ਕਾਲਜ ''ਚ ਮਹਿਲਾ ਸਟਾਫ ਨਾਲ ਬਦਸਲੂਕੀ ਕਰਨ ਵਾਲੇ ਸੈਕਟਰੀ ਵਿਰੁੱਧ ਕਾਰਵਾਈ ਦੀ ਮੰਗ

08/07/2020 6:31:53 PM

ਮਲੋਟ,(ਜੁਨੇਜਾ) - ਗੁਰੂ ਤੇਗ ਬਹਾਦੁਰ ਖਾਲਸਾ ਬਹੁ ਤਕਨੀਕੀ ਵਿਦਿਅਕ ਅਦਾਰੇ ਛਾਪਿਆਂਵਾਲੀ ਦੇ ਸਟਾਫ਼ ਨੇ ਅੱਜ ਕਾਲਜ ਵਿਖੇ ਧਰਨਾ ਲਾਇਆ। ਇਸ ਮੌਕੇ ਹਾਜ਼ਰ ਸਾਰੇ ਸਟਾਫ਼ ਨੇ ਕਾਲਜ ਦੀ ਨਵੀਂ ਗਵਰਨਿੰਗ ਬਾਡੀ ਦੇ ਸੈਕਟਰੀ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਉਸ ਵੱਲੋਂ ਮਹਿਲਾ ਸਟਾਫ਼ ਮੈਂਬਰਾਂ ਨਾਲ ਕੀਤੇ ਮਾੜੇ ਸਲੂਕ ਨੂੰ ਲੈ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ 4 ਅਗਸਤ ਨੂੰ ਸੰਸਥਾਂ ਦੇ ਮਹਿਲਾ ਸਟਾਫ਼ ਸਮੇਤ ਮੈਂਬਰਾਂ ਨੇ ਦੋਸ਼ ਲਾਏ ਸਨ ਕਿ ਕਾਲਜ ਵਿਚ ਪ੍ਰਬੰਧਾਂ ਉਪਰ ਕਾਬਜ ਹੋਣ ਦਾ ਦਾਅਵਾ ਕਰਨ ਵਾਲੀ ਨਵੀਂ ਕਮੇਟੀ ਦੇ ਸੈਕਟਰੀ ਸੁਦਰਸ਼ਨ ਜੱਗਾ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਅਤੇ ਮਾੜਾ ਵਿਹਾਰ ਕੀਤਾ ਜਾਂਦਾ ਹੈ। ਇਸ ਸਬੰਧੀ ਸੈਕਟਰੀ ਜੱਗਾ ਨੇ ਇਹਨਾਂ ਦੋਸ਼ਾਂ ਨੂੰ ਰੱਦ ਕੀਤਾ ਸੀ ਪਰ ਕਾਲਜ ਦੇ ਸਟਾਫ਼ ਵੱਲੋਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਲਈ ਸਿਟੀ ਮਲੋਟ ਪੁਲਸ ਨੂੰ ਇਕ ਲਿਖਤੀ ਸ਼ਿਕਾਇਤ ਵੀ ਕੀਤੀ ਸੀ।

ਉਧਰ ਅੱਜ ਕਾਲਜ ਦੇ ਸਟਾਫ਼ ਨੇ ਕਾਲਜ ਦੇ ਅਹਾਤੇ ਵਿਚ ਧਰਨਾ ਲਗਾ ਕੇ ਸੈਕਟਰੀ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਪਿੱਪਲਦੀਪ ਸਿੰਘ, ਹਰਜਿੰਦਰ ਸਿੰਘ, ਚੰਦਨ, ਦਿਲਬਾਗ ਸਿੰਘ, ਗੁਰਮੇਲ ਸਿੰਘ, ਮਨਜੀਤ ਕੌਰ, ਮਨਿੰਦਰਪਾਲ ਕੌਰ, ਦੁਲੀ ਰਾਮ, ਪਰਮਜੀਤ ਕੌਰ, ਬਲਰਾਜ ਸਿੰਘ, ਬਲਰਾਜ ਮਾਨ, ਗੁਲਵੰਤ ਸਿੰਘ, ਰਕੇਸ਼ ਕੁਮਾਰ, ਓਮ ਪ੍ਰਕਾਸ਼, ਸੰਦੀਪ ਸਿੰਘ, ਕ੍ਰਿਸ਼ਨ ਕੁਮਾਰ, ਹਰਵਿੰਦਰ ਸਿੰਘ ਸਮੇਤ ਸਟਾਫ਼ ਮੈਂਬਰਾਂ ਨੇ ਮੰਗ ਕੀਤੀ ਕਿ ਸੈਕਟਰੀ ਵੱਲੋਂ ਉਨ੍ਹਾਂ ਦੀਆਂ 16 ਮਹੀਨਿਆਂ ਦੀਆਂ ਬਕਾਇਆ ਤਨਖਾਹਾਂ ਦਿੱਤੀਆਂ ਜਾਣ। ਮਹਿਲਾ ਕਰਮਚਾਰੀਆਂ ਸਮੇਤ ਸਟਾਫ਼ ਨਾਲ ਕੀਤੇ ਮਾੜੇ ਵਰਤਾਅ ਅਤੇ ਗਲਤ ਵਿਹਾਰ ਕਰਨ ਬਦਲੇ ਸੈਕਟਰੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਕਾਲਜ ਦੇ ਪ੍ਰਬੰਧਾਂ ਨੂੰ ਕੋਈ ਮਰਜੀ ਟਰੱਸਟ ਚਲਾਵੇ ਪਰ ਸੁਦਰਸ਼ਨ ਜੱਗਾ ਦੀ ਕਾਲਜ ਵਿਚ ਦਾਖਲ ਹੋਣ 'ਤੇ ਪਾਬੰਦੀ ਲਾਈ ਜਾਵੇ। ਸਟਾਫ ਮੈਂਬਰਾਂ ਦਾ ਕਹਿਣਾ ਸੀ ਕਿ ਉਹ ਇਸ ਸਬੰਧੀ ਪੁਲਸ ਦੇ ਉਚ ਅਧਿਕਾਰੀਆਂ ਅਤੇ ਮਹਿਲਾ ਕਮਿਸ਼ਨ ਨੂੰ ਵੀ ਕਾਰਵਾਈ ਲਈ ਲਿਖਣਗੇ ਅਤੇ ਸੋਮਵਾਰ ਤੋਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ।


Deepak Kumar

Content Editor

Related News