ਹਲਕਾ ਪਾਇਲ ''ਚ ਰਾੜਾ ਸਾਹਿਬ ਨਹਿਰ ਪੁਲ ਬਣਨ ਮਗਰੋਂ ਭਖੀ ਸਿਆਸਤ
Sunday, Jul 19, 2026 - 05:24 PM (IST)
ਖੰਨਾ (ਵਿਪਨ)- ਵਿਧਾਨ ਸਭਾ ਹਲਕਾ ਪਾਇਲ ਅੰਦਰ ਰਾੜਾ ਸਾਹਿਬ ਨਹਿਰ ਪੁਲ ਬਣਨ ਮਗਰੋਂ ਸਿਆਸਤ ਭਖ ਗਈ। ਪੁਲ ਚਾਲੂ ਹੋਣ ਮਗਰੋਂ ਅਚਾਨਕ ਇਸ ਮਾਮਲੇ 'ਚ ਕਾਂਗਰਸ ਨੇ ਦਖ਼ਲ ਦਿੱਤਾ ਅਤੇ ਨਾਲ ਹੀ ਦਾਅਵਾ ਕਰ ਦਿੱਤਾ ਕਿ ਇਹ ਪੁਲ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਦੀ ਬਦੌਲਤ ਪਾਸ ਹੋਇਆ ਅਤੇ ਬਣਿਆ। ਇਸ 'ਚ ਆਮ ਆਦਮੀ ਪਾਰਟੀ ਦੀ ਕੋਈ ਭੂਮਿਕਾ ਨਹੀਂ ਹੈ। ਦੂਜੇ ਪਾਸੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਕਾਂਗਰਸੀ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ 'ਤੇ ਤੱਤੇ ਹੋਏ। ਇਸ ਦੇ ਨਾਲ ਹੀ ਖੁੱਲ੍ਹਾ ਚੈਲੰਜ ਵੀ ਕਰ ਦਿੱਤਾ ਗਿਆ।
ਦੱਸ ਦਈਏ ਕਿ ਲੱਖਾਂ ਲੋਕਾਂ ਦੀ ਸ਼ਰਧਾ ਦਾ ਕੇਂਦਰ ਮੰਨੇ ਜਾਂਦੇ ਗੁਰਦੁਆਰਾ ਸ਼੍ਰੀ ਰਾੜਾ ਸਾਹਿਬ ਵਾਲੀ ਨਹਿਰ ਉਪਰ ਅੰਗਰੇਜ਼ਾਂ ਦੇ ਸਮੇਂ ਦਾ ਇਕ ਤੰਗ ਪੁਲ ਬਣਿਆ ਸੀ। ਹਰ ਸਾਲ ਵੱਡੇ ਸਮਾਗਮਾਂ ਤੋਂ ਇਲਾਵਾ ਐਤਵਾਰ ਨੂੰ ਸ਼ਰਧਾਲੂ ਵੱਡੀ ਗਿਣਤੀ 'ਚ ਆਉਂਦੇ ਹਨ ਪਰ ਟ੍ਰੈਫਿਕ ਜਾਮ ਕਾਰਨ ਕਾਫ਼ੀ ਪ੍ਰੇਸ਼ਾਨੀ ਹੁੰਦੀ ਸੀ। ਇਸ ਦੇ ਹੱਲ ਲਈ ਨਵਾਂ ਪੁਲ ਬਣਾਉਣ ਦੀ ਮੰਗ ਪਿਛਲੇ 50 ਸਾਲਾਂ ਤੋਂ ਚੱਲੀ ਆ ਰਹੀ ਸੀ। ਇਸ ਮੰਗ ਨੂੰ ਲੈ ਕੇ ਇਲਾਕੇ ਦੇ ਲੋਕ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਵੀ ਮਿਲਦੇ ਰਹੇ ਸੀ।

ਇਹ ਵੀ ਪੜ੍ਹੋ: ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ ਸੀ ਦਸਤਾਰ, ਸਿਰਫ਼ ਦੋ ਮਿੰਟਾਂ 'ਚ ਬੰਨ੍ਹੀ 'ਸੈਮੀ-ਪਟਿਆਲਾ ਸ਼ਾਹੀ' ਪੱਗ
ਵਿਧਾਇਕ ਗਿਆਸਪੁਰਾ ਨੇ ਨਹਿਰ 'ਤੇ ਲੋਹੇ ਦਾ ਪੁਲ ਬਣਾਉਣ ਸਬੰਧੀ ਕਈ ਵਾਰ ਕੇਂਦਰ ਅਤੇ ਸੂਬਾ ਸਰਕਾਰ ਨੂੰ ਪੱਤਰ ਵੀ ਲਿਖੇ, ਜਿਸ ਮਗਰੋਂ ਕਰੀਬ ਦੋ ਸਾਲ ਪਹਿਲਾਂ ਇਥੇ ਪੁਲ ਨਿਰਮਾਣ ਨੂੰ ਮਨਜ਼ੂਰੀ ਮਿਲ ਗਈ ਸੀ। ਫਿਰ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਥਾਂ ਦੀ ਚੋਣ ਕਰਕੇ ਪੁਲ ਦਾ ਨਿਰਮਾਣ ਵਿਧਾਇਕ ਗਿਆਸਪੁਰਾ ਨੇ ਸ਼ੁਰੂ ਕਰਵਾ ਦਿੱਤਾ ਸੀ। ਹੁਣ ਇਥੇ ਪੁਲ ਬਣਾ ਕੇ ਚਾਲੂ ਕਰ ਦਿੱਤਾ ਗਿਆ। ਜਿਵੇਂ ਹੀ ਪੁਲ ਚਾਲੂ ਹੋਇਆ ਤਾਂ ਇਸ ਮਾਮਲੇ 'ਚ ਕਾਂਗਰਸੀ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਦਖ਼ਲ ਦਿੱਤਾ।

ਇਹ ਵੀ ਪੜ੍ਹੋ: ਨਕੋਦਰ ਵਿਖੇ ਦੋ ਵਿਅਕਤੀਆਂ ਦੀਆਂ ਮਿਲੀਆਂ ਲਾਸ਼ਾਂ! ਫ਼ੈਲੀ ਸਨਸਨੀ
ਬੀਤੇ ਦਿਨ ਸੰਸਦ ਮੈਂਬਰ ਡਾ. ਅਮਰ ਸਿੰਘ ਰਾੜਾ ਸਾਹਿਬ ਦੌਰੇ 'ਤੇ ਆਏ। ਇਥੇ ਪੁਲ ਦਾ ਨਿਰੀਖਣ ਕਰਦੇ ਹੋਏ ਦਾਅਵਾ ਕੀਤਾ ਕਿ ਜਿੰਨੇ ਵੀ ਕੰਮ ਪ੍ਰਧਾਨਮੰਤਰੀ ਗ੍ਰਾਮੀਣ ਵਿਕਾਸ ਯੋਜਨਾ ਅਧੀਨ ਹੁੰਦੇ ਹਨ ਉਹ ਇਲਾਕੇ ਦੇ ਸੰਸਦ ਮੈਂਬਰ ਦੀ ਸਿਫ਼ਾਰਿਸ਼ ਉਪਰ ਕੀਤੇ ਜਾਂਦੇ ਹਨ। ਡਾ. ਅਮਰ ਸਿੰਘ ਨੇ ਮੌਕੇ 'ਤੇ ਮੌਜੂਦ ਸਬੰਧਤ ਮਹਿਕਮੇ ਦੇ ਇਕ ਅਧਿਕਾਰੀ ਤੋਂ ਫਾਇਲ ਫੜ੍ਹ ਕੇ ਦਸਤਖ਼ਤ ਕਰਦੇ ਹੋਏ ਦਾਅਵਾ ਕੀਤਾ ਕਿ ਜੇਕਰ ਉਹ ਦਸਤਖ਼ਤ ਨਾ ਕਰਨ ਤਾਂ ਇਸ ਦੀ ਪੇਮੈਂਟ ਵੀ ਨਹੀਂ ਹੋਵੇਗੀ। ਸੰਸਦ ਮੈਂਬਰ ਦੇ ਨਾਲ ਮੌਜੂਦ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਗਿਆਸਪੁਰਾ ਉਪਰ ਝੂਠ ਬੋਲਣ ਦੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਰਾੜਾ ਸਾਹਿਬ ਪੁਲ ਸਮੇਤ ਹੋਰਨਾਂ ਸੜਕਾਂ ਦਾ ਨਿਰਮਾਣ ਸੰਸਦ ਮੈਂਬਰ ਦੀ ਬਦੌਲਤ ਹੋਇਆ। ਆਮ ਆਦਮੀ ਪਾਰਟੀ ਝੂਠ ਬੋਲ ਰਹੀ ਹੈ। ਲੱਖਾ ਨੇ ਵਿਧਾਇਕ ਦੇ ਅੰਮ੍ਰਿਤਧਾਰੀ ਹੋਣ ਉਪਰ ਟਿੱਪਣੀ ਕਰਦਿਆਂ ਕਿਹਾ ਕਿ ਉਹ ਅੰਮ੍ਰਿਤਧਾਰੀ ਸਿੱਖ ਹੋ ਕੇ ਝੂਠ ਬੋਲਦੇ ਰਹਿੰਦੇ ਹਨ। ਕਾਂਗਰਸ ਕਿਸੇ ਕ੍ਰੇਡਿਟ ਵਾਰ 'ਚ ਨਹੀਂ ਪੈਣਾ ਚਾਹੁੰਦੀ। ਇਹ ਜਨਹਿੱਤ ਦਾ ਕੰਮ ਹੈ।

ਜਿਵੇਂ ਹੀ ਕਾਂਗਰਸ ਨੇ ਇਹ ਇਲਜ਼ਾਮ ਲਾਏ ਤਾਂ ਦੂਜੇ ਪਾਸੇ ਹਲਕੇ 'ਚ ਮੌਜੂਦ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਕਾਂਗਰਸੀਆਂ 'ਤੇ ਤੱਤੇ ਹੋ ਗਏ। ਗਿਆਸਪੁਰਾ ਨੇ ਖ਼ਰੀਆਂ ਸੁਣਾਉਂਦੇ ਹੋਏ ਕਾਂਗਰਸ ਨੂੰ ਸਿੱਖਾਂ ਦੀ ਵਿਰੋਧੀ ਜਮਾਤ ਕਰਾਰ ਦਿੰਦੇ ਹੋਏ ਕਿਹਾ ਕਿ ਅੱਜ ਮੁਸ਼ਕਿਲ ਨਾਲ ਇਲਾਕੇ 'ਚ ਸੰਸਦ ਮੈਂਬਰ ਵਿਖਾਈ ਦਿੱਤੇ ਹਨ, ਜੋ ਕਦੇ ਵੀ ਕਿਸੇ ਕੰਮ ਲਈ ਨਹੀਂ ਆਏ। ਕਦੇ ਲੋਕ ਸਭਾ ਅੰਦਰ ਪਾਇਲ ਹਲਕੇ ਦੀ ਆਵਾਜ਼ ਨੀ ਚੁੱਕੀ। ਅੱਜ ਸਿਆਸਤ ਕਰਨ ਆ ਗਏ। ਗਿਆਸਪੁਰਾ ਨੇ ਖੁੱਲ੍ਹਾ ਚੈਲੰਜ ਕਰਦੇ ਹੋਏ ਕਿਹਾ ਕਿ ਸਾਬਕਾ ਵਿਧਾਇਕ ਲੱਖਾ ਵਿਖਾਉਣ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਨੇ ਕਦੋਂ ਕਿਸ ਨੂੰ ਪੱਤਰ ਲਿਖੇ ਹਨ ਜਾਂ ਮੈਂ ਵਿਖਾਵਾਂਗਾ ਕਿ ਪੁਲ ਬਣਾਉਣ ਲਈ ਕਿੰਨੇ ਪੱਤਰ ਲਿਖੇ। ਅੰਮ੍ਰਿਤਧਾਰੀ ਹੋਣ 'ਤੇ ਟਿੱਪਣੀ ਦਾ ਸਖ਼ਤ ਵਿਰੋਧ ਕਰਦੇ ਹੋਏ ਗਿਆਸਪੁਰਾ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਕਰਨੀਆਂ ਕਾਂਗਰਸੀ ਬੰਦ ਕਰ ਦੇਣ ਨਹੀਂ ਤਾਂ ਫਿਰ ਅੰਜਾਮ ਭੁਗਤਣਾ ਪਵੇਗਾ।
ਇਹ ਵੀ ਪੜ੍ਹੋ: Punjab: 'ਮੈਨੂੰ ਲੱਭ ਲੈਣਾ, ਮੇਰੀ ਕਾਰ MP ਦੀ ਕੋਠੀ ਨੇੜੇ ਖੜ੍ਹੀ', ਫਿਰ ਨਹਿਰ ਕੋਲ ਪਹੁੰਚ ਨੌਜਵਾਨ ਨੇ ਕੀਤਾ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
