ATF ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ! ਜਵਾਬੀ ਕਾਰਵਾਈ ਮਗਰੋਂ ਚਾਰ ਗ੍ਰਿਫ਼ਤਾਰ

Tuesday, Jun 30, 2026 - 07:48 PM (IST)

ATF ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ! ਜਵਾਬੀ ਕਾਰਵਾਈ ਮਗਰੋਂ ਚਾਰ ਗ੍ਰਿਫ਼ਤਾਰ

ਬਠਿੰਡਾ (ਵਿਜੈ ਵਰਮਾ) : ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਅਤੇ ਚਾਰ ਕਥਿਤ ਗੈਂਗਸਟਰਾਂ ਵਿਚਾਲੇ ਮੰਗਲਵਾਰ ਦੇਰ ਸ਼ਾਮ ਬਠਿੰਡਾ ਜ਼ਿਲ੍ਹੇ ਵਿੱਚ ਹੋਏ ਮੁਕਾਬਲੇ ਦੌਰਾਨ ਪੁਲਸ ਨੇ ਇੱਕ ਬਦਮਾਸ਼ ਨੂੰ ਗੋਲੀ ਲੱਗਣ ਤੋਂ ਬਾਅਦ ਕਾਬੂ ਕਰ ਲਿਆ, ਜਦਕਿ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਵੀ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਦੋ ਨਾਜਾਇਜ਼ ਹਥਿਆਰ ਤੇ ਵਾਰਦਾਤ 'ਚ ਵਰਤੇ ਗਏ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ।

ਜਾਣਕਾਰੀ ਅਨੁਸਾਰ, ਏਜੀਟੀਐੱਫ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਚਾਰ ਸ਼ੱਕੀ ਅਪਰਾਧੀ ਪਿੰਡ ਜੋਗਾਨੰਦ ਨੇੜੇ ਸਰਹਿੰਦ ਨਹਿਰ ਦੀ ਪੱਟੜੀ 'ਤੇ ਮੌਜੂਦ ਹਨ। ਸੂਚਨਾ ਦੇ ਆਧਾਰ 'ਤੇ ਪੁਲਸ ਟੀਮ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਪੁਲਸ ਨੂੰ ਦੋ ਮੋਟਰਸਾਈਕਲਾਂ 'ਤੇ ਸਵਾਰ ਚਾਰ ਨੌਜਵਾਨ ਨਜ਼ਰ ਆਏ। ਜਦੋਂ ਪੁਲਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮਾਂ ਨੇ ਕਥਿਤ ਤੌਰ 'ਤੇ ਪੁਲਸ ਟੀਮ 'ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਵੱਲੋਂ ਚਾਰ ਰਾਊਂਡ ਫਾਇਰ ਕੀਤੇ ਗਏ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਪੁਲਸ ਵਾਹਨ ਨੂੰ ਲੱਗੀਆਂ। ਹਾਲਾਂਕਿ, ਇਸ ਦੌਰਾਨ ਪੁਲਸ ਮੁਲਾਜ਼ਮ ਵਾਲ-ਵਾਲ ਬਚ ਗਏ। ਜਵਾਬੀ ਕਾਰਵਾਈ ਦੌਰਾਨ ਪੁਲਸ ਦੀ ਗੋਲੀ ਇੱਕ ਮੁਲਜ਼ਮ ਦੇ ਪੈਰ ਵਿਚ ਲੱਗੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੇ ਤਿੰਨ ਸਾਥੀਆਂ ਨੂੰ ਵੀ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ।

ਜ਼ਖ਼ਮੀ ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਪਿੰਡ ਰੋੜੀ ਵਜੋਂ ਹੋਈ ਹੈ, ਜਿਸ ਨੂੰ ਇਲਾਜ ਲਈ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਗ੍ਰਿਫ਼ਤਾਰ ਹੋਏ ਹੋਰ ਮੁਲਜ਼ਮਾਂ ਦੀ ਪਛਾਣ ਜਸ਼ਨਦੀਪ ਸਿੰਘ ਵਾਸੀ ਪਿੰਡ ਦੁੱਲੇਵਾਲਾ, ਸੁਖਚੈਨ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਪਿੰਡ ਸਲਾਬਤਪੁਰਾ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇੱਕ 9 ਐੱਮਐੱਮ ਗਲੌਕ ਪਿਸਤੌਲ, ਇੱਕ .30 ਬੋਰ ਪਿਸਤੌਲ, ਪੰਜ ਜ਼ਿੰਦਾ ਕਾਰਤੂਸ, ਖਾਲੀ ਖੋਲ ਅਤੇ ਵਾਰਦਾਤ ਵਿੱਚ ਵਰਤੇ ਗਏ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਚਾਰੇ ਮੁਲਜ਼ਮ ਕਈ ਅਪਰਾਧਿਕ ਮਾਮਲਿਆਂ ਵਿਚ ਲੋੜੀਂਦੇ ਰਹੇ ਹਨ। ਪੁਲਸ ਨੂੰ ਸ਼ੱਕ ਹੈ ਕਿ ਉਨ੍ਹਾਂ ਦਾ ਸਬੰਧ ਜੱਗਾ ਤਖ਼ਤ ਮੱਲ ਗਿਰੋਹ ਅਤੇ ਬੰਬੀਹਾ ਗੈਂਗ ਨਾਲ ਹੋ ਸਕਦਾ ਹੈ। ਹਾਲਾਂਕਿ, ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਂਗ ਨਾਲ ਸਬੰਧਾਂ ਦੀ ਅਧਿਕਾਰਕ ਪੁਸ਼ਟੀ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਹੀ ਕੀਤੀ ਜਾਵੇਗੀ।

ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਇੱਕ ਦਿਨ ਪਹਿਲਾਂ ਪਿੰਡ ਬੁਰਜ ਰਾਜਗੜ੍ਹ ਨੇੜੇ ਹੁਸਨਪ੍ਰੀਤ ਸਿੰਘ ਵਾਸੀ ਪਿੰਡ ਕਾਂਗੜ 'ਤੇ ਫਾਇਰਿੰਗ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ। ਵਾਰਦਾਤ ਤੋਂ ਬਾਅਦ ਮੁਲਜ਼ਮ ਉਸ ਕੋਲੋਂ ਕਰੀਬ ਤਿੰਨ ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ। ਇਸੇ ਮਾਮਲੇ ਵਿੱਚ ਏਜੀਟੀਐੱਫ ਲਗਾਤਾਰ ਉਨ੍ਹਾਂ ਦੀ ਭਾਲ ਕਰ ਰਹੀ ਸੀ। ਮੁਕਾਬਲੇ ਦੀ ਸੂਚਨਾ ਮਿਲਦੇ ਹੀ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਸ ਨੇ ਮੌਕੇ ਤੋਂ ਅਹਿਮ ਸਬੂਤ ਇਕੱਠੇ ਕਰਨ ਦੇ ਨਾਲ-ਨਾਲ ਮੁਲਜ਼ਮਾਂ ਖ਼ਿਲਾਫ਼ ਥਾਣਾ ਥਰਮਲ ਵਿਚ ਕਤਲ ਦੀ ਕੋਸ਼ਿਸ਼, ਪੁਲਸ 'ਤੇ ਹਮਲਾ, ਆਰਮਜ਼ ਐਕਟ ਅਤੇ ਹੋਰ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਗੈਂਗ ਨੈੱਟਵਰਕ, ਹਥਿਆਰਾਂ ਦੀ ਸਪਲਾਈ, ਸਾਥੀਆਂ ਅਤੇ ਹਾਲੀਆ ਸਮੇਂ ਵਿੱਚ ਹੋਈਆਂ ਹੋਰ ਅਪਰਾਧਿਕ ਵਾਰਦਾਤਾਂ ਸਬੰਧੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News