ਟਰੱਕ ਸਮੇਤ ਮਾਲ ਗਾਇਬ ਕਰਨ ਦੇ ਦੋਸ਼ ਹੇਠ ਡਰਾਈਵਰ ਸਮੇਤ 2 ਖਿਲਾਫ ਕੇਸ ਦਰਜ, 1 ਕਾਬੂ
Friday, Sep 11, 2026 - 09:07 PM (IST)
ਭਵਾਨੀਗੜ੍ਹ (ਵਿਕਾਸ) - ਪੁਲਸ ਨੇ ਟਰੱਕ ਸਮੇਤ ਮਾਲ ਗਾਇਬ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਸਾਮਾਨ ਤੋਂ ਬਿਨਾਂ ਟਰੱਕ ਬਰਾਮਦ ਕਰਦਿਆਂ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜਦੋਂਕਿ ਦੂਜੇ ਦੀ ਭਾਲ ਜਾਰੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਬੀਤੇ 28 ਅਗਸਤ ਨੂੰ ਹਰਪ੍ਰੀਤ ਸਿੰਘ ਉਰਫ਼ ਚੀਨਾ ਵਾਸੀ ਪਿੰਡ ਬਖਤੜਾ ਨੇ ਆਪਣਾ ਟਰੱਕ ਮਾਰਕਾ ਲੇਲੈਂਡ ਡਰਾਈਵਰ ਖੇਮ ਸਿੰਘ ਤੇ ਚਮਕੌਰ ਸਿੰਘ ਸਮੇਤ ਸਮਾਣਾ ਤੋਂ ਪਾਈਪ ਲੋਡ ਕਰਵਾ ਕੇ ਜੈਪੁਰ ਭੇਜਿਆ ਸੀ। ਸ਼ਿਕਾਇਤ ਮੁਤਾਬਕ 31 ਅਗਸਤ ਨੂੰ ਉਹੀ ਟਰੱਕ ਜੈਪੁਰ ਤੋਂ ਸਕ੍ਰੈਪ ਲੋਡ ਕਰਵਾ ਕੇ ਮੰਡੀ ਗੋਬਿੰਦਗੜ੍ਹ ਭੇਜਿਆ ਗਿਆ ਸੀ। ਇਸ ਤੋਂ ਬਾਅਦ 3 ਸਤੰਬਰ ਨੂੰ ਖੇਮ ਸਿੰਘ ਨੇ ਭਵਾਨੀਗੜ੍ਹ ਪਹੁੰਚਣ ਬਾਰੇ ਦੱਸਿਆ ਪਰ 4 ਸਤੰਬਰ ਨੂੰ ਉਸ ਦਾ ਫੋਨ ਬੰਦ ਆਉਣ ਕਾਰਨ ਸ਼ੱਕ ਪੈਦਾ ਹੋਇਆ।
ਸ਼ਿਕਾਇਤਕਰਤਾ ਵੱਲੋਂ ਦੋਸ਼ ਲਾਇਆ ਗਿਆ ਕਿ ਖੇਮ ਸਿੰਘ ਤੇ ਚਮਕੌਰ ਸਿੰਘ ਨੇ ਕਥਿਤ ਤੌਰ ’ਤੇ ਆਪਸ ’ਚ ਮਿਲ ਕੇ ਟਰੱਕ ਸਮੇਤ ਮਾਲ ਕਿਸੇ ਵਿਅਕਤੀ ਨੂੰ ਵੇਚ ਦਿੱਤਾ। ਪੁਲਸ ਨੇ ਇਸ ਮਾਮਲੇ ਸਬੰਧੀ ਉਕਤ ਖੇਮ ਸਿੰਘ ਤੇ ਚਮਕੌਰ ਸਿੰਘ ਦੋਵੇਂ ਵਾਸੀ ਪਿੰਡ ਆਲੋਅਰਖ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਥਾਣਾ ਭਵਾਨੀਗੜ੍ਹ ਦੇ ਐੱਸ.ਐੱਚ.ਓ. ਯਸ਼ਪਾਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮੁਲਜ਼ਮ ਖੇਮ ਸਿੰਘ ਨੂੰ ਟਰੱਕ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਦੂਜੇ ਮੁਲਜ਼ਮ ਚਮਕੌਰ ਸਿੰਘ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਟਰੱਕ ਤਾਂ ਬਰਾਮਦ ਕਰ ਲਿਆ ਗਿਆ ਹੈ ਪਰ ਉਸ ’ਚ ਲੱਦੇ ਮਾਲ ਦੀ ਅਜੇ ਤੱਕ ਬਰਾਮਦਗੀ ਨਹੀਂ ਹੋ ਸਕੀ।
