ਪੰਜਾਬ ਯੂਨੀਵਰਸਿਟੀ ਦੇ 56 ਖੋਜਕਰਤਾਵਾਂ ਨੇ ਦੁਨੀਆ ਦੇ ਚੋਟੀ ਦੇ 2 ਫ਼ੀਸਦੀ ਵਿਗਿਆਨੀਆਂ ’ਚ ਬਣਾਈ ਥਾਂ

Saturday, Oct 10, 2026 - 04:59 PM (IST)

ਪੰਜਾਬ ਯੂਨੀਵਰਸਿਟੀ ਦੇ 56 ਖੋਜਕਰਤਾਵਾਂ ਨੇ ਦੁਨੀਆ ਦੇ ਚੋਟੀ ਦੇ 2 ਫ਼ੀਸਦੀ ਵਿਗਿਆਨੀਆਂ ’ਚ ਬਣਾਈ ਥਾਂ

ਚੰਡੀਗੜ੍ਹ (ਸ਼ੀਨਾ): ਪੰਜਾਬ ਯੂਨੀਵਰਸਿਟੀ ਨੇ ਖੋਜ ਦੇ ਖੇਤਰ ’ਚ ਕੌਮਾਂਤਰੀ ਪੱਧਰ ’ਤੇ ਵੱਡੀ ਪ੍ਰਾਪਤੀ ਦਰਜ ਕੀਤੀ ਹੈ। ਯੂਨੀਵਰਸਿਟੀ ਦੇ 56 ਖੋਜਕਰਤਾਵਾਂ ਨੇ ਸਟੈਨਫੋਰਡ–ਐਲਸੇਵੀਅਰ ਦੀ ਦੁਨੀਆ ਦੇ ਚੋਟੀ ਦੇ 2 ਫ਼ੀਸਦੀ ਵਿਗਿਆਨੀਆਂ ਦੀ 2026 ਦੀ ਸੂਚੀ ’ਚ ਥਾਂ ਬਣਾਈ ਹੈ। ਇਹ ਮਾਨਤਾ ਯੂਨੀਵਰਸਿਟੀ ’ਚ ਹੋ ਰਹੀ ਖੋਜ ਦੀ ਗੁਣਵੱਤਾ, ਵਿਗਿਆਨਕ ਯੋਗਦਾਨ ਤੇ ਵੱਖ-ਵੱਖ ਵਿਸ਼ਿਆਂ ’ਚ ਖੋਜ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦੀ ਹੈ। ਸੂਚੀ ’ਚ ਸ਼ਾਮਲ ਖੋਜਕਰਤਾਵਾਂ ਨੇ ਮੈਡੀਕਲ ਵਿਗਿਆਨ, ਜੀਵ ਵਿਗਿਆਨ, ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਵਾਤਾਵਰਨ ਵਿਗਿਆਨ, ਫਾਰਮਾਸਿਊਟੀਕਲ ਸਾਇੰਸ, ਇੰਜੀਨੀਅਰਿੰਗ, ਪਦਾਰਥ ਵਿਗਿਆਨ ਤੇ ਬਾਇਓਟੈਕਨਾਲੋਜੀ ਵਰਗੇ ਖੇਤਰਾਂ ’ਚ ਆਪਣਾ ਯੋਗਦਾਨ ਪਾਇਆ ਹੈ। ਇਸ ਪ੍ਰਾਪਤੀ ਨਾਲ ਪੰਜਾਬ ਯੂਨੀਵਰਸਿਟੀ ਦੀ ਖੋਜ ਸਮਰੱਥਾ ਅਤੇ ਵਿਗਿਆਨਕ ਖੇਤਰ ’ਚ ਇਸ ਦੇ ਯੋਗਦਾਨ ਨੂੰ ਕੌਮਾਂਤਰੀ ਪੱਧਰ ’ਤੇ ਹੋਰ ਪਛਾਣ ਮਿਲੀ ਹੈ।

ਜਾਰੀ ਵੇਰਵਿਆਂ ਅਨੁਸਾਰ ਯੂਨੀਵਰਸਿਟੀ ਦੇ 54 ਖੋਜਕਰਤਾਵਾਂ ਨੂੰ ਸਾਲਾਨਾ ਖੋਜ ਹਵਾਲਾ ਪ੍ਰਭਾਵ ਦੀ ਸ਼੍ਰੇਣੀ ’ਚ ਜਗ੍ਹਾ ਮਿਲੀ ਹੈ ਜਦਕਿ 28 ਖੋਜਕਰਤਾ ਆਪਣੇ ਪੂਰੇ ਖੋਜ ਕਰੀਅਰ ਦੌਰਾਨ ਪਾਏ ਯੋਗਦਾਨ ਦੇ ਆਧਾਰ ’ਤੇ ਸੂਚੀ ’ਚ ਸ਼ਾਮਲ ਹਨ। ਇਨ੍ਹਾਂ ’ਚੋਂ 26 ਖੋਜਕਰਤਾ ਦੋਵਾਂ ਸ਼੍ਰੇਣੀਆਂ ’ਚ ਸ਼ਾਮਲ ਹਨ। ਇਸ ਤਰ੍ਹਾਂ ਦੋਵਾਂ ਸੂਚੀਆਂ ਨੂੰ ਮਿਲਾ ਕੇ ਯੂਨੀਵਰਸਿਟੀ ਦੇ 56 ਵੱਖ-ਵੱਖ ਖੋਜਕਰਤਾਵਾਂ ਨੂੰ ਇਹ ਮਾਨਤਾ ਮਿਲੀ ਹੈ।

ਸਟੈਨਫੋਰਡ–ਐਲਸੇਵੀਅਰ ਦੀ 2026 ਦੀ ਸੂਚੀ ਅਗਸਤ 2026 ਦੇ ਸਕੋਪਸ ਡੇਟਾ ’ਤੇ ਆਧਾਰਤ ਹੈ। ਇਸ ’ਚ ਖੋਜਕਰਤਾਵਾਂ ਦੇ ਕੰਮ ਦਾ ਮੁਲਾਂਕਣ ਮਿਆਰੀ ਹਵਾਲਾ ਸੂਚਕਾਂ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਸਾਲਾਨਾ ਸ਼੍ਰੇਣੀ ’ਚ 2025 ਦੌਰਾਨ ਪ੍ਰਾਪਤ ਹੋਏ ਖੋਜ ਹਵਾਲਿਆਂ ਨੂੰ ਗਿਣਿਆ ਗਿਆ ਹੈ ਜਦਕਿ ਕਰੀਅਰ ਭਰ ਦੀ ਸ਼੍ਰੇਣੀ ’ਚ 2025 ਦੇ ਅੰਤ ਤੱਕ ਇਕੱਠੇ ਹੋਏ ਖੋਜ ਪ੍ਰਭਾਵ ਨੂੰ ਆਧਾਰ ਬਣਾਇਆ ਗਿਆ ਹੈ। ਇਸ ਤਰ੍ਹਾਂ ਇਹ ਸੂਚੀ ਹਾਲੀਆ ਖੋਜ ਦੇ ਪ੍ਰਭਾਵ ਤੇ ਵਿਗਿਆਨਕ ਖੇਤਰ ’ਚ ਲੰਬੇ ਸਮੇਂ ਦੇ ਯੋਗਦਾਨ ਦਾ ਵੱਖ-ਵੱਖ ਮੁਲਾਂਕਣ ਕਰਦੀ ਹੈ।

ਸਾਲਾਨਾ ਸ਼੍ਰੇਣੀ ’ਚ ਸ਼ਾਮਲ 54 ਖੋਜਕਰਤਾ

ਸਾਲਾਨਾ ਖੋਜ ਹਵਾਲਾ ਪ੍ਰਭਾਵ ਦੀ ਸ਼੍ਰੇਣੀ ’ਚ ਕੇਵਲ ਕ੍ਰਿਸ਼ਨ, ਹਰਸ਼ ਨਈਅਰ, ਗਾਰਗੀ ਘੋਸ਼ਾਲ, ਸੁਸ਼ੀਲ ਕੁਮਾਰ ਕਾਂਸਲ, ਸੁਰਿੰਦਰ ਕੁਮਾਰ ਮਹਿਤਾ, ਵਿਸ਼ਾਲ ਸ਼ਰਮਾ, ਸੁਮਨ ਮੋਰ, ਭੁਪਿੰਦਰ ਸਿੰਘ ਭੂਪ, ਸੰਤੋਸ਼ ਕੁਮਾਰ ਉਪਾਧਿਆਏ, ਸੂਰਿਆ ਕਾਂਤ ਤ੍ਰਿਪਾਠੀ, ਸੰਜੇ ਛਿੱਬੜ, ਰਜਤ ਸੰਧੀਰ, ਸੰਜੀਵ ਗੌਤਮ, ਹਰਮਿੰਦਰ ਪਾਲ ਸਿੰਘ, ਸੋਨਲ ਸਿੰਗਲ, ਨੀਰਾ ਗਰਗ, ਡੇਜ਼ੀ ਰਾਣੀ ਬਾਠਿਸ਼, ਗੁਰਜਸਪ੍ਰੀਤ ਸਿੰਘ, ਸਵਿਤਾ ਚੌਧਰੀ, ਜਸਵਿੰਦਰ ਸਿੰਘ, ਗੰਗਾ ਰਾਮ ਚੌਧਰੀ, ਆਰ. ਕੇ. ਕੋਹਲੀ, ਓਮ ਪ੍ਰਕਾਸ਼ ਕਟਾਰੇ, ਅਨੁਰਾਗ ਕੁਹਾੜ, ਲੋਕੇਸ਼ ਅਸ਼ੋਕ ਕੁਮਾਰ, ਪ੍ਰਿੰਸ ਕੇ. ਸ਼ਰਮਾ, ਅਨੁਪਮਾ ਕੌਸ਼ਿਕ, ਸ਼ਵੇਤਾ ਸ਼ਰਮਾ, ਕੁਸਮ ਹਰਜਾਈ, ਗੌਰਵ ਕੁਮਾਰ ਯਾਦਵ, ਘਨਸ਼ਿਆਮ ਐੱਸ. ਡੀ. ਗੁਪਤਾ, ਸੁਸ਼ੀਲ ਕੁਮਾਰ ਤੋਮਰ, ਗਜਾਨੰਦ ਸ਼ਰਮਾ, ਸੁਭਾਸ਼ ਚੰਦਰ ਸਾਹੂ, ਨਵਨੀਤ ਕੌਰ, ਰਵੀ ਪ੍ਰਤਾਪ ਬਰਨਵਾਲ, ਰਮੇਸ਼ ਕਟਾਰੀਆ, ਅਕਾਂਕਸ਼ਾ ਸ਼ਰਮਾ, ਆਈ. ਪੀ. ਕੌਰ, ਸ੍ਰੀਨਿਵਾਸ ਕ੍ਰਿਸ਼ਨਰਾਓ ਕੁਲਕਰਨੀ, ਮਮਤਾ ਜੁਨੇਜਾ, ਕੰਵਲਜੀਤ ਕੇ. ਚੋਪੜਾ, ਸ਼ੈਲੇਂਦਰ ਕੁਮਾਰ ਆਰੀਆ, ਵਿਵੇਕ ਰੰਜਨ ਸਿਨਹਾ, ਸੰਜੀਵ ਕੁਮਾਰ ਭਾਰਦਵਾਜ, ਅਜੈ ਮਿੱਤਲ, ਸ਼ੰਕਰ ਸਹਿਗਲ, ਮਨਪ੍ਰੀਤ ਕੌਰ, ਹਰਮੇਸ਼ ਕੁਮਾਰ, ਰੇਣੂ ਛੱਡਾ, ਅਨਿਲ ਕੁਮਾਰ, ਰੰਜੂ ਬਾਂਸਲ, ਵੰਦਿਤਾ ਕੱਕੜ ਅਤੇ ਮਰਹੂਮ ਏ. ਕੇ. ਸਿੰਗਲਾ ਸ਼ਾਮਲ ਹਨ।

ਕਰੀਅਰ ਭਰ ਦੇ ਖੋਜ ਪ੍ਰਭਾਵ ਵਾਲੀ ਸ਼੍ਰੇਣੀ ਵਿਚ 28 ਨਾਂ

ਇਸ ਸ਼੍ਰੇਣੀ ’ਚ ਕੇਵਲ ਕ੍ਰਿਸ਼ਨ, ਹਰਸ਼ ਨਈਅਰ, ਭੁਪਿੰਦਰ ਸਿੰਘ ਭੂਪ, ਸੁਰਿੰਦਰ ਕੁਮਾਰ ਮਹਿਤਾ, ਹਰਮਿੰਦਰ ਪਾਲ ਸਿੰਘ, ਸੰਤੋਸ਼ ਕੁਮਾਰ ਉਪਾਧਿਆਏ, ਸੁਸ਼ੀਲ ਕੁਮਾਰ ਕਾਂਸਲ, ਸੂਰਿਆ ਕਾਂਤ ਤ੍ਰਿਪਾਠੀ, ਗਾਰਗੀ ਘੋਸ਼ਾਲ, ਡੇਜ਼ੀ ਰਾਣੀ ਬਾਠਿਸ਼, ਲੋਕੇਸ਼ ਅਸ਼ੋਕ ਕੁਮਾਰ, ਮਦਨ ਐੱਮ. ਅਗਰਵਾਲ, ਆਰ. ਕੇ. ਕੋਹਲੀ, ਸੁਮਨ ਮੋਰ, ਸੋਨਲ ਸਿੰਗਲ, ਓਮ ਪ੍ਰਕਾਸ਼ ਕਟਾਰੇ, ਨੀਰਾ ਗਰਗ, ਅਨੁਰਾਗ ਕੁਹਾੜ, ਸੁਸ਼ੀਲ ਕੁਮਾਰ ਤੋਮਰ, ਪ੍ਰਿੰਸ ਕੇ. ਸ਼ਰਮਾ, ਜਸਵਿੰਦਰ ਸਿੰਘ, ਸ੍ਰੀਨਿਵਾਸ ਕ੍ਰਿਸ਼ਨਰਾਓ ਕੁਲਕਰਨੀ, ਅਨਿਲ ਕੁਮਾਰ, ਕੰਵਲਜੀਤ ਕੇ. ਚੋਪੜਾ, ਆਈ. ਪੀ. ਕੌਰ, ਵਿਵੇਕ ਰੰਜਨ ਸਿਨ੍ਹਾ, ਵਿਸ਼ਾਲ ਗੁਪਤਾ ਅਤੇ ਹਰਮੇਸ਼ ਕੁਮਾਰ ਸ਼ਾਮਲ ਹਨ।

ਉਪ-ਕੁਲਪਤੀ ਨੇ ਖੋਜਕਰਤਾਵਾਂ ਨੂੰ ਦਿੱਤੀ ਵਧਾਈ

ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਮੀਨਾਕਸ਼ੀ ਗੋਇਲ ਨੇ ਇਸ ਪ੍ਰਾਪਤੀ ਲਈ ਖੋਜਕਰਤਾਵਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵੱਕਾਰੀ ਸੂਚੀ ’ਚ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਮੌਜੂਦਗੀ ਉੱਚ ਪੱਧਰੀ ਖੋਜ ਪ੍ਰਕਾਸ਼ਨਾਂ, ਵੱਖ-ਵੱਖ ਵਿਸ਼ਿਆਂ ਵਿਚਕਾਰ ਸਹਿਯੋਗ ਅਤੇ ਕੌਮਾਂਤਰੀ ਪੱਧਰ ’ਤੇ ਵਧ ਰਹੀ ਪਛਾਣ ਦਾ ਪ੍ਰਮਾਣ ਹੈ। ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਮਾਨਤਾ ਪ੍ਰਾਪਤ ਖੋਜਕਰਤਾ ਵਿਗਿਆਨ ਦੀਆਂ ਕਈ ਸ਼ਾਖਾਵਾਂ ਨਾਲ ਸਬੰਧਤ ਹਨ, ਜਿਸ ਨਾਲ ਯੂਨੀਵਰਸਿਟੀ ਦੀ ਖੋਜ ਦਾ ਵਿਸ਼ਾਲ ਘੇਰਾ ਸਾਹਮਣੇ ਆਉਂਦਾ ਹੈ।


author

Anmol Tagra

Content Editor

Related News