੋਨੇ ਦੇ ਖੇਤਾਂ 'ਚ ਵੀ ਬਹੁਤ ਜ਼ਿਆਦਾ ਪਾਣੀ ਭਰ ਗਿਆ ਹੈ। ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਨਰਮਾ ਵਾਅ ਕੇ ਝੋਨਾ ਬੀਜਣਗੇ।

ਜ਼ਿਲ੍ਹਾ ਪ੍ਰਸ਼ਾਸਨ ਨੇ ਨਹੀ ਲਈ ਸਾਰ
ਭਾਵੇਂ ਪਿਛਲੇ ਤਿੰਨ ਦਿਨਾਂ ਤੋਂ ਮੀਂਹ ਦਾ ਪਾਣੀ ਕਿਸਾਨਾਂ ਦੇ ਖੇਤਾਂ ਵਿਚ ਭਰਿਆ ਖੜ੍ਹਾ ਹੈ। ਪਰ ਅਜੇ ਤੱਕ ਜਿਲਾ ਪ੍ਰਸ਼ਾਸ਼ਨ ਵੱਲੋਂ ਕੋਈ ਅਧਿਕਾਰੀ ਕਿਸਾਨਾਂ ਕੋਲ ਹਾਂਅ ਦਾ ਨਾਅਰਾ ਮਾਰਨ ਲਈ ਨਹੀ ਪੁੱਜਿਆ। ਇਸ ਤੋਂ ਇਲਾਵਾ ਕਿਸੇ ਸਿਆਸੀ ਪਾਰਟੀ ਦੇ ਨੁਮਾਇੰਦੇ ਨੇ ਵੀ ਆ ਕੇ ਕਿਸਾਨਾਂ ਦੀ ਸਾਰ ਨਹੀ ਲਈ।


Shyna

Content Editor

Related News