ਕੁਵੈਤ ਤੋਂ ਪਰਤੇ ਪੰਜਾਬੀਆਂ ਨੇ ਦੱਸੇ ਆਪਣੇ ਦੁੱਖੜੇ

07/10/2020 6:46:15 PM

ਮਾਛੀਵਾੜਾ ਸਾਹਿਬ,(ਟੱਕਰ)- ਕੋਰੋਨਾਵਾਇਰਸ ਮਹਾਂਮਾਰੀ ਕਾਰਨ ਕੁਵੈਤ 'ਚ ਫਸੇ ਪੰਜਾਬੀ ਕਾਮੇ ਭਾਰਤ ਪਰਤਣੇ ਸ਼ੁਰੂ ਹੋ ਗਏ ਹਨ ਅਤੇ ਲੁਧਿਆਣਾ ਨਾਲ ਸਬੰਧਿਤ ਵਾਪਿਸ ਆਏ ਇਨ੍ਹਾਂ ਨੌਜਵਾਨਾਂ ਨੇ 'ਜਗ ਬਾਣੀ' ਨੂੰ ਆਪਣੇ ਦੁੱਖੜੇ ਦੱਸਦਿਆਂ ਕਿਹਾ ਕਿ ਸਰਕਾਰ ਅੱਗੇ ਲੱਖ ਦੁਹਾਈਆਂ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ ਅਤੇ ਅਖੀਰ 32 ਹਜ਼ਾਰ ਰੁਪਏ ਦੀ ਜਹਾਜ਼ ਦੀ ਟਿਕਟ ਜੇਬੋਂ ਖਰਚਕੇ ਵਾਪਿਸ ਉਹ ਆਪਣੇ ਘਰ ਆਏ ਹਨ।
ਕੁਵੈਤ ਤੋਂ ਪਰਤੇ ਪੰਜਾਬੀ ਨੌਜਵਾਨਾਂ ਮਨਪ੍ਰੀਤ ਸਿੰਘ, ਸੁਖਰਾਜ ਵਰਮਾ, ਰਜਿੰਦਰ ਵਰਮਾ, ਸੰਦੀਪ ਕੁਮਾਰ, ਮਨਦੀਪ ਸਿੰਘ, ਕਰਨਵੀਰ ਸਿੰਘ ਨੂੰ ਫਿਲਹਾਲ ਲੁਧਿਆਣਾ ਵਿਖੇ ਕੁੱਝ ਦਿਨ ਲਈ ਇਕਾਂਤਵਾਸ ਕੀਤਾ ਗਿਆ ਹੈ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਅਤੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਦੇ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਵਾਪਿਸੀ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ.ਜੈ ਸ਼ੰਕਰਾ ਤੱਕ ਪਹੁੰਚ ਕੀਤੀ, ਜਿਸ ਕਾਰਨ ਉਥੋਂ ਦੀ ਭਾਰਤੀ ਅੰਬੈਂਸੀ ਨੇ ਉਨ੍ਹਾਂ ਦੇ ਪਾਸਪੋਰਟ ਕੰਪਨੀ ਤੋਂ ਵਾਪਿਸ ਦਿਵਾਏ। ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਉਹ ਪਿਛਲੇ 4 ਮਹੀਨਿਆਂ ਤੋਂ ਕੁਵੈਤ ਵਿਚ ਆਪਣੇ ਕੁਆਰਟਰਾਂ 'ਚ ਬੰਦ ਬੈਠੇ ਸਨ ਅਤੇ ਕੰਪਨੀ ਉਨ੍ਹਾਂ ਨੂੰ ਕੇਵਲ ਕੁੱਝ ਚਾਵਲ ਖਾਣ ਨੂੰ ਦੇ ਦਿੰਦੀ ਸੀ, ਜਿਸ ਨਾਲ ਉਨ੍ਹਾਂ ਦਾ ਢਿੱਡ ਵੀ ਨਹੀਂ ਸੀ ਭਰਦਾ। ਨੌਜਵਾਨਾਂ ਨੇ ਦੱਸਿਆ ਕਿ ਕੁਵੈਤ 'ਚ ਫਸੇ ਪੰਜਾਬੀ ਰੋਜ਼ਾਨਾ ਹੀ ਸੋਸ਼ਲ ਮੀਡੀਆ 'ਤੇ ਵੀਡਿਓ ਵਾਈਰਲ ਕਰ ਭਾਰਤ ਤੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਉਂਦੇ ਸਨ ਕਿ ਉਨ੍ਹਾਂ ਦੀ ਜੇਬ 'ਚ ਕੋਈ ਪੈਸਾ ਨਹੀਂ ਅਤੇ ਨਾ ਹੀ ਕੰਪਨੀ ਤਨਖਾਹ ਦੇ ਰਹੀ ਹੈ, ਇਸ ਲਈ ਉਨ੍ਹਾਂ ਦੀ ਵਾਪਿਸੀ ਦੇ ਪ੍ਰਬੰਧ ਕੀਤੇ ਜਾਣ ਪਰ ਕਿਸੇ ਨੇ ਕੋਈ ਸੁਣਵਾਈ ਨਾ ਕੀਤੀ।
ਉਕਤ ਨੌਜਵਾਨਾਂ ਨੇ ਦੱਸਿਆ ਕਿ ਅਖੀਰ ਜਦੋਂ ਸਾਬਕਾ ਸਪੀਕਰ ਅਟਵਾਲ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਪਾਸਪੋਰਟ ਮਿਲੇ ਪਰ ਜੇਬ 'ਚ ਧੇਲਾ ਨਾ ਹੋਣ ਦੇ ਬਾਵਜੂਦ ਅਖੀਰ ਉਨ੍ਹਾਂ ਆਪਣੇ ਮਾਪਿਆਂ ਤੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲੈ ਕੇ ਭਾਰਤ ਵਾਪਸੀ ਲਈ ਟਿਕਟ ਖਰੀਦੀ। ਉਨ੍ਹਾਂ ਦੱਸਿਆ ਕਿ ਪਹਿਲਾਂ ਜੋ ਕੁਵੈਤ ਤੋਂ ਭਾਰਤ ਦੀ ਟਿਕਟ 15 ਹਜ਼ਾਰ ਰੁਪਏ ਸੀ, ਉਹ 32 ਹਜ਼ਾਰ ਰੁਪਏ ਦੀ ਮਿਲੀ, ਜਿਸ ਕਾਰਨ ਉਹ ਘਰ ਵਾਪਿਸ ਪੁੱਜੇ। ਨੌਜਵਾਨਾਂ ਅਨੁਸਾਰ ਭਾਰਤ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਕੁਵੈਤ 'ਚ ਫਸੇ ਗਰੀਬ ਪੰਜਾਬੀ ਕਾਮਿਆਂ ਨੂੰ ਵਿਸ਼ੇਸ਼ ਜਹਾਜ਼ ਦਾ ਪ੍ਰਬੰਧ ਕਰ ਕੇ ਆਪਣੇ ਦੇਸ਼ ਵਾਪਿਸ ਲਿਆਂਦੀ ਪਰ ਸਰਕਾਰਾਂ ਨੇ ਉਨ੍ਹਾਂ ਨੂੰ ਬਿਲਕੁਲ ਹੀ ਵਸਾਰ ਦਿੱਤਾ। ਅਖੀਰ ਉਹ ਕਰਜ਼ਾ ਚੁੱਕ ਵਿਦੇਸ਼ ਗਏ ਸਨ ਅਤੇ ਕਰਜ਼ਾ ਚੁੱਕ ਕੇ ਹੀ ਵਾਪਿਸ ਪਰਤੇ।

ਟਿਕਟ ਦੇ ਪੈਸੇ ਨਾ ਹੋਣ ਕਾਰਨ ਸੈਂਕੜੇ ਪੰਜਾਬੀ ਅਜੇ ਵੀ ਕੁਵੈਤ 'ਚ ਫਸੇ
ਕੁਵੈਤ ਤੋਂ ਵਾਪਿਸ ਪਰਤੇ ਨੌਜਵਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਬੇਸ਼ੱਕ ਉਹ ਬੜੀ ਮੁਸ਼ਕਿਲ ਨਾਲ ਪੈਸੇ ਇਕੱਠੇ ਕਰ ਟਿਕਟ ਖਰੀਦ ਆਪਣੇ ਦੇਸ਼ ਪਰਤ ਆਏ ਹਨ ਪਰ ਅਜੇ ਵੀ ਸੈਂਕੜੇ ਨੌਜਵਾਨ ਅਜਿਹੇ ਹਨ, ਜੋ ਕਿ ਉਥੇ ਬਦਹਾਲੀ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਪਰ ਉਨ੍ਹਾਂ ਕੋਲ ਟਿਕਟ ਦੇ ਪੈਸੇ ਨਾ ਹੋਣ ਕਾਰਨ ਘਰ ਵਾਪਿਸ ਨਹੀਂ ਆ ਸਕਦੇ। ਉਨ੍ਹਾਂ ਕਿਹਾ ਕਿ ਕਈ ਪੰਜਾਬੀ ਕਾਮਿਆਂ ਦੇ ਪਰਿਵਾਰਕ ਮੈਂਬਰ ਅੱਤਾਂ ਦੇ ਗਰੀਬ ਹਨ, ਜਿਨ੍ਹਾਂ ਲਈ 30 ਹਜ਼ਾਰ ਰੁਪਏ ਦੀ ਟਿਕਟ ਖਰੀਦਣਾ ਸੰਭਵ ਨਹੀਂ, ਇਸ ਲਈ ਭਾਰਤ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਦੇਸ਼ ਦੇ ਅਜਿਹੇ ਗਰੀਬ ਫਸੇ ਨੌਜਵਾਨਾਂ ਨੂੰ ਕੁਵੈਤ ਤੋਂ ਵਾਪਿਸ ਲਿਆਉਣ ਲਈ ਵਿਸ਼ੇਸ਼ ਹਵਾਈ ਜਹਾਜ਼ਾਂ ਦਾ ਪ੍ਰਬੰਧ ਕਰੇ।

ਇਕਾਂਤਵਾਸ ਦੌਰਾਨ 300 ਰੁਪਏ ਪ੍ਰਤੀ ਦਿਨ ਖਰਚਾ ਲੈ ਰਹੀ ਸਰਕਾਰ
ਕੁਵੈਤ ਤੋਂ ਵਾਪਿਸ ਆਏ ਪੰਜਾਬੀ ਨੌਜਵਾਨਾਂ ਨੇ ਦੱਸਿਆ ਕਿ ਉਹ ਬੜੀ ਹੀ ਮੁਸ਼ਕਿਲ ਨਾਲ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਕਰਜ਼ਾ ਚੁੱਕ 32 ਹਜ਼ਾਰ ਰੁਪਏ ਦੀ ਟਿਕਟ ਦਾ ਪ੍ਰਬੰਧ ਕਰ ਵਾਪਿਸ ਭਰਤ ਪਰਤੇ ਅਤੇ ਕਰੋਨਾ ਕਾਰਨ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ 14 ਦਿਨ ਲਈ ਇਕਾਂਤਵਾਸ ਕਰ ਦਿੱਤਾ ਹੈ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਇਕਾਂਤਵਾਸ ਦੌਰਾਨ ਸਰਕਾਰ ਵਲੋਂ ਰੋਟੀ ਅਤੇ ਰਹਿਣ ਲਈ ਪ੍ਰਤੀਦਿਨ ਇੱਕ ਵਿਅਕਤੀ ਤੋਂ 300 ਰੁਪਏ ਖਰਚਾ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਵਿਦੇਸ਼ੋਂ ਆਪਣੇ ਖਰਚ 'ਤੇ ਤਾਂ ਕੀ ਵਾਪਿਸ ਲਿਆਉਣਾ ਸੀ ਉਲਟਾ ਇਕਾਂਤਵਾਸ ਰੱਖਣ ਦੇ ਵੀ ਪੈਸੇ ਵਸੂਲੇ ਜਾ ਰਹੇ ਹਨ।


Deepak Kumar

Content Editor

Related News