ਕੇਂਦਰੀ ਮਾਡਰਨ ਜੇਲ ਫਰੀਦਕੋਟ ’ਚ ਕੈਦੀ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ
Monday, May 04, 2026 - 01:55 PM (IST)
ਫਰੀਦਕੋਟ (ਰਾਜਨ) : ਕੇਂਦਰੀ ਮਾਡਰਨ ਜੇਲ ਫਰੀਦਕੋਟ ’ਚ ਬੰਦ ਇਕ ਕੈਦੀ ਵੱਲੋਂ ਐਤਵਾਰ ਸਵੇਰੇ ਆਪਣੀ ਬੈਰਕ ’ਚ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਜੇਲ ਪ੍ਰਸ਼ਾਸਨ ’ਚ ਹੜਕੰਪ ਮਚ ਗਿਆ। ਮ੍ਰਿਤਕ ਦੀ ਪਛਾਣ ਸਵਰਨਜੀਤ ਸਿੰਘ ਵਾਸੀ ਪਿੰਡ ਲਾਲਚੀਆਂ, ਗੁਰੂਹਰਸਹਾਇ (ਜ਼ਿਲਾ ਫਿਰੋਜ਼ਪੁਰ) ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਉਸ ਦੇ ਖ਼ਿਲਾਫ ਸਾਲ 2017 ’ਚ ਥਾਣਾ ਸਦਰ ਜਲਾਲਾਬਾਦ (ਜ਼ਿਲਾ ਫਾਜ਼ਿਲਕਾ) ’ਚ ਨਸ਼ਾ ਸਮੱਗਲਿੰਗ ਦਾ ਕੇਸ ਦਰਜ ਹੋਇਆ ਸੀ ਅਤੇ ਉਹ ਉਸੇ ਮਾਮਲੇ ’ਚ ਲੰਬੇ ਸਮੇਂ ਤੋਂ ਜੇਲ ’ਚ ਬੰਦ ਸੀ। ਸਰੋਤਾਂ ਮੁਤਾਬਕ ਐਤਵਾਰ ਸਵੇਰੇ ਉਕਤ ਕੈਦੀ ਨੇ ਆਪਣੀ ਬੈਰਕ ’ਚ ਲੱਗੇ ਲੋਹੇ ਦੇ ਚੈਨਲ ਨਾਲ ਫਾਹਾ ਲਾ ਲਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜੇਲ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਬੇਹੋਸ਼ੀ ਦੀ ਹਾਲਤ ’ਚ ਸਿਵਲ ਹਸਪਤਾਲ ਫਰੀਦਕੋਟ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਸੂਚਨਾ ਮਿਲਣ ਉਪਰੰਤ ਜੇਲ ਪ੍ਰਸ਼ਾਸਨ ਅਤੇ ਜ਼ਿਲਾ ਪੁਲਸ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਭੇਜ ਦਿੱਤਾ ਗਿਆ ਹੈ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਪੱਖ ਨੂੰ ਧਿਆਨ ’ਚ ਰੱਖਦਿਆਂ ਅਗਲੀ ਕਾਰਵਾਈ ਕੀਤੀ ਜਾਵੇਗੀ।
