ਚੈਕਿੰਗ ਦੌਰਾਨ ਐਕਸਾਈਜ਼ ਪੁਲਸ ਪਾਰਟੀ ''ਤੇ ਹਮਲਾ, 3 ਨਾਮਜ਼ਦ

11/14/2019 11:50:31 AM

ਮੋਗਾ (ਆਜ਼ਾਦ)—ਪਿੰਡ ਬੁੱਘੀਪੁਰਾ ਕੋਲ ਸ਼ਰਾਬ ਸਮੱਗਲਰਾਂ ਦੀ ਚੈਕਿੰਗ ਦੌਰਾਨ ਐਕਸਾਈਜ਼ ਵਿਭਾਗ ਦੀ ਪੁਲਸ ਪਾਰਟੀ 'ਤੇ ਕੁੱਝ ਵਿਅਕਤੀਆਂ ਵੱਲੋਂ ਹਮਲਾ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧੀ ਸਹਾਇਕ ਥਾਣੇਦਾਰ ਬਾਜ ਸਿੰਘ ਦੀ ਸ਼ਿਕਾਇਤ 'ਤੇ ਬਲਜੀਤ ਸਿੰਘ ਉਰਫ ਮੋਹਿਨੀ, ਜਗਸੀਰ ਸਿੰਘ ਉਰਫ ਸੀਰਾ, ਗੁਰਪ੍ਰੀਤ ਸਿੰਘ ਉਰਫ ਕਾਲੀ ਸਾਰੇ ਨਿਵਾਸੀ ਪਿੰਡ ਬੁੱਘੀਪੁਰਾ ਖਿਲਾਫ ਥਾਣਾ ਮਹਿਣਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਆਬਕਾਰੀ ਵਿਭਾਗ ਦੇ ਸਹਾਇਕ ਥਾਣੇਦਾਰ ਬਾਜ ਸਿੰਘ ਨੇ ਕਿਹਾ ਕਿ ਜਦ ਉਹ ਇਲਾਕੇ 'ਚ ਗਸ਼ਤ ਕਰਦਿਆਂ ਬੁੱਘੀਪੁਰਾ ਵੱਲ ਜਾ ਰਹੇ ਸਨ ਤਾਂ ਰਸਤੇ 'ਚ ਸ਼ੱਕ ਦੇ ਆਧਾਰ 'ਤੇ ਜਦ ਅਸੀਂ ਜਗਸੀਰ ਸਿੰਘ ਉਰਫ ਸੀਰਾ ਨੂੰ ਰੋਕਿਆ ਤਾਂ ਉਸ ਕੋਲੋਂ ਦੋ ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ।

ਜਦ ਅਸੀਂ ਉਸ ਨੂੰ ਹਿਰਾਸਤ 'ਚ ਲੈਣ ਦਾ ਯਤਨ ਕੀਤਾ ਤਾਂ ਉਸ ਦੌਰਾਨ ਗੁਰਪ੍ਰੀਤ ਸਿੰਘ ਅਤੇ ਬਲਜੀਤ ਸਿੰਘ ਵੀ ਉਥੇ ਆ ਗਏ, ਜੋ ਸਾਡੀ ਪੁਲਸ ਪਾਰਟੀ ਨਾਲ ਹੱਥੋ-ਪਾਈ ਕਰਨ ਲੱਗੇ ਅਤੇ ਮੇਰੇ ਨਾਲ ਉਨ੍ਹਾਂ ਧੱਕਾ-ਮੁੱਕੀ ਵੀ ਕੀਤੀ। ਇਸ ਦੌਰਾਨ ਮੇਰੇ ਅੰਦਰੂਨੀ ਸੱਟਾਂ ਵੀ ਲੱਗੀਆਂ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਸਾਡੀ ਡਿਊਟੀ 'ਚ ਵਿਘਨ ਪਾਇਆ ਅਤੇ ਸਾਡੇ 'ਤੇ ਹਮਲਾ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਵੱਲੋਂ ਵੀ ਕੀਤੀ ਜਾ ਰਹੀ ਹੈ। ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


Shyna

Content Editor

Related News