ਕਿਵੇਂ ਮੁਕੰਮਲ ਹੋਵੇ ਕੋਰੋਨਾ ਨਾਲ ਜੰਗ, ਸਿਵਲ ਹਸਪਤਾਲ ਕੋਲ ਇਨਫ੍ਰਾਰੈੱਡ ਥਰਮਾਮੀਟਰ ਤਕ ਵੀ ਨਹੀਂ

03/31/2020 5:21:04 PM

ਲੁਧਿਆਣਾ (ਰਾਜ) : ਕੋਰੋਨਾ ਵਾਇਰਸ ਦੇ ਸ਼ੱਕੀ ਜਾਂ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲ ਆਪਣੇ ਤੋਂ ਦੂਰ ਰੱਖ ਰਹੇ ਹਨ। ਉਹ ਉਨ੍ਹਾਂ ਦਾ ਇਲਾਜ ਤਕ ਕਰਨ ਨੂੰ ਮਨ੍ਹਾ ਕਰ ਰਹੇ ਹਨ। ਹੁਣ ਸਾਰਾ ਦਾਰੋਮਦਾਰ ਸਿਵਲ ਹਸਪਤਾਲ 'ਤੇ ਆ ਕੇ ਟਿਕ ਗਿਆ ਹੈ। ਸਿਵਲ ਹਸਪਤਾਲ ਦੇ ਅਧਿਕਾਰੀ ਖੁਦ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਤਿਆਰ ਦੱਸ ਰਹੇ ਹਨ ਪਰ ਹਕੀਕਤ ਕੁਝ ਹੋਰ ਹੀ ਹੈ। ਕੋਰੋਨਾ ਦੀ ਸ਼ੁਰੂਆਤੀ ਜਾਂਚ 'ਚ ਵਿਅਕਤੀ 'ਚ ਖੰਘ, ਜ਼ੁਕਾਮ ਅਤੇ ਬੁਖਾਰ ਦੇ ਲੱਛਣ ਦੇਖੇ ਜਾਂਦੇ ਹਨ। ਸਿਵਲ ਹਸਪਤਾਲ ਦੇ ਕੋਲ ਬੁਖਾਰ ਦੇਖਣ ਲਈ ਵਰਤੋਂ ਹੋਣ ਵਾਲਾ ਇਕ ਵੀ ਇਨਫ੍ਰਾਰੈੱਡ ਥਰਮਾਮੀਟਰ ਨਹੀਂ ਹੈ। ਫਲੂ ਸੈਂਟਰ ਵਿਚ ਆਉਣ ਵਾਲੇ ਵਿਅਕਤੀਆਂ ਤੋਂ ਪੁੱਛ ਕੇ ਹੀ ਉਸ ਦਾ ਬੁਖਾਰ ਚੈੱਕ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ ਕੋਰੋਨਾ ਵਾਇਰਸ ਮਰੀਜ਼ ਦੇ ਇਲਾਜ ਲਈ ਸਭ ਤੋਂ ਅਹਿਮ ਹਨ ਵੈਂਟੀਲੇਟਰ ਮਸ਼ੀਨਾਂ। ਅਜਿਹਾ ਨਹੀਂ ਹੈ ਕਿ ਸਿਵਲ ਹਸਪਤਾਲ ਕੋਲ ਵੈਂਟੀਲੇਟਰ ਮਸ਼ੀਨਾਂ ਨਹੀਂ ਹੈ। ਹਸਪਤਾਲ ਕੋਲ 14 ਮਸ਼ੀਨਾਂ ਹੋਣ ਦੇ ਬਾਵਜੂਦ ਉਨ੍ਹਾਂ ਕੋਲ ਸਟਾਫ ਹੀ ਨਹੀਂ ਹੈ। ਹੈਲਥ ਵਿਭਾਗ ਪ੍ਰਾਈਵੇਟ ਹਸਪਤਾਲ ਵਿਚ ਲੱਗੇ ਵੈਂਟੀਲੇਟਰਾਂ 'ਤੇ ਨਿਰਭਰ ਹੈ। ਅਜਿਹੇ ਵਿਚ ਦੇਖਿਆ ਜਾ ਸਕਦਾ ਹੈ ਕਿ ਹੈਲਥ ਵਿਭਾਗ ਕੋਰੋਨਾ ਵਾਇਰਸ ਤੋਂ ਜੰਗ ਲਈ ਕਿਸ ਪੱਧਰ ਤਕ ਤਿਆਰ ਹੈ। ਪੰਜਾਬ ਦਾ ਸਭ ਤੋਂ ਵੱਡਾ ਜ਼ਿਲਾ ਲੁਧਿਆਣਾ ਹੈ, ਜਿਸ ਦੀ ਆਬਾਦੀ 30 ਲੱਖ ਤੋਂ ਜ਼ਿਆਦਾ ਹੈ। ਹਾਲਾਂਕਿ ਹੁਣ ਤਕ ਲੁਧਿਆਣਾ ਵਿਚ ਦੋ ਹੀ ਇਨਫੈਕਸ਼ਨ ਵਾਲੇ ਮਰੀਜ਼ ਸਾਹਮਣੇ ਆਏ ਹਨ। ਜੇਕਰ ਇਹ ਗਿਣਤੀ ਵਧਦੀ ਹੈ ਤਾਂ ਬਹੁਤ ਵੱਡੀ ਪ੍ਰੇਸ਼ਾਨੀ ਹੋ ਸਕਦੀ ਹੈ।

ਇਹ ਵੀ ਪੜ੍ਹੋ ► ਪੀ. ਜੀ. ਆਈ. ਦੀ ਵੱਡੀ ਲਾਪ੍ਰਵਾਹੀ ਆਈ ਸਾਹਮਣੇ, ਕੋਰੋਨਾ ਪਾਜ਼ੇਟਿਵ ਨੂੰ ਦਾਖਲ ਕੀਤਾ ਟੈਂਪਰੇਰੀ ਵਾਰਡ 'ਚ 

ਡੇਢ ਸਾਲ ਪਹਿਲਾਂ 2 ਕਰੋੜ ਦੀ ਲਾਗਤ ਨਾਲ ਖਰੀਦੀਆਂ ਸਨ 14 ਵੈਂਟੀਲੇਟਰ ਮਸ਼ੀਨਾਂ
ਪੰਜਾਬ ਸਰਕਾਰ ਵੱਲੋਂ ਕਰੀਬ ਡੇਢ ਸਾਲ ਪਹਿਲਾਂ ਸਿਵਲ ਹਸਪਤਾਲ ਵਿਚ ਕੁਲ 14 ਵੈਂਟੀਲੇਟਰ ਮਸ਼ੀਨਾਂ ਲਗਵਾਈਆਂ ਗਈਆਂ ਸਨ, ਜਿਨ੍ਹਾਂ ਵਿਚੋਂ 9 ਮਸ਼ੀਨਾਂ ਨੂੰ ਨਵ-ਜਨਮੇਂ ਬੱਚਿਆਂ ਦੇ ਵਾਰਡ ਵਿਚ ਲਾਇਆ ਗਿਆ ਸੀ। ਬਾਕੀ ਬਚੀਆਂ ਪੰਜ ਮਸ਼ੀਨਾਂ ਨੂੰ ਬਾਲਗ ਮਰੀਜ਼ਾਂ ਦੇ ਇਲਾਜ ਲਈ ਵੱਖਰੇ ਵਾਰਡ ਵਿਚ ਰੱਖਿਆ ਗਿਆ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਾਰੀਆਂ ਮਸ਼ੀਨਾਂ ਇੰਸਟਾਲ ਹਨ ਪਰ ਇਨ੍ਹਾਂ ਨੂੰ ਚਲਾਉਣ ਲਈ ਟੈਕਨੀਕਲ ਸਟਾਫ ਨਾ ਹੋਣ ਕਾਰਨ ਇਸ ਦੀ ਵਰਤੋਂ ਨਹੀਂ ਹੋ ਪਾ ਰਹੀ।

ਇਨਫ੍ਰਾਰੈੱਡ ਥਰਮਾਮੀਟਰ ਦੀ ਬਾਜ਼ਾਰ ਵਿਚ ਕਿੱਲਤ ਹੈ। ਵਿਭਾਗ ਨੇ ਖਰੀਦਣ ਲਈ ਆਰਡਰ ਦਿੱਤੇ ਹੋਏ ਹਨ। ਜਿਵੇਂ ਹੀ ਮਿਲਦੇ ਹਨ। ਖਰੀਦ ਕੇ ਉਨ੍ਹਾਂ ਦੀ ਵਰਤੋਂ ਕੀਤੀ ਜਾਵੇਗੀ। ਜਿੱਥੋਂ ਤਕ ਗੱਲ ਵੈਂਟੀਲੇਟਰ ਦੀ ਹੈ, ਉਨ੍ਹਾਂ ਦੇ ਵਿਭਾਗ ਕੋਲ ਟੈਕਨੀਕਲ ਸਟਾਫ ਨਹੀਂ ਹੈ, ਜੋ ਕਿ ਸਰਕਾਰ ਨੂੰ ਸਟਾਫ ਲਈ ਮੰਗ ਕੀਤੀ ਹੋਈ ਹੈ। ਹਾਲ ਦੀ ਘੜੀ ਲੋੜ ਪੈਣ 'ਤੇ ਪ੍ਰਾਈਵੇਟ ਹਸਪਤਾਲਾਂ ਵਿਚ ਲੱਗੇ ਕੁਲ 43 ਵੈਂਟੀਲੇਟਰਾਂ ਦੀ ਵਰਤੋਂ ਕੀਤੀ ਜਾਵੇਗੀ।  -ਡਾ. ਰਾਜੇਸ਼ ਬੱਗਾ, ਸਿਵਲ ਸਰਜਨ, ਲੁਧਿਆਣਾ।

ਇੱਥੇ ਇਹ ਵੀ ਦੱਸ ਦਈਏ ਕਿ ਹੁਣ ਤੱਕ ਪੰਜਾਬ 'ਚ 41 ਕੇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਆ ਗਏ ਹਨ, ਜਿਨ੍ਹਾਂ 'ਚੋਂ 4 ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 19, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 7, ਹੁਸ਼ਿਆਰਪੁਰ ਦੇ 6, ਜਲੰਧਰ ਦੇ 5, ਪਟਿਆਲਾ 1, ਲੁਧਿਆਣਾ 2 ਅਤੇ ਅੰਮ੍ਰਿਤਸਰ ਦਾ 1 ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ ► ਅਮਰੀਕਾ ਦਾ ਦਾਅਵਾ 5 ਮਿੰਟ 'ਚ ਕੋਰੋਨਾ ਦੀ ਪੁਸ਼ਟੀ, ਇੱਧਰ ਪੰਜਾਬ 'ਚ ਚਿੰਤਾਜਨਕ ਹਾਲਾਤ ► ਚੰਡੀਗੜ੍ਹ 'ਚ ਇਕ ਦਿਨ 'ਚ 5 ਕੋਰੋਨਾ ਪਾਜ਼ੇਟਿਵ     


Anuradha

Content Editor

Related News