ਕਾਂਗਰਸੀ ਉਮੀਦਵਾਰਾਂ ਦੀ ਸੂਚੀ ਦੇ ਨਾਮ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਕ ਸੂਚੀ

01/22/2021 3:34:23 PM

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ): 14 ਫ਼ਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੇ ਸਬੰਧ ’ਚ ਸ੍ਰੀ ਮੁਕਤਸਰ ਸਾਹਿਬ ਦੇ 31 ਵਾਰਡਾਂ ’ਚ ਨਗਰ ਕੌਂਸਲ ਦੀ ਚੋਣ ਲੜਣ ਦੇ ਚਾਹਵਾਨ ਵੱਖ-ਵੱਖ ਰਾਜਸੀ ਪਾਰਟੀਆਂ ਦੇ ਵਰਕਰਾਂ ਨੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ। ਬੇਸ਼ੱਕ ਸ਼ੋ੍ਰਮਣੀ ਅਕਾਲੀ ਦਲ ਨੇ 31 ’ਚੋਂ 28 ਵਾਰਡਾਂ ਦੀ ਪਹਿਲੀਸੂਚੀ ਜਾਰੀ ਕਰਕੇ ਪਹਿਲਕਦਮੀ ਕਰ ਦਿੱਤੀ ਹੈ, ਪਰ ਦੂਜੇ ਪਾਸੇ ਸੱਤਾਧਾਰੀ ਕਾਂਗਰਸ ਪਾਰਟੀ ਨੇ ਵੀ ਟਿਕਟ ਦੇ ਚਾਹਵਾਨਾਂ ਨੇ ਹਲਚੱਲ ਸ਼ੁਰੂ ਕਰ ਦਿੱਤੀ ਹੈ।

ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਵੱਖ-ਵੱਖ ਵਟਸਐੱਪ ਗਰੁੱਪਾਂ ਅਤੇ ਸੋਸ਼ਲ ਮੀਡੀਆ ਦੇ ਸਾਧਨਾਂ ’ਤੇ ਇੱਕ ਉਮੀਦਵਾਰਾਂ ਦੀ ਲਿਸਟ ਵਾਇਰਲ ਹੋ ਰਹੀ ਹੈ, ਜਿਸ ਨੂੰ ਕਥਿਤ ਤੌਰ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਲਿਸਟ ਕਿਹਾ ਜਾ ਰਿਹਾ ਹੈ। ਇਸ ਲਿਸਟ ਵਿੱਚ ਸ਼ਾਮਲ ਨਾਮ ਵਾਲੇ ਵਿਅਕਤੀਆਂ ਨੇ ਆਪਣੇ ਪੱਧਰ ’ਤੇ ਜਿੱਥੇ ਵਾਰਡਾਂ ’ਚ ਹਲਚਲ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਲਿਸਟ ਵਿੱਚ ਸ਼ਾਮਲ ਵਿਅਕਤੀ ਆਪਣੇ ਆਪ ਨੂੰ ਹੁਣ ਤੋਂ ਹੀ ਕਾਂਗਰਸ ਦਾ ਉਮੀਦਵਾਰ ਸਮਝਣ ਲੱਗੇ ਹਨ। ਇਸ ਲਿਸਟ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਨਾਂਅ ਹਨ, ਉਨ੍ਹਾਂ ਨੇ ਨਗਰ ਕੌਂਸਲ ਵਿੱਚ ਐੱਨ.ਓ.ਸੀ. ਲੈਣ ਲਈ ਵੀ ਅਪਲਾਈ ਕਰ ਦਿੱਤਾ ਹੈ ਜਾਂ ਐੱਨ.ਓ.ਸੀ. ਲੈ ਚੁੱਕੇ ਹਨ।

ਵਾਇਰਲ ਹੋਈ ਕਥਿਤ ਕਾਂਗਰਸੀ ਉਮੀਦਵਾਰਾਂ ਦੀ ਲਿਸਟ ਨੇ ਜਿੱਥੇ ਬਹੁਤ ਸਾਰੀਆਂ ਚਰਚਾਵਾਂ ਛੇੜ ਦਿੱਤੀਆਂ ਹਨ, ਉਥੇ ਹੀ ਇਸ ਲਿਸਟ ਵਿੱਚ ਰੱਦੋ ਬਦਲ ਦੀਆਂ ਕਿਆਸਅਰਾਈਆਂ ਵੀ ਖੁੰਢ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸ ਲਿਸਟ ਦੇ ਅਾਧਾਰ ’ਤੇ ਹਰ ਇੱਕ ਵਿਅਕਤੀ ਆਪਣੇ ਅੰਦਾਜ਼ੇ ਲਗਾ ਰਿਹਾ ਹੈ ਕਿ ਹਲਕਾ ਸ੍ਰੀ ਮੁਕਤਸਰ ਸਾਹਿਬ ਵਿੱਚ ਕਾਂਗਰਸ ਦਾ ਕਿਹੜਾ ਧੜਾ ਭਾਰੀ ਹੈ ਅਤੇ ਕਿਸ ਧੜੇ ਨੂੰ ਇਸ ਲਿਸਟ ਵਿੱਚ ਨੁਮਾਇੰਦਗੀ ਨਹੀਂ ਮਿਲੀ। ਆਲਮ ਇਹ ਹੈ ਕਿ ਕੁੱਝ ਕੁ ਅਖ਼ਬਾਰਾਂ ਨੇ ਇਸ ਲਿਸਟ ਨੂੰ ਕਾਂਗਰਸੀ ਉਮੀਦਵਾਰਾਂ ਦੀ ਲਿਸਟ ਕਹਿਕੇ ਛਾਪ ਵੀ ਦਿੱਤਾ ਹੈ।

ਉਧਰ ਜਦੋਂ ਇਸ ਮਾਮਲੇ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਸੋਥਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਅਜੇ ਤੱਕ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦੀ ਕੋਈ ਸੂਚੀ ਜਾਰੀ ਨਹੀਂ ਕੀਤੀ ਗਈ। ਜਦੋਂ ਉਨ੍ਹਾਂ ਨੂੰ ਵਟਸਐਪ ’ਤੇ ਵਾਇਰਲ ਤੇ ਕੁੱਝ ਅਖ਼ਬਾਰਾਂ ਵਿੱਚ ਛਪੀ ਉਮੀਦਵਾਰਾਂ ਦੀ ਸੂਚੀ, ਜਿਸਨੂੰ ਕਥਿਤ ਤੌਰ ’ਤੇ ਕਾਂਗਰਸੀ ਉਮੀਦਵਾਰਾਂ ਦੀ ਸੂਚੀ ਕਿਹਾ ਜਾ ਰਿਹਾ ਹੈ, ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਸੂਚੀ ਜਾਰੀ ਨਹੀਂ ਹੋਈ ਅਤੇ ਕਾਂਗਰਸ ਵੱਲੋਂ ਆਉਣ ਵਾਲੇ ਹਫ਼ਤੇ ਵਿੱਚ ਸੂਚੀ ਜਾਰੀ ਹੋਣ ਦੀ ਉਮੀਦ ਹੈ। ਵਾਇਰਲ ਹੋ ਰਹੀ ਸੂਚੀ ਨਾਲ ਕਾਂਗਰਸ ਪਾਰਟੀ ਦਾ ਕੋਈ ਸਬੰਧ ਨਹੀਂ। ਇੱਥੇ ਵਰਣਨਯੋਗ ਹੈ ਕਿ ਜੇਕਰ ਵਾਇਰਲ ਹੋ ਰਹੀ ਕਥਿਤ ਕਾਂਗਰਸੀ ਉਮੀਦਵਾਰਾਂ ਦੀ ਸੂਚੀ ਸਹੀ ਸਾਬਿਤ ਹੁੰਦੀ ਹੈ ਤਾਂ ਜਿੱਥੇ ਬਹੁਤ ਸਾਰੇ ਕੰਮ ਕਰ ਰਹੇ ਕਾਂਗਰਸ ਦੇ ਵਰਕਰਾਂ ਨੂੰ ਅੱਖੋ ਪਰੋਖੇ ਕੀਤਾ ਜਾਵੇਗਾ, ਉਥੇ ਹੀ ਕਈ ਵਰਕਰਾਂ ਦੇ ਵਾਰਡ ਬਦਲਣ ਕਾਰਨ ਉਨ੍ਹਾਂ ਦੇ ਪੱਲੇ ਹੀ ਨਿਰਾਸ਼ਾ ਹੀ ਪਵੇਗੀ, ਜਿਸ ਕਾਰਨ ਬਹੁਤ ਸਾਰੇ ਸਿਆਸੀ ਮਾਹਿਰ ਵੀ ਸੱਤਾਧਾਰੀ ਪਾਰਟੀ ਦੀ ਇੱਕ ਵਾਇਰਲ ਸੂਚੀ ’ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਹਨ। ਭਾਵੇਂ ਇਹ ਅਜੇ ਭਵਿੱਖ ਦੇ ਗਰਭ ਵਿੱਚ ਹੈ ਕਿ ਸੱਤਾਧਾਰੀ ਪਾਰਟੀ ਵੱਲੋਂ ਕਿਸ ਵਿਅਕਤੀ ਨੂੰ ਟਿਕਟ ਦਿੱਤੀ ਜਾਂਦੀ ਹੈ, ਪਰ ਇਸ ਵਾਇਰਲ ਸੂਚੀ ਦੇ ਅਾਧਾਰ ’ਤੇ ਬਹੁਤੇ ਵਿਅਕਤੀ ਹੁਣ ਤੋਂ ਹੀ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਹੋਣ ਦੀ ਫੀਲਿੰਗ ਲੈਂਦੇ ਜਾਪ ਰਹੇ ਹਨ।


Shyna

Content Editor

Related News