1974 ਤੋਂ ਬਾਅਦ ਦੂਸਰੀ ਵਾਰ ਜਾਮ ਹੋਏ ਰੇਲਵੇ ਦੇ ਪਹੀਏ

Saturday, Apr 11, 2020 - 06:01 PM (IST)

1974 ਤੋਂ ਬਾਅਦ ਦੂਸਰੀ ਵਾਰ ਜਾਮ ਹੋਏ ਰੇਲਵੇ ਦੇ ਪਹੀਏ

ਕਿਸ਼ਨਪੁਰਾ ਕਲਾਂ (ਹੀਰੋ): ਕੋਰੋਨਾ ਵਾਇਰਸ ਕਾਰਣ ਕੇਂਦਰ ਸਰਕਾਰ ਨੇ 15 ਅਪ੍ਰੈਲ ਤੱਕ ਹਰ ਤਰ੍ਹਾਂ ਦੀਆਂ ਮੁਸਾਫ਼ਰ ਗੱਡੀਆਂ ਤਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਹਨ। ਇਤਿਹਾਸ ਵਿਚ ਦੂਜੀ ਵਾਰ ਹੈ ਕਿ ਸਰਕਾਰ ਨੇ ਪੂਰੇ ਦੇਸ਼ ਵਿਚ ਮੁਸਾਫ਼ਰ ਰੇਲ ਗੱਡੀਆਂ ਬੰਦ ਕੀਤੀਆਂ ਹਨ। ਇਹ ਗੱਡੀਆਂ 15 ਅਪ੍ਰੈਲ ਰਾਤ 12 ਵਜੇ ਤੱਕ ਲਈ ਬੰਦ ਰਹਿਣਗੀਆਂ। ਇਸੇ ਤਰ੍ਹਾਂ 1974 ਵਿਚ ਪੂਰੀ ਤਰ੍ਹਾਂ ਬੰਦ ਹੋਈਆਂ ਸਨ। 1974 ਵਿਚ ਦੇਸ਼ ਵਿਆਪੀ ਹੜਤਾਲ ਦੌਰਾਨ ਸਾਰੇ ਪਾਸੇ ਰੇਲ ਗੱਡੀਆਂ ਦੇ ਪਹੀਏ ਜਾਮ ਹੋ ਗਏ ਸਨ। ਉਸ ਸਮੇਂ ਰੇਲਵੇ ਮੁਲਾਜ਼ਮਾਂ ਨੇ ਤਨਖਾਹਾਂ ਵਧਾਉਣ ਦੀ ਮੰਗ ਨੂੰ ਲੈ ਕੇ ਦੇਸ਼ ਵਿਆਪੀ ਹੜਤਾਲ ਕੀਤੀ ਸੀ। ਤੀਸਰੇ ਤਨਖਾਹ ਕਮਿਸ਼ਨ ਨੇ ਰੇਲਵੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵਿਸ਼ੇਸ਼ ਵਾਧਾ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ:ਸਾਂਸਦਾਂ ਦੀ ਤਨਖਾਹ ਕੱਟਣ 'ਤੇ ਸੁਣੋ ਭਗਵੰਤ ਮਾਨ ਦਾ ਜਵਾਬ (ਵੀਡੀਓ)

ਇਸੇ ਦੌਰਾਨ ਜਾਰਜ ਫਰਨਾਂਡੀਜ਼ 1973 ਵਿਚ ਆਲ ਇੰਡੀਆ ਰੇਲਵੇ ਫੈੱਡਰੇਸ਼ਨ ਦੇ ਪ੍ਰਧਾਨ ਬਣੇ ਸਨ। ਉਨ੍ਹਾਂ ਦੀ ਅਗਵਾਈ ਹੇਠ 8 ਮਈ 1974 ਨੂੰ ਰੇਲ ਮੁਲਾਜ਼ਮਾਂ ਨੇ ਮੁੰਬਈ ਵਿਚ ਹੜਤਾਲ ਕੀਤੀ ਸੀ ਜੋ ਪੂਰੇ ਦੇਸ਼ ਵਿਚ ਫੈਲ ਗਈ ਸੀ। ਰੇਲਵੇ ਮੁਲਾਜ਼ਮਾਂ ਨੇ ਇਸ ਮੌਕੇ ਇਹ ਮੰਗ ਕੀਤੀ ਸੀ ਕਿ ਉਨ੍ਹਾਂ ਤੋਂ ਸਿਰਫ 8 ਘੰਟੇ ਹੀ ਕੰਮ ਲਿਆ ਜਾਵੇ, ਜਦੋਂਕਿ ਰੇਲਵੇ ਸਟਾਫ਼ ਲਗਾਤਾਰ ਕੰਮ ਕਰਨ ਲਈ ਮਜਬੂਰ ਸੀ। 15 ਲੱਖ ਦੇ ਲੱਗਭਗ ਦੇਸ਼ ਭਰ ਦੇ ਲੋਕਾਂ ਨੇ ਇਸ ਹੜਹਤਾਲ ਵਿਚ ਹਿੱਸਾ ਲਿਆ ਸੀ ਅਤੇ ਇਸ ਹੜਤਾਲ ਨੇ ਹੀ ਜਾਰਜ ਫਰਨਾਂਡੀਜ਼ ਨੂੰ ਕੌਮੀ ਨੇਤਾਵਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਸੀ ਤੇ ਉਹ ਮਜ਼ਦੂਰ ਜਥੇਬੰਦੀਆਂ ਦੇ ਫਾਇਰ ਬਰਾਂਡ ਨੇਤਾ ਬਣ ਗਏ ਸਨ।

ਇਹ ਵੀ ਪੜ੍ਹੋ:ਕੋਵਿਡ-19: ਸ੍ਰੀ ਹਰਿਮੰਦਰ ਸਾਹਿਬ ਦੀ ਗੋਲਕ ਦਾ ਘਟਿਆ ਚੜ੍ਹਾਵਾ

ਇਹ ਵੀ ਕਿਹਾ ਜਾਂਦਾ ਹੈ ਕਿ ਜਾਰਜ ਫਰਨਾਂਡੀਜ਼ ਦੀ ਅਗਵਾਈ ਹੇਠ ਹੋਈ ਇਸ ਹੜਤਾਲ ਨੂੰ ਬਹਾਨਾ ਬਣਾ ਕੇ ਹੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ ਅਤੇ ਦੇਸ਼ ਦੇ ਹਜ਼ਾਰਾਂ ਲੋਕਾਂ ਨੂੰ ਜੇਲਾਂ ਵਿਚ ਸੁੱਟ ਦਿੱਤਾ ਸੀ। ਇਸ ਹੜਤਾਲ ਨੂੰ ਖਤਮ ਕਰਵਾਉਣ ਲਈ ਫੌਜ ਬੁਲਾਉਣੀ ਪਈ ਸੀ ਅਤੇ ਰੇਲਵੇ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਰੇਲਵੇ ਲਾਈਨਾਂ 'ਤੇ ਬੈਠ ਗਏ ਸਨ। ਤਿੰਨ ਹਫ਼ਤਿਆਂ ਬਾਅਦ 27 ਮਈ 1974 ਨੂੰ ਰੇਲਵੇ ਮੁਲਾਜ਼ਮ ਕੁਆਰਡੀਨੇਸ਼ਨ ਕਮੇਟੀ ਨੇ ਇਹ ਹੜਤਾਲ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਸੀ।


author

Shyna

Content Editor

Related News