2022 ''ਚ ਨੌਕਰੀਆਂ ਬਾਰੇ ਚੰਨੀ ਤੇ ਕਾਂਗਰਸੀ ਫ਼ਿਕਰ ਨਾ ਕਰਨ, ਇਹ ਜ਼ਿੰਮੇਵਾਰੀ ''ਆਪ'' ਨਿਭਾਏਗੀ : ਹਰਪਾਲ ਚੀਮਾ
Wednesday, Jan 05, 2022 - 10:14 PM (IST)
ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੱਲ੍ਹ ਦੇਰ ਰਾਤ ਪ੍ਰੈੱਸ ਕਾਨਫ਼ਰੰਸ ਕਰਕੇ ਕੀਤੇ ਨਵੇਂ ਐਲਾਨਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ, "ਮੁੱਖ ਮੰਤਰੀ ਚੰਨੀ ਜਿੰਨਾ ਦੀ 2022 'ਚ ਆਪਣੀ ਕੋਈ ਗਰੰਟੀ ਨਹੀਂ ਉਹ ਪੰਜਾਬ ਦੇ ਨੌਜਵਾਨਾਂ ਨੂੰ ਕਿਸ ਮੂੰਹ ਨਾਲ 2022 'ਚ ਨੌਕਰੀਆਂ ਦੇਣ ਦੇ ਐਲਾਨ ਕਰ ਰਹੇ ਹਨ। ਜਦੋਂ ਇਨ੍ਹਾਂ ਨੇ 5 ਸਾਲ ਕੁੱਝ ਨਹੀਂ ਕੀਤਾ ਤਾਂ ਹੁਣ ਵੀ ਚੰਨੀ ਅਤੇ ਕਾਂਗਰਸੀਆਂ ਨੂੰ ਨੌਜਵਾਨਾਂ ਦੇ ਰੁਜ਼ਗਾਰ ਦੀ ਫ਼ਿਕਰ ਛੱਡ ਦੇਣੀ ਚਾਹੀਦੀ ਹੈ, ਕਿਉਂਕਿ 2022 'ਚ ਆਮ ਆਦਮੀ ਪਾਰਟੀ ਸੱਤਾ 'ਚ ਆਉਂਦਿਆਂ ਹੀ ਇਹ ਜ਼ਿੰਮੇਵਾਰੀ ਸਾਂਭ ਲਵੇਗੀ।" ਓਹਨਾ ਅੱਗੇ ਕਿਹਾ ਕਿ ਚੰਨੀ ਹੁਣ ਰੁਜ਼ਗਾਰ ਗਰੰਟੀ ਸਕੀਮ 2022 ਦੀ ਗੱਲ ਕਰ ਰਹੇ ਹਨ, ਪਰ ਪੰਜਾਬ ਦੇ ਲੋਕ ਜਾਨਣਾ ਚਾਹੁੰਦੇ ਹਨ ਕਿ 2017 ਵਾਲੀ ਘਰ-ਘਰ ਨੌਕਰੀ ਦਾ ਕੀ ਬਣਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਭੱਗੂਪੁਰ ਹਵੇਲੀਆਂ ਦੇ ਗੁਰਦੁਆਰਾ ਸਾਹਿਬ 'ਚ ਵਾਪਰੀ ਬੇਅਦਬੀ ਦੀ ਘਟਨਾ (ਵੀਡੀਓ)
ਪਾਰਟੀ ਮੁੱਖ ਦਫ਼ਤਰ ਤੋਂ ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਹਰਪਾਲ ਚੀਮਾ ਨੇ ਕਿਹਾ, "5 ਸਾਲਾਂ ਬਾਅਦ ਅੱਜ ਕਾਂਗਰਸ ਨੌਕਰੀਆਂ ਦੀ ਗੱਲ ਕਰ ਰਹੀ ਹੈ ਪਰ ਉਹ ਇਹ ਸਾਫ਼ ਕਰਨ ਕਿ ਕਿਤੇ ਇਹ ਘਰ-ਘਰ ਨੌਕਰੀ 2.0 ਤਾਂ ਨਹੀਂ ? ਨਾਲੇ ਉਹ ਕਿਸ ਨੀਤੀ ਤਹਿਤ ਨਿੱਜੀ ਖੇਤਰ ਦੀਆਂ ਨੌਕਰੀਆਂ ਦੀ ਗਰੰਟੀ ਦੇ ਰਹੇ ਹਨ ਅਤੇ ਜੇ ਉਨ੍ਹਾਂ ਕੋਲ ਕੋਈ ਜ਼ਰੀਆਂ ਹੈ ਜਿਸ ਨਾਲ ਇਹ ਸੰਭਵ ਹੈ ਤਾਂ 5 ਸਾਲਾਂ ਤੋਂ ਉਨ੍ਹਾਂ ਨੇ ਇਹ ਨੌਕਰੀਆਂ ਕਿਉਂ ਨਹੀਂ ਦਿੱਤੀਆਂ ?" ਉਨ੍ਹਾਂ ਕਿਹਾ ਕਿ ਜੇ ਚੰਨੀ ਦੀ ਨੀਅਤ ਸਾਫ਼ ਹੁੰਦੀ ਤਾਂ ਸਾਢੇ ਚਾਰ ਤਕਨੀਕੀ ਸਿੱਖਿਆ ਮੰਤਰੀ ਰਹਿੰਦਿਆਂ ਉਹ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ ਦੇ ਨਾਮ ਤੇ ਬੇਇੱਜ਼ਤ ਨਾ ਕਰਦੇ। ਸਾਨੂੰ ਸਭ ਨੂੰ ਪਤਾ ਹੈ ਕਿ ਇਹ ਮੇਲੇ ਸਿਰਫ਼ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਅਤੇ ਸਰਕਾਰੀ ਪੈਸੇ ਦੀ ਬਰਬਾਦੀ ਲਈ ਰੱਖੇ ਗਏ ਸਨ, ਕਿਸੇ ਨੂੰ ਆਪਣੀ ਕਾਬਲੀਅਤ ਅਨੁਸਾਰ ਰੁਜ਼ਗਾਰ ਨਹੀਂ ਮਿਲਿਆ। ਉਨ੍ਹਾਂ ਅਨੁਸਾਰ ਕਾਂਗਰਸੀ ਸਿਰਫ਼ ਸਰਕਾਰੀ ਫ਼ੰਡਾਂ ਦੀ ਦੁਰਵਰਤੋਂ ਕਰਕੇ ਆਪਣੇ ਇਸ਼ਤਿਆਰ ਦੇਣ ਵਿੱਚ ਮਾਹਿਰ ਹਨ, "ਰੁਜ਼ਗਾਰ ਮੇਲਿਆਂ ਵਿੱਚ ਵੀ ਤੇ ਹੁਣ ਮੁੱਖ ਮੰਤਰੀ ਬਣ ਕੇ ਵੀ ਇੱਕੋ ਤਾਂ ਕੰਮ ਕੀਤਾ ਹੈ ਚੰਨੀ ਨੇ। ਜਿਸ ਦੀ ਉਦਾਹਰਨ ਹੈ 36,000 ਪੱਕੀ ਨੌਕਰੀਆਂ ਦੇ ਇਸ਼ਤਿਹਾਰ। ਸਰਕਾਰੀ ਖ਼ਜ਼ਾਨੇ 'ਚੋਂ ਕਰੋੜਾਂ ਰੁਪਏ ਖ਼ਰਚ ਕੇ ਇੱਕ ਅਜਿਹੇ ਫ਼ੈਸਲੇ ਦੀ ਮਸ਼ਹੂਰੀ ਕੀਤੀ ਗਈ ਜੋ ਅਧਿਕਾਰਿਤ ਤੌਰ ਤੇ ਲਾਗੂ ਵੀ ਨਹੀਂ ਕਰ ਸਕੀ ਚੰਨੀ ਸਰਕਾਰ।"
ਇਹ ਵੀ ਪੜ੍ਹੋ :PM ਮੋਦੀ ਦੀ ਰੱਦ ਹੋਈ ਰੈਲੀ ਨੂੰ ਲੈ ਕੇ ਭਗਵੰਤ ਮਾਨ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ
'ਆਪ' ਆਗੂ ਨੇ ਚੰਨੀ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਮੁਫ਼ਤ ਆਈਲੈਟਸ ਕਰਵਾ ਅਤੇ ਨੌਕਰੀਆਂ ਲਈ ਵਿਦੇਸ਼ ਭੇਜਣ ਦੇ ਐਲਾਨ ਦੀ ਤਿੱਖੀ ਨਿੰਦਾ ਕੀਤੀ। ਓਹਨਾ ਕਿਹਾ, "ਅਸੀਂ ਮੈਨੀਫੈਸਟੋ ਬਣਾਉਣ ਵੇਲੇ ਵੀ ਸਭ ਤੋਂ ਪਹਿਲੀ ਗੱਲ ਇਹ ਸੋਚਦੇ ਹਨ ਕਿ ਪੰਜਾਬ ਵਿੱਚ ਵੱਧ ਤੋਂ ਵੱਧ ਰੋਜ਼ਗਾਰ ਕਿਵੇਂ ਪੈਦਾ ਕੀਤਾ ਜਾ ਸਕੇ ਤਾਂ ਕਿ ਸਾਡੇ ਬੱਚਿਆਂ ਨੂੰ ਆਪਣੇ ਘਰਾਂ ਅਤੇ ਮਾਪਿਆਂ ਤੋਂ ਦੂਰ ਵਿਦੇਸ਼ਾਂ ਵਿਚ ਧੱਕੇ ਨਾਂ ਖਾਣੇ ਪੈਣ। ਪਰ ਚੰਨੀ ਸਾਹਿਬ ਤੇ ਕਾਂਗਰਸ ਸਰਕਾਰ ਤਾਂ ਸਾਡੇ ਨੌਜਵਾਨਾਂ ਤੋਂ ਖਹਿੜਾ ਛੁਡਾਉਣ ਲਈ ਮੁਫ਼ਤ ਆਈਲੈਟਸ ਦੇ ਨਾਲ ਨਾਲ ਬਾਹਰ ਨੌਕਰੀਆਂ ਕਰਨ ਜਾਣ ਵਾਲੇ ਲਈ ਸਕੀਮਾਂ ਐਲਾਨ ਕਰ ਰਹੀ ਹੈ। ਕਰਨਾ ਤਾਂ ਇਹਨਾਂ ਇਹ ਵੀ ਨਹੀਂ ਪਰ ਇਹ ਇਹਨਾਂ ਦੀ ਸੋਚ ਦੱਸਦਾ ਹੈ ਕਿ ਇਹ ਪੰਜਾਬ ਦੀ ਨੌਜਵਾਨ ਪੀੜੀ ਲਈ ਕਿੰਨਾ ਕੁ ਸੋਚਦੇ ਹਨ। ''ਮੁੱਖ ਮੰਤਰੀ ਚੰਨੀ ਦੇ ਉਚੇਰੀ ਸਿੱਖਿਆ ਹਾਸਿਲ ਕਰ ਰਹੇ ਵਿਦਿਆਰਥੀਆ ਨੂੰ ਇੰਟਰਨੈੱਟ ਲਈ 2000 ਰੁਪਏ ਭੱਤਾ ਦੇਣ ਦੇ ਫ਼ੈਸਲੇ 'ਤੇ ਆਪ ਆਗੂ ਨੇ ਚੁਟਕੀ ਲੈਂਦਿਆਂ ਕਿਹਾ , "ਕਿਤੇ ਇਹ ਨੈੱਟ ਸਕੀਮ ਸਿਰਫ਼ ਉਨ੍ਹਾਂ ਲਈ ਤਾਂ ਨੀ ਜਿੰਨਾ ਨੂੰ ਕੈਪਟਨ ਵਾਲੇ ਫ੍ਰੀ ਮੋਬਾਈਲ ਫ਼ੋਨ ਮਿਲੇ ਹਨ , ਫਿਰ ਤਾਂ ਸਰਕਾਰ ਨੂੰ ਇਹਦਾ ਫ਼ੰਡ ਰੱਖਣ ਦੀ ਲੋੜ ਨੀ ਕਿਉਂਕਿ ਕਾਂਗਰਸ ਨੂੰ ਵੀ ਪਤਾ ਕੈਪਟਨ ਸਮੇਤ ਕਿਸੇ ਕਾਂਗਰਸੀ ਆਗੂ ਨੇ ਪਿਛਲੀਆਂ ਚੋਣਾਂ ਦੌਰਾਨ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ।" ਉਨ੍ਹਾਂ ਦਾ ਮੰਨਣਾ ਹੈ ਕਿ ਮੁਫ਼ਤ ਕੋਚਿੰਗ ਦੀ ਗੱਲ ਚਰਨਜੀਤ ਚੰਨੀ ਕੇਜਰੀਵਾਲ ਦੀ 'ਜੈ ਭੀਮ' ਯੋਜਨਾ ਤਹਿਤ ਦਿੱਤੀ ਗਰੰਟੀ ਦੀ ਰੀਸ ਨਾਲ ਦੇ ਰਹੇ ਹਨ।
ਹਰਪਾਲ ਚੀਮਾ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਹਾਲੇ ਤਕ ਨੌਕਰੀ ਨਾਂ ਦੇਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ, "ਚੰਨੀ ਸਾਹਿਬ ਨੂੰ ਐਲਾਨਾਂ ਤੋਂ ਵਹਿਲ ਨਹੀਂ ਮਿਲਦੀ ਕਿ ਉਹ ਕੋਈ ਫ਼ੈਸਲਾ ਲਾਗੂ ਵੀ ਕਰ ਸਕਣ। ਅੱਜ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਵੀ ਕੁੱਝ ਕਰਨ ਨੂੰ ਤਿਆਰ ਨਹੀਂ ਕਾਂਗਰਸ ਸਰਕਾਰ, ਸਿਰਫ਼ ਡੰਗ ਟਪਾ ਰਹੇ ਹਨ। ਜੇ ਸਰਕਾਰ ਕੋਲ ਇਸ ਅੰਦੋਲਨ ਚ ਸ਼ਹੀਦ ਹੋਏ ਕਿਸਾਨਾਂ ਦਾ ਪੂਰਾ ਡਾਟਾ ਵੀ ਨਹੀਂ ਤਾਂ ਇਸ ਤੋਂ ਮੰਦਭਾਗਾ ਕੁੱਝ ਹੋਰ ਨਹੀਂ ਹੋ ਸਕਦਾ।" ਓਹਨਾ ਕਿਹਾ ਕਿ ਆਹੀ ਝੂਠੇ ਵਾਅਦਿਆਂ ਅਤੇ ਖੋਖਲੇ ਐਲਾਨਾਂ ਤੋਂ ਅੱਕੇ ਲੋਕ ਇਹਨਾਂ ਕਾਂਗਰਸੀਆਂ ਅਤੇ ਝੂਠਾਂ ਦੀ ਮਸ਼ੀਨ ਬਾਦਲਾਂ ਤੋਂ ਖਹਿੜਾ ਛੁਡਾਅ ਕਹਿਣੀ ਤੇ ਕਰਨੀ ਦੀ ਇੱਕ ਪਾਰਟੀ ਆਮ ਆਦਮੀ ਪਾਰਟੀ ਨੂੰ ਚੁਣ ਕੇ ਪੰਜਾਬ ਵਿਚ ਇਮਾਨਦਾਰ ਤੇ ਕੰਮ ਕਰਨ ਵਾਲੀ ਸਰਕਾਰ ਚੁਣਾਂਗੇ।
ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ 'ਚ ਕਮੀ ਬਰਦਾਸ਼ਤ ਤੋਂ ਬਾਹਰ : ਰਾਘਵ ਚੱਢਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।