ਥ੍ਰੀ ਵੀਲਰ ਦੀ ਮੋਟਰਸਾਈਕਲ ਨਾਲ ਟੱਕਰ, 2 ਨੌਜਵਾਨ ਗੰਭੀਰ ਜ਼ਖਮੀ

Sunday, Aug 02, 2020 - 02:42 AM (IST)

ਥ੍ਰੀ ਵੀਲਰ ਦੀ ਮੋਟਰਸਾਈਕਲ ਨਾਲ ਟੱਕਰ, 2 ਨੌਜਵਾਨ ਗੰਭੀਰ ਜ਼ਖਮੀ

ਲੰਬੀ/ਮਲੋਟ, (ਜੁਨੇਜਾ)-ਬੀਤੀ ਰਾਤ ਪਿੰਡ ਫਤਿਹਪੁਰ ਮੰਨੀਆਂ ਨਜ਼ਦੀਕ ਭਾਰ ਢੋਹਣ ਵਾਲੇ ਥ੍ਰੀ ਵੀਲਰ ਅਤੇ ਮੋਟਰਸਾਈਕਲ ਦਰਮਿਆਨ ਹੋਏ ਇਕ ਹਾਦਸੇ ਵਿਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦੇ ਨਾਮ ਸੂਰਜ ਰਾਮ ਪੁੱਤਰ ਰਾਮ ਕੁਮਾਰ ਅਤੇ ਸਾਥੀ ਬੱਬੂ ਮਾਨ ਪੁੱਤਰ ਤੇਜਾ ਸਿੰਘ ਦੋਨੇ ਉਮਰ 19-19 ਸਾਲ ਅਤੇ ਵਾਸੀ ਹਿੰਮਤਪੁਰਾ ਜ਼ਿਲਾ ਫਾਜ਼ਿਲਕਾ ਹਨ ਅਤੇ ਇਨ੍ਹਾਂ ’ਚੋਂ ਸੂਰਜ ਪਿੰਡ ਫਤਿਹਪੁਰ ਮੰਨੀਆਂ ਵਾਲਾ ਵਿਖੇ ਕਿਸਾਨ ਮਹਿਲ ਸਿੰਘ ਦੇ ਸੀਰੀ ਲੱਗਾ ਹੋਇਆ ਹੈ। ਪਰਿਵਾਰਕ ਮੈਂਬਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਕਰੀਬ ਸਾਢੇ ਅੱਠ ਵਜੇ ਸੂਰਜ ਅਤੇ ਬੱਬੂ ਮਾਨ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਦਿਉਣਖੇਡ਼ਾ ਤੋਂ ਪਿੰਡ ਤੋਂ ਫਤਿਹਪੁਰ ਮੰਨੀਆਂ ਆ ਰਹੇ ਸਨ। ਦੋਨਾਂ ਪਿੰਡਾਂ ਦੇ ਦਰਮਿਆਨ ਇਕ ਬਿਨਾਂ ਲਾਈਟ ਤੋਂ ਭਾਰ ਢੋਹਣ ਵਾਲਾ ਥ੍ਰੀ ਵੀਲਰ ਦੇ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ। ਥ੍ਰੀ ਵੀਲਰ ਤੇਜ਼ ਰਫਤਾਰ ਤੇ ਹੋਣ ਕਰਕੇ ਦੋਨੇ ਮੋਟਰਸਾਈਕਲ ਸਵਾਰ ਨਾਲ ਝੋਨੇ ਦੇ ਖੇਤ ਵਿਚ ਜਾ ਡਿੱਗੇ ਅਤੇ ਗੰਭੀਰ ਜ਼ਖਮੀ ਹੋ ਗਏ।

ਇਸ ਮੌਕੇ ਨੇਡ਼ੇ ਖੇਤਾਂ ਵਿਚ ਫਿਰ ਰਹੇ ਕਿਸਾਨਾਂ ਨੂੰ ਹਾਦਸੇ ਦਾ ਪਤਾ ਲੱਗਾ ਤਾਂ ਉਨ੍ਹਾਂ ਦੋਨਾਂ ਜ਼ਖਮੀਆਂ ਨੂੰ ਸੰਭਾਲਿਆ ਅਤੇ ਹਸਪਤਾਲ ਵਿਚ ਦਾਖਲ ਕਰਾਇਆ ਅਤੇ ਥ੍ਰੀ ਵੀਲਰ ਚਾਲਕ ਨੂੰ ਕਾਬੂ ਕਰ ਲਿਆ। ਥ੍ਰੀ ਵੀਲਰ ਚਾਲਕ ਦੀ ਪਛਾਣ ਸੋਨੂੰ ਵਾਸੀ ਟਰੱਕ ਯੂਨੀਅਨ ਦੇ ਪਿੱਛੇ ਮਲੋਟ ਵਜੋਂ ਹੋਈ ਹੈ।

ਉਧਰ ਦੋਨਾਂ ਨੌਜਵਾਨਾਂ ਦੀਆਂ ਸੱਜੀਆਂ ਲੱਤਾਂ ਟੁੱਟ ਗਈਆਂ ਹੋਣ ਕਰਕੇ ਉਨ੍ਹਾਂ ਨੂੰ ਪਹਿਲਾਂ ਮਲੋਟ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਜਿਥੋਂ ਦੋਨਾਂ ਜ਼ਖਮੀਆਂ ਨੂੰ ਬਠਿੰਡਾ ਦੇ ਇਕ ਹੱਡੀਆਂ ਦੇ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਹੈ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।


author

Bharat Thapa

Content Editor

Related News