ਟਰੰਪ ਦੀ ਵੀਡੀਓ ਨਾਲ ਅਮਰੀਕਾ ’ਚ ਮਚਿਆ ਹੰਗਾਮਾ, ਰਾਸ਼ਟਰਪਤੀ ਬਾਈਡੇਨ ਨੂੰ ਲੈ ਕੇ ਕਰ ਦਿੱਤੀ ਇਹ ਹਰਕਤ

03/31/2024 10:09:20 PM

ਵਾਸ਼ਿੰਗਟਨ (ਏ. ਐੱਨ. ਆਈ.)– ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੀਡੀਓ ਸ਼ੇਅਰ ਕਰਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਵੀਡੀਓ ’ਚ ਇਕ ਪਿਕਅੱਪ ਵੈਨ ਦੇ ਪਿਛਲੇ ਪਾਸੇ ਇਕ ਪੋਸਟਰ ਲੱਗਾ ਹੈ, ਜਿਸ ’ਚ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਰੱਸੀ ਨਾਲ ਹੱਥ-ਪੈਰ ਬੰਨ੍ਹ ਕੇ ਡਿੱਗੀ ’ਚ ਪਏ ਦਿਖਾਇਆ ਗਿਆ ਹੈ।

ਟਰੰਪ ਨੇ ਦਾਅਵਾ ਕੀਤਾ ਕਿ ਪਿਕਅੱਪ ਵੈਨ ’ਤੇ ਲੱਗੇ ਇਸ ਪੋਸਟਰ ਦੀ ਫੁਟੇਜ ਲੌਂਗ ਆਈਲੈਂਡ ’ਤੇ ਕੈਪਚਰ ਕੀਤੀ ਗਈ ਹੈ। ਵੀਡੀਓ ’ਚ ਟਰੰਪ ਲਈ ਸਮਰਥਨ ਜ਼ਾਹਿਰ ਕਰਨ ਵਾਲੇ ਝੰਡਿਆਂ ਤੇ ਸਟਿੱਕਰਾਂ ਨਾਲ ਸਜੀਆਂ ਦੋ ਪਿਕਅੱਪ ਵੈਨਾਂ ਦਿਖਾਈਆਂ ਗਈਆਂ ਹਨ, ਜਿਨ੍ਹਾਂ ’ਚੋਂ ਇਕ ਦੇ ਪਿਛਲੇ ਪਾਸੇ ਬਾਈਡੇਨ ਦਾ ਇਹ ਪੋਸਟਰ ਲੱਗਾ ਹੈ।

ਵੀਡੀਓ ਨੂੰ ਲੈ ਕੇ ਹੰਗਾਮਾ ਹੋਣ ਤੋਂ ਬਾਅਦ ਬਾਈਡੇਨ ਦੀ ਚੋਣ ਮੁਹਿੰਮ ਦੇ ਬੁਲਾਰੇ ਮਾਈਕਲ ਟਾਇਲਰ ਨੇ ਟਰੰਪ ਦੀ ਨਿੰਦਿਆ ਕਰਦਿਆਂ ਕਿਹਾ ਕਿ ਡੋਨਾਲਡ ਟਰੰਪ ਇਸ ਤਰ੍ਹਾਂ ਦੀ ਬਕਵਾਸ ਕਰਨ ਲਈ ਮਸ਼ਹੂਰ ਹੋ ਗਏ ਹਨ। ਟਰੰਪ ਲਗਾਤਾਰ ਸਿਆਸੀ ਹਿੰਸਾ ਭੜਕਾ ਰਹੇ ਹਨ ਤੇ ਹੁਣ ਸਮਾਂ ਆ ਗਿਆ ਹੈ ਕਿ ਲੋਕ ਉਨ੍ਹਾਂ ਨੂੰ ਗੰਭੀਰਤਾ ਨਾਲ ਲੈਣ।

ਇਹ ਖ਼ਬਰ ਵੀ ਪੜ੍ਹੋ : ਸਿੱਖ ਸੰਗਤਾਂ ਲਈ ਖ਼ੁਸ਼ਖ਼ਬਰੀ, ਆਦਮਪੁਰ ਹਵਾਈ ਅੱਡੇ ਤੋਂ ਸ੍ਰੀ ਹਜ਼ੂਰ ਸਾਹਿਬ ਨੰਦੇੜ ਲਈ ਰੋਜ਼ਾਨਾ ਫਲਾਈਟ ਹੋਈ ਸ਼ੁਰੂ

ਜ਼ਿਕਰਯੋਗ ਹੈ ਕਿ ਮਾਰਚ ਮਹੀਨੇ ਦੇ ਸ਼ੁਰੂ ’ਚ ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ 2024 ਦੀਆਂ ਚੋਣਾਂ ਹਾਰ ਜਾਂਦੇ ਹਨ ਤਾਂ ਇਸ ਦਾ ਨਤੀਜਾ ਅਮਰੀਕਾ ਦੇ ਆਟੋ ਉਦਯੋਗ ਦਾ ਨੁਕਸਾਨ ਤੇ ਦੇਸ਼ ਲਈ ਵੱਡੇ ਪੱਧਰ ’ਤੇ ‘ਖ਼ੂਨ ਖ਼ਰਾਬਾ’ ਹੋਵੇਗਾ। ਉਨ੍ਹਾਂ ਨੇ ਅਮਰੀਕਾ ਤੋਂ ਬਾਹਰ ਬਣੀਆਂ ਕਾਰਾਂ ’ਤੇ ‘100 ਫ਼ੀਸਦੀ ਟੈਕਸ’ ਦਾ ਪ੍ਰਸਤਾਵ ਰੱਖਿਆ ਤੇ ਦਾਅਵਾ ਕੀਤਾ ਕਿ ਸਿਰਫ਼ ਉਨ੍ਹਾਂ ਦੇ ਰਾਸਟਰਪਤੀ ਬਣਨ ਨਾਲ ਹੀ ਘਰੇਲੂ ਆਟੋ ਨਿਰਮਾਣ ਦੀ ਰੱਖਿਆ ਹੋ ਸਕਦੀ ਹੈ।

ਟਰੰਪ ਦੀ ਟਿੱਪਣੀ ਕਿ ਪ੍ਰਵਾਸੀ ਅਮਰੀਕਾ ਦੇ ‘ਖ਼ੂਨ ’ਚ ਜ਼ਹਿਰ ਘੋਲ ਰਹੇ ਹਨ’ ਨਾਲ ਵੀ ਵਿਵਾਦ ਖੜ੍ਹਾ ਹੋ ਗਿਆ ਸੀ। ਇਕ ਸਮਾਗਮ ’ਚ ਟਰੰਪ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ‘ਕੀੜੇ’ ਦੱਸਦਿਆਂ ਕਿਹਾ ਕਿ ਅਸੀਂ ਆਪਣੇ ਦੇਸ਼ ਦੀਆਂ ਸਰਹੱਦਾਂ ’ਚ ਕੀੜੇ-ਮਕੌੜਿਆਂ ਵਾਂਗ ਰਹਿਣ ਵਾਲੇ ਕਮਿਊਨਿਸਟਾਂ, ਮਾਰਕਸਵਾਦੀਆਂ, ਫਾਸ਼ੀਵਾਦੀਆਂ ਤੇ ਕੱਟੜਪੰਥੀ ਖੱਬੇਪੱਖੀ ਠੱਗਾਂ ਨੂੰ ਜੜ੍ਹੋਂ ਪੁੱਟ ਸੁੱਟਾਂਗੇ।

ਬਾਈਡੇਨ ਨੇ 31 ਮਾਰਚ ਨੂੰ ਐਲਾਨਿਆ ‘ਟਰਾਂਸਜੈਂਡਰ ਦਿਵਸ’ : ਟਰੰਪ ਖੇਮੇ ਨੇ ਕਿਹਾ- ‘ਇਸ ਦਿਨ ਈਸਟਰ’, ਮੁਆਫ਼ੀ ਮੰਗਣ ਬਾਈਡੇਨ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ 31 ਮਾਰਚ ਨੂੰ ‘ਟਰਾਂਸਜੈਂਡਰ ਡੇ ਆਫ ਵਿਜ਼ੀਬਿਲਟੀ’ ਐਲਾਨਿਆ ਹੈ, ਜਿਸ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਟੀਮ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਦਿਨ ‘ਈਸਟਰ ਸੰਡੇ’ ਵੀ ਹੈ। ਈਸਟਰ ਈਸਾਈ ਭਾਈਚਾਰੇ ਦੇ ਸਭ ਤੋਂ ਪਵਿੱਤਰ ਤਿਉਹਾਰਾਂ ’ਚੋਂ ਇਕ ਹੈ। ਟਰੰਪ ਖੇਮੇ ਨੇ ਈਸਾਈ ਧਰਮ ਦੇ ਰੋਮਨ ਕੈਥੋਲਿਕ ਪੰਥ ਨੂੰ ਮੰਨਣ ਵਾਲੇ ਬਾਈਡੇਨ ’ਤੇ ਧਰਮ ਪ੍ਰਤੀ ਗੈਰ-ਸੰਵੇਦਨਸ਼ੀਲ ਹੋਣ ਦਾ ਦੋਸ਼ ਲਾਇਆ ਤੇ ਰਿਪਬਲਿਕਨ ਪਾਰਟੀ ਨੇ ਇਸ ਦਾ ਸਮਰਥਨ ਕੀਤਾ ਹੈ।

ਟਰੰਪ ਦੀ ਚੋਣ ਮੁਹਿੰਮ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੇਵਿਟ ਨੇ ਕਿਹਾ, ‘‘ਅਸੀਂ ਜੋਅ ਬਾਈਡੇਨ ਦੀ ਚੋਣ ਮੁਹਿੰਮ ਟੀਮ ਤੇ ਵ੍ਹਾਈਟ ਹਾਊਸ ਤੋਂ ਮੰਗ ਕਰਦੇ ਹਾਂ ਕਿ ਉਹ ਅਮਰੀਕਾ ’ਚ ਉਨ੍ਹਾਂ ਲੱਖਾਂ ਕੈਥੋਲਿਕ ਤੇ ਈਸਾਈਆਂ ਕੋਲੋਂ ਮੁਆਫ਼ੀ ਮੰਗਣ, ਜੋ ਮੰਨਦੇ ਹਨ ਕਿ ਕੱਲ ਇਕ ਗੱਲ ਦਾ ਜਸ਼ਨ ਮਨਾਉਣ ਦਾ ਦਿਨ ਹੈ ਤੇ ਉਹ ਗੱਲ ਯਿਸੂ ਮਸੀਹ ਦਾ ਮੁੜ ਜੀਅ ਉੱਠਣਾ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News