ਮੁੱਖ ਮੰਤਰੀ ਚੰਨੀ ਕਰ ਰਹੇ ਐੱਸ. ਸੀ. ਵਰਗ ਦੇ ਹਮਦਰਦ ਹੋਣ ਦਾ ਡਰਾਮਾ : ਚੱਢਾ

Wednesday, Dec 01, 2021 - 12:58 AM (IST)

ਮੁੱਖ ਮੰਤਰੀ ਚੰਨੀ ਕਰ ਰਹੇ ਐੱਸ. ਸੀ. ਵਰਗ ਦੇ ਹਮਦਰਦ ਹੋਣ ਦਾ ਡਰਾਮਾ : ਚੱਢਾ

ਚੰਡੀਗੜ੍ਹ(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐੱਸ. ਵਰਗ ਦੇ ਹਮਦਰਦ ਹੋਣ ਦਾ ਸਿਰਫ਼ ਡਰਾਮਾ ਕਰ ਰਹੇ ਹਨ। ਚੱਢਾ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਅਨੁਸੂਚਿਤ ਜਾਤੀਆਂ (ਐੱਸ. ਸੀ. ਵਰਗ) ਦੇ ਪਰਿਵਾਰਾਂ ਨੂੰ 5-5 ਮਰਲਿਆਂ ਦੇ ਪਲਾਟ ਅਤੇ ਕੋਰੋਨਾ ਮਹਾਮਾਰੀ ਸਮੇਤ ਹੋਰ ਡਿਊਟੀਆਂ ਨਿਭਾਉਂਦਿਆਂ ਜਾਨਾਂ ਵਾਰਨ ਵਾਲੇ ਮੁਲਾਜ਼ਮਾਂ ਖ਼ਾਸ ਕਰਕੇ ਦਲਿਤ ਵਰਗ ਦੇ ਮੁਲਾਜ਼ਮਾਂ 1-1 ਕਰੋੜ ਰੁਪਏ ਦੀ ਆਰਥਿਕ ਮਦਦ ਤੁਰੰਤ ਦੇਣ। ਜੇਕਰ ਮੁੱਖ ਮੰਤਰੀ ਚੰਨੀ ਅਜਿਹਾ ਨਹੀਂ ਕਰਦੇ ਤਾਂ 2022 ਦੀਆਂ ਚੋਣਾ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ’ਚ ਸਰਕਾਰ ਬਣਾ ਕੇ ਅਰਵਿੰਦ ਕੇਜਰੀਵਾਲ ਐੱਸ.ਸੀ. ਵਰਗ ਦੇ ਪਰਿਵਾਰਾਂ ਨੂੰ 5-5 ਮਰਲਿਆਂ ਦੇ ਪਲਾਟ ਅਤੇ ਨੌਕਰੀਆਂ ਦੌਰਾਨ ਹੋਣ ਸ਼ਹੀਦ ਹੋਣ ਵਾਲੇ ਸਾਰੇ ਮੁਲਾਜ਼ਮਾਂ ਨੂੰ 1-1 ਕਰੋੜ ਰੁਪਏ ਦੀ ਆਰਥਿਕ ਮਦਦ ਦੇਵੇਗੀ।
ਪਾਰਟੀ ਵਲੋਂ ਜਾਰੀ ਬਿਆਨ ’ਚ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐੱਸ. ਸੀ. ਵਰਗ ਦੇ ਹਮਦਰਦ ਹੋਣ ਦਾ ਡਰਾਮਾ ਕਰਦੇ ਹਨ, ਕਿਉਂਕਿ ਮੁੱਖ ਮੰਤਰੀ ਨੇ ਨਾ ਤਾਂ ਐੱਸ. ਸੀ. ਵਰਗ ਦੇ ਮੁਲਾਜ਼ਮਾਂ ਨੂੰ 1-1 ਕਰੋੜ ਰੁਪਏ ਦੀ ਆਰਥਿਕ ਮਦਦ ਦਿੱਤੀ ਅਤੇ ਨਾ ਹੀ ਐੱਸ. ਸੀ. ਵਰਗ ਦੇ ਪਰਿਵਾਰਾਂ ਨੂੰ 5-5 ਮਰਲਿਆਂ ਦੇ ਪਲਾਟ ਦਿੱਤੇ ਹਨ, ਜਦੋਂ ਕਿ ਕਾਂਗਰਸ ਪਾਰਟੀ ਨੇ 2017 ਦੀਆਂ ਚੋਣਾ ਸਮੇਂ ਆਪਣੇ ਚੋਣ ਮਨੋਰਥ ਪੱਤਰ ’ਚ ਪਲਾਟ ਦੇਣ ਦਾ ਵਾਅਦਾ ਕੀਤਾ ਸੀ।
ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੇ ਐੱਸ.ਸੀ. ਵਰਗ ਨੂੰ ਕੇਵਲ ਵੋਟ ਬੈਂਕ ਵਜੋਂ ਹੀ ਵਰਤਿਆ ਹੈ। ਪੰਜਾਬ ’ਚ ਐੱਸ.ਸੀ. ਵਰਗ ਦੇ ਬੱਚਿਆਂ ਦਾ ਕਰੋੜਾਂ ਰੁਪਇਆ ਦਾ ਵਜ਼ੀਫ਼ਾ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖਾ ਗਏ, ਚੰਨੀ ਸਰਕਾਰ ਕਥਿਤ ਦੋਸ਼ੀ ਮੰਤਰੀ ਖਿਲਾਫ਼ ਕਾਰਵਾਈ ਕਰਨ ਦੀ ਥਾਂ ਉਸ ਦਾ ਬਚਾਅ ਕਰ ਰਹੀ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਐੱਸ.ਸੀ. ਵਰਗ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਚੰਗੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ।


author

Bharat Thapa

Content Editor

Related News