ਸਮਾਣਾ ’ਚ ਕੋਰੋਨਾ ਦਾ ਕਹਿਰ, ਸ਼ਹਿਰ ਵਿਚ ਮਚਿਆ ਹਡ਼ਕੰਪ

06/16/2020 2:48:59 AM

ਸਮਾਣਾ, (ਦਰਦ)- ਐਤਵਾਰ ਨੂੰ ਨਗਰ ਕੌਂਸਲ ਸਮਾਣਾ ਦੇ ਦੋ ਕਰਮਚਾਰੀਆਂ ਸਣੇ ਚਾਰ ਨਵੇਂ ਕੋਰੋਨਾ ਵਾਇਰਸ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਨਾਲ ਕੌਂਸਲ ਅਤੇ ਸ਼ਹਿਰ ਵਿਚ ਹਡ਼ਕੰਪ ਮਚ ਗਿਆ ਹੈ। ਜਿਸ ਤੋਂ ਬਾਅਦ ਸੋਮਵਾਰ ਨੂੰ ਕੌਂਸਲ ਦਫਤਰ ਬੰਦ ਕਰਕੇ ਪੂਰੀ ਤਰ੍ਹਾ ਸੈਨੀਟਾਈਜ਼ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਐਸ.ਐਮ.ਓ. ਸਮਾਣਾ ਡਾ: ਸਤਿੰਦਰਪਾਲ ਸਿੰਘ ਨੇ ਸ਼ਹਿਰ ਵਿਚ ਨਵੇਂ ਆਏ ਚਾਰ ਕੋਰੋਨਾ ਵਾਇਰਸ ਮਾਮਲਿਆ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਨਗਰ ਕੌਸਲ ਸਮਾਣਾ ਦੇ ਦਰਜ਼ਾ ਚਾਰ ਕਰਮਚਾਰੀ ਮੋਹਿਤ ਕੁਮਾਰ ਅਤੇ ਇੰਦਰਪਾਲ ਦੇ ਕਰਵਾਏ ਟੈਸਟ ਦੀ ਰਿਪੋਰਟ ਐਤਵਾਰ ਨੂੰ ਸ਼ਾਮ ਪਾਜ਼ਟਿਵ ਆਉਣ ਤੋਂ ਬਾਅਦ ਆਈਸੋਲੇਸ਼ਨ ਲਈ ਦੋਵਾਂ ਨੂੰ ਰਾਤ ਸਮੇਂ ਹੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਜਾਇਆ ਗਿਆ। ਹੋਰ ਦੋ ਪਾਜ਼ਟਿਵ ਕੇਸਾ ਵਿਚ 35 ਸਾਲਾ ਇਕ ਗਰਭਵਤੀ ਔਰਤ ਸ਼ਾਮਲ ਹੈ। ਸ਼ਹਿਰ ਦੇ ਇਕ ਨਿਜੀ ਕਲੀਨਿਕ ਵਿਚ ਇਲਾਜ ਅਧੀਨ ਉਕਤ ਔਰਤ ਨੂੰ ਡਿਲੀਵਰੀ ਸਮੇਂ ਆਪਰੇਸ਼ਨ ਦੀ ਸੰਭਾਵਨਾ ਨੂੰ ਵੇਖਦੇ ਹੋਏ ਕੋਰੋਨਾ ਟੈਸਟ ਕਰਵਾਇਆ ਗਿਆ ਸੀ। ਜਦੋਂ ਕਿ ਟੁਟੀ ਹੱਡੀ ਦਾ ਆਪਰੇਸ਼ਨ ਕਰਵਾਉਣ ਲਈ ਸਿਵਲ ਹਸਪਤਾਲ ਸਮਾਣਾ ਵਿਚ ਇਲਾਜ ਅਧੀਨ ਅਮਾਮਗਡ਼੍ਹ,ਸਮਾਣਾ ਨਿਵਾਸੀ 30 ਸਾਲਾ ਰਿੰਕੂ ਦਾ ਕੋਰੋਨਾ ਟੈਸਟ ਵੀ ਪਾਜ਼ਟਿਵ ਪਾਇਆ ਗਿਆ। ਡਾ: ਸਤਿੰਦਰਪਾਲ ਸਿੰਘ ਦੇ ਅਨੁਸਾਰ ਗਰਭਵਤੀ ਔਰਤ ਨੂੰ ਉਸ ਦੇ ਘਰ ਵਿਚ ਹੀ ਏਕਾਂਤਵਾਸ ਕਰਨ ਤੋਂ ਇਲਾਵਾ ਹੋਰ ਤਿੰਨ ਕੋਰੋਨਾ ਪਾਜ਼ਟਿਵ ਨੂੰ ਆਈਸੋਲੇਸ਼ਨ ਲਈ ਐਤਵਾਰ ਰਾਤ ਨੂੰ ਹੀ ਪਟਿਆਲਾ ਦੇ ਰਾਜਿੰਦਰ ਹਸਪਤਾਲ ਲਿਜਾਇਆ ਗਿਆ ਜਦੋਂ ਕਿ ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਅਤੇ ਦਫਤਰ ਕਰਮੀਆਂ ਦੇ ਕੋਰੋਨਾ ਟੈਸਟ ਕਰਵਾਏ ਜਾ ਰਹੇ ਹਨ। ਐਤਵਾਰ ਨੂੰ ਇਨ੍ਹਾਂ ਮਾਮਲਿਆਂ ਸਹਿਤ ਇਸ ਸ਼ਹਿਰ ਵਿਚ ਕੋਰੋਨਾ ਵਾਇਰਸ ਪਾਜ਼ੇਟਿਵ ਮਾਮਲਿਆ ਦੀ ਗਿਣਤੀ ਕੁਲ ਅੱਠ ਹੋ ਗਈ ਹੈ।

ਕੀ ਕਹਿੰਦੇ ਹਨ ਨਗਰ ਕੌਂਸਲ ਸਮਾਣਾ ਦੇ ਈ.ਓ.

ਨਗਰ ਕੌਂਸਲ ਸਮਾਣਾ ਦੇ ਕਾਰਜ ਸਾਧਕ ਅਫਸਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕੌਸਲ ਦਫਤਰ ਦੇ ਦੋ ਕਰਮਚਾਰੀਆਂ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਆਉਣ ਕਾਰਨ ਅਧਿਕਾਰੀਆਂ ਤੇ ਕੌਸਲ ਦੇ ਸਫਾਈ ਕਰਮਚਾਰੀਆਂ ਸਣੇ 135 ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ। ਕੌਸਲ ਦਫਤਰ ਬੰਦ ਕਰਕੇ ਸੈਨੀਟਾਈਜ਼ ਕੀਤਾ ਗਿਆ ਹੈ। ਅਤੇ ਕੰਟਿਨ ਬੰਦ ਕਰ ਦਿੱਤੀ ਗਈ ਹੈ। ਅਗਲੇ ਦਿਨ ਤੋਂ ਇਕ ਤਿਹਾਈ ਕਰਮਚਾਰੀਆਂ ਨੂੰ ਰੋਟੇਸ਼ਨ ਵਿਚ ਆਉਣ ਲਈ ਕਿਹਾ ਗਿਆ ਹੈ।


Bharat Thapa

Content Editor

Related News