ਕੋਰੋਨਾ ਖਿਲਾਫ ਜੰਗ ''ਚ ਪੁਲਸ, ਸਿਹਤ ਵਿਭਾਗ ਅਤੇ ਸਫਾਈ ਕਾਮੇ ਨਿਭਾਅ ਰਹੇ ਹਨ ਅਹਿਮ ਭੂਮਿਕਾ

04/08/2020 5:49:11 PM

ਬਾਘਾਪੁਰਾਣਾ (ਜ.ਬ.): ਕੋਰੋਨਾ ਦੇ ਕਹਿਰ ਨਾਲ ਮਨੁੱਖੀ ਜ਼ਿੰਦਗੀਆਂ ਦੇ ਘੱਟੋ-ਘੱਟ ਨੁਕਸਾਨ ਲਈ ਪ੍ਰਸ਼ਾਸਨ ਦੀ ਵਧ ਤੋਂ ਵਧ ਮੁਸਤੈਦੀ ਆਪਣੇ ਮਕਸਦ ਵੱਲ ਨਿਰੰਤਰ ਸਫਲ ਹੁੰਦੀ ਦਿਖਾਈ ਦੇ ਰਹੀ ਹੈ। ਕੋਰੋਨਾ ਖਿਲਾਫ ਜੰਗ ਦੇ ਇਸ ਵੱਡੇ ਮਿਸ਼ਨ ਵਿਚ ਪੁਲਸ, ਸਿਹਤ ਵਿਭਾਗ, ਸਫਾਈ ਕਾਮੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ 'ਚ ਲਾਕਡਾਊਨ ਨੂੰ ਇਸ ਜੰਗ ਖਿਲਾਫ ਸਭ ਤੋਂ ਮਹੱਤਵਪੂਰਣ ਮੰਨਦਿਆਂ ਸਮਾਜਕ ਦੂਰੀ ਲਈ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ। ਲਾਕਡਾਊਨ ਦੇ ਫੈਸਲੇ ਨੂੰ ਪ੍ਰਭਾਵੀ ਬਣਾਉਣ ਵਿਚ ਪੁਲਸ ਦੀ ਸਖਤੀ ਹੀ ਕਰੋੜਾਂ ਲੋਕਾਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਾਉਣ ਵਿਚ ਸਫਲ ਸਾਬਤ ਹੋ ਰਹੀ ਹੈ। ਸਥਾਨਕ ਸਬ-ਡਵੀਜ਼ਨ ਦੇ ਉਪ ਪੁਲਸ ਕਪਤਾਨ ਵਰਿੰਦਰ ਸਿੰਘ, ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਕਰਫਿਊ 'ਚ ਸਖ਼ਤੀ ਦੇ ਨਾਲ-ਨਾਲ ਲੋਕਾਂ ਨੂੰ ਸਮਝਾਉਣ 'ਚ ਵੀ ਸਫਲ ਸਾਬਤ ਹੋ ਰਹੇ ਹਨ।

ਪੁਲਸ ਦੇ ਮੋਹਰੀ ਥਾਣਾ ਬਾਘਾਪੁਰਾਣਾ ਦੀ ਸਮੁੱਚੀ ਨਫਰੀ ਦੇ ਸਹਿਯੋਗ ਨਾਲ ਥਾਣੇ ਅੰਦਰਲੇ ਪੈਂਦੇ ਪਿੰਡਾਂ ਅਤੇ ਇਕੋ-ਇਕ ਸ਼ਹਿਰ ਬਾਘਾਪੁਰਾਣਾ ਵਿਚ ਡੰਡੇ ਦੇ ਬਲ ਤੋਂ ਬਗੈਰ ਹੀ ਕਿਸੇ ਨੂੰ ਬਾਜ਼ਾਰਾਂ, ਗਲੀਆਂ ਵਿਚ ਘੁੰਮਣ ਨਹੀਂ ਦੇ ਰਹੇ। ਥਾਣਾ ਮੁਖੀ ਵੱਲੋਂ ਆਪਣੀ ਟੀਮ ਨਾਲ ਗਲੀਆਂ ਅਤੇ ਬਾਜ਼ਾਰਾਂ ਵਿਚ ਗਸ਼ਤ ਲਗਾਤਾਰ ਕੀਤੀ ਜਾ ਰਹੀ ਹੈ ਜਦਕਿ ਹੋਰ ਟੀਮਾਂ ਪਿੰਡ-ਪਿੰਡ ਗਸ਼ਤ ਕਰ ਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀਆਂ ਅਰਜੋਈਆਂ ਕਰ ਰਹੀਆਂ ਹਨ। ਗਲੀਆਂ-ਬਾਜ਼ਾਰਾਂ ਵਿਚ ਸੁੰਨ ਪਸਰੀ ਹੋਈ ਹੈ ਅਤੇ ਪੁਲਸ ਦੀਆਂ ਟੀਮਾਂ ਹੀ ਚਾਰੇ ਪਾਸੇ ਨਜ਼ਰ ਆ ਰਹੀਆਂ ਹਨ। ਥਾਣਾ ਮੁਖੀ ਨੇ ਦੱਸਿਆ ਕਿ ਉਹ ਹੁਣ ਤੱਕ 20 ਵ੍ਹੀਕਲਾਂ ਦੇ ਚਲਾਨ ਕੱਟ ਜਾ ਚੁੱਕੇ ਹਨ। ਉਧਰ ਸਫਾਈ ਕਾਮੇ ਵੀ ਆਪਣੀਆਂ ਜ਼ਿੰਦਗੀਆਂ ਜੋਖਮ ਵਿਚ ਪਾ ਕੇ ਆਪਣੇ ਕਾਰਜ ਨੂੰ ਤਰਜੀਹ ਦੇ ਰਹੇ ਹਨ। ਸਫਾਈ ਕਾਮੇ ਘਰਾਂ ਵਿਚ ਕੂੜਾ ਕਰਕਟ ਚੁੱਕ ਕੇ ਲੋਕਾਂ ਨੂੰ ਸਫਾਈ ਵਾਲੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਸਿਹਤ ਵਿਭਾਗ ਦੇ ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ ਵੀ ਇਸ ਵੇਲੇ ਪੂਰੀ ਤਰ੍ਹਾਂ ਲੋਕਾਂ ਦੀ ਸਹੂਲਤ ਲਈ ਮੈਦਾਨ-ਏ-ਜੰਗ ਵਿਚ ਪੂਰੀ ਮੁਸਤੈਦੀ ਨਾਲ ਜੁਟੇ ਹੋਏ ਹਨ। ਡਾ. ਗੁਰਮੀਤ ਆਪਣੀ ਟੀਮ ਸਮੇਤ ਲੋਕਾਂ ਨੂੰ ਜਾਗਰੂਕ ਕਰਨ ਵਿਚ ਰੁੱਝੇ ਹੋਏ ਹਨ।

ਪੁਲਸ ਅਫਸਰਾਂ, ਡਾਕਟਰਾਂ ਅਤੇ ਸਫਾਈ ਕਾਮਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਿਨ-ਰਾਤ ਜਨਤਾ ਦੀ ਸੇਵਾ ਵਿਚ ਆਪਣੀਆਂ ਸੇਵਾਵਾਂ ਅਰਪਿਤ ਕਰ ਰਹੇ ਹਨ, ਇਸ ਲਈ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬਣਦੇ ਫਰਜ਼ ਨੂੰ ਨਿਭਾਅ ਕੇ ਉਨ੍ਹਾਂ ਦਾ ਸਾਥ ਦੇਣ। ਸਫਾਈ ਵੱਲ ਖੁਦ ਧਿਆਨ ਦੇਣ, ਘਰਾਂ ਵਿਚੋਂ ਬਾਹਰ ਨਾ ਨਿਕਲਣ, ਸਮਾਜਕ ਦੂਰੀ ਨਿਰੰਤਰ ਬਣਾ ਕੇ ਰੱਖਣ, ਮਾਸਕ ਪਹਿਨਣ, ਸੈਨੇਟਾਈਜ਼ਰ ਦੀ ਵਰਤੋਂ ਲਗਾਤਾਰ ਕਰਦੇ ਰਹਿਣ, ਕਰਫਿਊ ਦੀ ਪਾਲਣਾ ਵਿਚ ਕੁਤਾਹੀ ਨਾ ਕਰਨ ਤਾਂ ਹੀ ਇਸ ਜੰਗ ਨੂੰ ਜਿੱਤਿਆ ਜਾ ਸਕਦਾ ਹੈ।


Shyna

Content Editor

Related News