ਬਾਦਲ ਪਿੰਡ ''ਚ ਲਾਏ ਮੋਰਚੇ ''ਚ ਵਾਪਰੀ ਘਟਨਾ ਤੋਂ ਬਾਅਦ ਕਿਸਾਨਾਂ ਦੇ ਸਬਰ ਦਾ ਪਿਆਲਾ ਛਲਕਿਆ

09/18/2020 6:00:43 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਸੂਬੇ ਭਰ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਮੌਜੂਦਾ ਮੁੱਖ ਮਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿਖੇ 20 ਸਤੰਬਰ ਤੱਕ ਪੱਕੇ ਮੋਰਚੇ ਲਗਾਏ ਗਏ ਹਨ। ਪੱਕੇ ਮੋਰਚੇ 'ਚ ਸ਼ਾਮਲ ਵੱਡੀ ਗਿਣਤੀ 'ਚ ਕਿਸਾਨ, ਮਜ਼ਦੂਰ ਵਰਗ ਦੇ ਜਨਾਨੀਆਂ ਤੇ ਮਰਦ ਲਗਾਤਾਰ ਮੋਰਚੇ 'ਤੇ ਡਟੇ ਹੋਏ ਹਨ। ਭਾਵੇਂ ਕਿ ਮੋਰਚੇ ਤੋਂ ਪਹਿਲਾਂ ਪ੍ਰਸ਼ਾਸਨ ਵਲੋਂ ਮੋਰਚਾ ਨਾ ਲਗਾਏ ਜਾਣ ਲਈ ਕਈ ਹੱਥ ਪੈਰ ਵੀ ਮਾਰੇ, ਪਰ ਸੰਘਰਸ਼ਕਾਰੀਆਂ ਦੀ ਗਿਣਤੀ ਦੇ ਪੱਖੋਂ ਪਿੰਡ ਬਾਦਲ ਵਿਖੇ ਇਹ ਮੋਰਚੇ ਆਖਿਰਕਾਰ ਲੱਗ ਹੀ ਗਿਆ ਹੈ।ਕਿਸਾਨਾਂ ਦਾ ਤਰਕ ਹੈ ਕਿ ਜੇਕਰ ਕੇਂਦਰ ਸਰਕਾਰ ਵਲੋਂ ਤਿੰਨ ਖੇਤੀ ਆਰਡੀਨੈਂਸਾਂ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਕਿਸਾਨੀ ਬਿਲਕੁਲ ਹੀ ਤਬਾਹ ਹੋ ਜਾਵੇਗੀ। ਤਿੰਨ ਖੇਤੀ ਆਰਡੀਨੈਂਸਾਂ ਤੋਂ ਇਲਾਵਾ ਬਿਜਲੀ ਬਿੱਲ 2020 ਦਾ ਵੀ ਵਿਰੋਧ ਜਾਰੀ ਹੈ। ਕਿਸਾਨਾਂ ਵਲੋਂ ਕਰੋ ਜਾਂ ਮਰੋ ਵਾਲੀ ਨੀਤੀ ਅਪਣਾ ਲਈ ਗਈ ਹੈ ਤੇ ਵੱਡੇ ਪੱਧਰ 'ਤੇ ਸਰਕਾਰ ਖ਼ਿਲਾਫ਼ ਛੇੜੀ  ਇਸ ਜੰਗ 'ਚ ਹੁਣ ਖੇਤਰ ਦੇ ਕਿਸਾਨ ਆਗੂਆਂ ਤੇ ਬੀਬੀਆਂ ਨੇ ਵੀ ਕੁੱਦਣਾ ਸ਼ੁਰੂ ਕਰ ਦਿੱਤਾ ਹੈ। 20 ਸਤੰਬਰ ਤੱਕ ਚੱਲਣ ਵਾਲੇ ਇਸ ਮੋਰਚੇ ਲਈ ਤਰ੍ਹਾਂ-ਤਰ੍ਹਾਂ ਦੀਆਂ ਕਿਆਸਅਰਾਈਆਂ ਲਗਾਈਆਂ ਜਾਣ ਲੱਗੀਆਂ ਹਨ। ਸੂਤਰਾਂ ਮੁਤਾਬਕ ਮੋਰਚੇ ਦੇ ਆਖ਼ਰੀ ਦਿਨ 20 ਸਤੰਬਰ ਨੂੰ ਕਿਸਾਨਾਂ ਦੀ ਸ਼ਮੂਲੀਅਤ ਮੋਰਚੇ 'ਚ ਦੁੱਗਣੀ-ਤਿੱਗਣੀ ਹੋਣ ਵਾਲੀ ਹੈ, ਜੋ ਸਰਕਾਰ ਲਈ ਗਲੇ ਦੀ ਹੱਡੀ ਬਣ ਸਕਦੀ ਹੈ।

ਇਹ ਵੀ ਪੜ੍ਹੋ: ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਬੋਲੇ ਸੁਖਬੀਰ ਬਾਦਲ, ਗਠਜੋੜ 'ਤੇ ਦਿੱਤਾ ਵੱਡਾ ਬਿਆਨ

ਕਿਸਾਨ ਵਲੋਂ ਜ਼ਹਿਰੀਲੀ ਦਵਾਈ ਪੀਣ ਤੋਂ ਬਾਅਦ ਕਿਸਾਨਾਂ ਦਾ ਰੌਂਅ ਹੋਰ ਵਧਿਆ ਪਿੰਡ ਬਾਦਲ ਵਿਖੇ ਪੱਕੇ ਮੋਰਚੇ 'ਤੇ ਬੈਠੇ ਕਿਸਾਨ ਤੇ ਮਜ਼ਦੂਰ ਆਗੂਆਂ ਵਿੱਚ ਹੁਣ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਰੌਂਅ ਸਖ਼ਤ ਹੋਣ ਲੱਗਾ ਹੈ। ਅੱਜ ਸਵੇਰੇ ਅਚਾਨਕ ਇੱਕ ਕਿਸਾਨ ਆਗੂ ਵੱਲੋਂ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਗਈ, ਜਿਸ ਤੋਂ ਬਾਅਦ ਉਸਨੂੰ ਬਠਿੰਡਾ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਸੰਘਰਸ਼ਕਾਰੀਆਂ ਦਾ ਰੌਂਅ ਹੋਰ ਸਖ਼ਤ ਹੋ ਗਿਆ ਹੈ, ਉਥੇ ਹੀ ਪਿੰਡਾਂ ਅੰਦਰੋਂ ਆਮ  ਲੋਕਾਂ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਧਰਨੇ ਲਈ ਸਮਰਥਨ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੋਰਚੇ 'ਤੇ ਬੈਠੇ ਕਿਸਾਨਾਂ ਵਲੋਂ ਪ੍ਰਸ਼ਾਸਨ 'ਤੇ ਇਹ ਦੋਸ਼ ਵੀ ਲਗਾਇਆ ਗਿਆ ਸੀ ਕਿ ਉਨ੍ਹਾਂ ਲਈ ਬਿਜਲੀ ਤੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ।ਇਸ ਤੋਂ ਬਾਅਦ ਵੀਰਵਾਰ ਦੇਰ ਸ਼ਾਮ ਸ੍ਰੀ ਮੁਕਤਸਰ ਸਾਹਿਬ ਤੋਂ ਮੋਰਚੇ ਲਈ ਜਾ ਰਹੇ ਆਪ ਆਗੂਆਂ ਨੂੰ ਵੀ ਪੁਲਸ ਪ੍ਰਸ਼ਾਸਨ ਵਲੋਂ ਪਿੰਡ ਦੀ ਹੱਦ 'ਤੇ ਹੀ ਰੋਕ ਲਿਆ ਗਿਆ ਸੀ। ਅਜਿਹੀਆਂ ਕੁੱਝ ਘਟਨਾਵਾਂ ਨਾਲ ਸੰਘਰਸ਼ਕਾਰੀਆਂ ਦਾ ਰੌਂਅ ਸਰਕਾਰ ਖ਼ਿਲਾਫ਼ ਤੇਜ਼ ਹੋਣ ਲੱਗਾ ਹੈ। ਜੇਕਰ ਸਰਕਾਰ ਨੇ ਉਕਤ ਆਰਡੀਨੈਂਸਾਂ ਪ੍ਰਤੀ ਕੋਈ ਤੁਰੰਤ ਫੈਸਲਾ ਨਾ ਲਿਆ ਤਾਂ ਮੋਰਚੇ ਦੀ ਤਸਵੀਰ ਬਦਲ ਸਕਦੀ ਹੈ।

ਇਹ ਵੀ ਪੜ੍ਹੋ:  ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ 'ਚ ,ਅਣਜਾਣ ਵਿਅਕਤੀਆਂ ਨੇ ਜੇਲ੍ਹ ਅੰਦਰ ਸੁੱਟਿਆ ਇਹ ਸਾਮਾਨ

PunjabKesari

ਪਿੰਡਾਂ ਅੰਦਰ ਕਿਸਾਨਾਂ ਦੇ ਕਾਫ਼ਲੇ ਪਿੰਡ ਬਾਦਲ ਲਈ ਹੋ ਰਹੇ ਹਨ ਰਵਾਨਾ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਰਾਂ ਅੱਗੇ ਕਿਸਾਨਾਂ ਦਾ ਪੱਕਾ ਮੋਰਚਾ ਲਗਾਤਾਰ ਜਾਰੀ ਹੈ। ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਇਸ ਮੋਰਚੇ ਦਾ ਸਮਰਥਨ ਕੀਤਾ ਹੈ, ਉਥੇ ਹੀ ਪਿੰਡਾਂ ਅੰਦਰੋਂ ਕਿਸਾਨ ਤੇ  ਮਜ਼ਦੂਰ ਵਰਗ ਨੇ ਹੁਣ ਇਸ ਮੋਰਚੇ ਵਿੱਚ ਪੁੱਜਣਾ ਸ਼ੁਰੂ ਕਰ ਦਿੱਤਾ ਹੈ। ਬੀਤੇਦਿਨੀ ਸ੍ਰੀ ਮੁਕਤਸਰ ਸਾਹਿਬ ਤੋਂ ਆਪ ਆਗੂਆਂ ਤੇ ਵਰਕਰਾਂ ਦਾ ਇੱਕ ਵੱਡਾ ਕਾਫ਼ਲਾ ਬਾਦਲ ਮੋਰਚੇ ਲਈ  ਰਵਾਨਾ ਹੋਇਆ ਸੀ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ  ਗੁਰਾਂਦਿੱਤਾ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਪਿੰਡ ਮਹਾਂਬੱਧਰ ਤੇ ਭਾਗਸਰ ਤੋਂ ਕਿਸਾਨਾਂ ਦੇ ਕਾਫ਼ਿਲੇ ਬਾਦਲ ਮੋਰਚੇ ਲਈ ਰਵਾਨਾ ਹੋ ਗਏ ਹਨ। ਕਿਸਾਨ ਆਗੂ ਨੇ ਦੱਸਿਆ ਕਿ ਮੋਰਚੇ ਦੇ ਅਖ਼ੀਰਲੇ ਦਿਨ 20 ਸਤੰਬਰ ਨੂੰ ਵੱਡੇ ਪੱਧਰ 'ਤੇ ਕਿਸਾਨ ਬੱਸਾਂ ਭਰ ਕੇ ਮੋਰਚੇ ਵਿੱਚ  ਪੁੱਜਣਗੇ। ਫ਼ਿਲਹਾਲ ਪਿੰਡਾਂ ਅੰਦਰੋਂ ਬਾਦਲ ਮੋਰਚੇ ਲਈ ਲੋਕਾਂ ਦਾ ਪੁੱਜਣਾ ਲਗਾਤਾਰ ਜਾਰੀ ਹੈ।

ਇਹ ਵੀ ਪੜ੍ਹੋ: ਰਾਜਨੀਤਿਕ ਆਗੂਆਂ ਦੀ ਸੋਸ਼ਲ ਮੀਡੀਆ ਮੁਹਿੰਮ, ਜਨਾਨੀਆਂ ਦੀਆਂ ਜਾਅਲੀ ਆਈ.ਡੀ.ਬਣਾ ਕੇ ਸਿਆਸਤ ਚਮਕਾਉਣ 'ਚ ਲੱਗੇ

ਕੇਂਦਰੀ ਮੰਤਰੀ ਬੀਬਾ ਬਾਦਲ ਦੇ ਅਸਤੀਫੇ 'ਤੇ ਸਿਆਸਤ ਜਾਰੀ ਖੇਤੀ ਆਰਡੀਨੈਂਸਾਂ ਸਬੰਧੀ ਕਿਸਾਨਾਂ ਦੇ ਹੱਕ ਵਿੱਚ ਨਿੱਤਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਵੀਰਵਾਰ ਦੇਰ ਰਾਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ   ਆਪਣਾ ਅਸਤੀਫ਼ਾ ਦਿੱਤਾ ਗਿਆ ਸੀ। ਕੇਂਦਰੀ ਮੰਤਰੀ ਬੀਬਾ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਇਸਨੂੰ ਕਿਸਾਨੀ ਦੇ ਪੱਖ ਵਿੱਚ ਇੱਕ ਹੋਰ ਕੁਰਬਾਨੀ ਵਜੋਂ ਪੇਸ਼ ਕੀਤਾ, ਜਿਸ ਤੋਂ ਬਾਅਦ ਬੀਬਾ ਬਾਦਲ ਅਸਤੀਫਾ ਦੇਣ ਨੂੰ ਵਿਰੋਧੀ ਪਾਰਟੀਆਂ ਵੱਲੋਂ ਨਾਟਕ ਕਰਾਰ ਦਿੱਤਾ ਜਾਣ ਲੱਗਾ ਹੈ। ਦੇਰ ਸ਼ਾਮ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਬਾ ਬਾਦਲ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਡਰਾਮਾ ਕਰਾਰ ਦਿੰਦਿਆਂ ਅਕਾਲੀ ਦਲ-ਭਾਜਪਾ 'ਤੇ ਨਿਸ਼ਾਨਾ ਵੀ ਸਾਧਿਆ ਹੈ। ਉਥੇ ਹੀ ਹੋਰਨਾਂ ਵਿਰੋਧੀ ਪਾਰਟੀਆ ਵੱਲੋਂ ਬੀਬਾ ਬਾਦਲ ਦੇ ਅਸਤੀਫ਼ੇ ਪ੍ਰਤੀ ਵਿਰੋਧ ਵੀ ਜਾਰੀ ਹੈ। ਫ਼ਿਲਹਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਕਿਸਾਨਾਂ ਦੇ ਹੱਕ ਵਿੱਚ ਨਿੱਤਰਣ ਦੀ ਗੱਲ ਆਖ਼ੀ ਹੈ, ਪਰ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਕਿਸਾਨਾਂ ਦਾ ਰੁਖ਼ ਕਿਵੇਂ ਦਾ ਬਣਦਾ ਹੈ, ਇਸਦਾ ਪਤਾ ਮੋਰਚੇ ਦੇ ਅਖ਼ੀਰਲੇ ਦਿਨ ਹੀ ਲੱਗੇਗਾ।

ਇਹ ਵੀ ਪੜ੍ਹੋ: ਰਾਧਾ ਸੁਆਮੀ ਡੇਰਾ ਬਿਆਸ ਲਈ ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ


Shyna

Content Editor

Related News