ਮਾਮਲਾ ਪ੍ਰਿੰਸਿਪਲ ਨੂੰ ਚਾਰਜ ਲੈਣ ਤੋਂ ਰੋਕਣ ਦਾ : ਗੁੱਸੇ ’ਚ ਆਏ ਮਾਪਿਆਂ ਨੇ ਆਦਰਸ਼ ਸਕੂਲ ਦੇ ਗੇਟ ਨੂੰ ਲਗਾਇਆ ਤਾਲਾ

04/14/2022 11:36:39 AM

ਭਵਾਨੀਗੜ੍ਹ (ਵਿਕਾਸ) : ਅਧਿਆਪਕਾਂ ਵੱਲੋਂ ਆਦਰਸ਼ ਸਕੂਲ ਦੇ ਪ੍ਰਿੰਸੀਪਲ ਨੂੰ ਜੁਆਇੰਨ ਕਰਨ ਤੋਂ ਰੋਕਣ 'ਤੇ ਅੱਜ ਸਵੇਰੇ ਪਿੰਡ ਵਾਸੀਆਂ ਤੇ ਬੱਚਿਆਂ ਦੇ ਮਾਪਿਆਂ ਨੇ ਵਿਦਿਆਰਥੀਆਂ ਦੀ ਛੁੱਟੀ ਕਰਕੇ ਸਕੂਲ ਦੇ ਮੁੱਖ ਗੇਟ ਨੂੰ ਤਾਲਾ ਲਾ ਦਿੱਤਾ। ਇਸ ਦੌਰਾਨ ਸਕੂਲ ਵਿੱਚ ਜੰਮ ਕੇ ਹੰਗਾਮਾ ਹੋਇਆ। ਹੰਗਾਮੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ। ਜਾਣਕਾਰੀ ਅਨੁਸਾਰ ਉਕਤ ਸਕੂਲ ਨੂੰ ਚਲਾਉਣ ਵਾਲੀ ਹੱਬਲ ਕੰਪਨੀ ਵੱਲੋਂ ਪਿਛਲੇ ਦਿਨੀਂ ਪ੍ਰਿੰਸੀਪਲ ਵੇਦ ਵਰਤ ਪਲਾਹ ਦੀਆਂ ਸੇਵਾਵਾਂ ਖਤਮ ਕਰਕੇ ਉਸਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਕੰਪਨੀ ਨੇ ਨਵੇਂ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਹੈ। ਨਿਯੁਕਤੀ ਤਹਿਤ ਬੀਤੇ ਕੱਲ ਡਿਊਟੀ ਜੁਆਇੰਨ ਕਰਨ ਲਈ ਗਏ ਮਹਿਲਾ ਪ੍ਰਿੰਸੀਪਲ ਨੂੰ ਸਕੂਲ ਦੇ ਅਧਿਆਪਕਾਂ ਨੇ  ਜੁਆਇੰਨ ਕਰਨ ਤੋਂ ਇਹ ਕਹਿ ਕੇ ਰੋਕ ਦਿੱਤਾ ਕਿ ਜਦੋਂ ਤੱਕ ਸਕੂਲ ਮੈਨੇਜਮੈਂਟ ਕੰਪਨੀ ਅਧਿਆਪਕਾਂ ਦੀਆਂ ਲਟਕਦੀਆਂ ਮੰਗਾਂ ਤੇ ਤਨਖਾਹਾਂ ਵਧਾਉਣ ਦੇ ਵਾਅਦੇ ਨੂੰ ਪੂਰਾ ਨਹੀਂ ਕਰਦੀ ਉੱਦੋਂ ਤੱਕ ਕਿਸੇ ਵੀ ਪ੍ਰਿੰਸੀਪਲ ਨੂੰ ਚਾਰਜ ਨਹੀਂ ਲੈਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

ਮਾਮਲਾ ਧਿਆਨ 'ਚ ਆਉਣ ਤੋਂ ਬਾਅਦ ਅੱਜ ਸਵੇਰੇ ਸਕੂਲ ਪਹੁੰਚੇ ਗੁੱਸਾਏ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਇਸਨੂੰ ਅਧਿਆਪਕਾਂ ਦੀ ਸ਼ਰੇਆਮ ਧੱਕੇਸ਼ਾਹੀ ਕਰਾਰ ਦਿੱਤਾ ਤੇ ਰੋਸ ਵੱਜੋਂ ਸਕੂਲ ਆਏ ਵਿਦਿਆਰਥੀਆਂ ਨੂੰ ਘਰਾਂ ਨੂੰ ਭੇਜ ਕੇ ਸਕੂਲ ਦੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ ਅਤੇ ਧਰਨੇ 'ਤੇ ਬੈਠ ਗਏ। ਇਸ ਮੌਕੇ ਧਰਨੇ 'ਤੇ ਬੈਠੇ ਬੁੱਧ ਸਿੰਘ, ਇੰਦਰ ਸਿੰਘ, ਸੁਖਮਨ ਸਿੰਘ ਤੇ ਭੁਪਿੰਦਰ ਸਿੰਘ ਆਦਿ ਦਾ ਆਖਣਾ ਸੀ ਕਿ ਪ੍ਰਿੰਸੀਪਲ ਨੂੰ ਚਾਰਜ ਲੈਣ ਤੋਂ ਰੋਕਣ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ। ਸਕੂਲ 'ਚ ਇਸ ਤਰ੍ਹਾਂ ਦੇ ਮਾਹੌਲ ਕਰਕੇ ਉਨ੍ਹਾਂ ਦੇ ਬੱਚਿਆਂ ਦੀ ਪੜਾਈ 'ਤੇ ਮਾੜਾ ਅਸਰ ਪੈਂਦਾ ਹੈ ਜਿਸਨੂੰ ਉਹ ਬਰਦਾਸ਼ਤ ਨਹੀਂ ਕਰਨਗੇ।

ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ

ਮੌਕੇ ’ਤੇ ਪਹੁੰਚੇ ਐੱਸ.ਡੀ.ਐੱਮ ਭਵਾਨੀਗੜ੍ਹ ਸਮੇਤ ਡੀ.ਐੱਸ.ਪੀ ਅਤੇ ਡੀ.ਈ.ਓ (ਸੈਕੰਡਰੀ) ਸੰਗਰੂਰ ਨੇ ਅਧਿਆਪਕਾਂ ਨੂੰ ਕਿਹਾ ਕਿ ਕਿਸੇ ਨੂੰ ਜੁਆਇੰਨ ਕਰਵਾਉਣ ਜਾਂ ਨਾ ਕਰਵਾਉਣਾ ਕੰਪਨੀ ਦਾ ਅਧਿਕਾਰ ਹੈ। ਅਧਿਕਾਰੀ ਨੇ ਅਧਿਆਪਕਾਂ ਨੂੰ ਆਪਣੀਆਂ ਮੰਗਾਂ ਲਿਖਤੀ ਰੂਪ ਵਿਚ ਡੀ.ਈ.ਓ ਨੂੰ ਦੇਣ ਲਈ ਆਖਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਈਆ ਕਿ ਉਨ੍ਹਾਂ ਦੀ ਆਉਂਦੇ ਮੰਗਲਵਾਰ ਵਾਲੇ ਦਿਨ ਕੰਪਨੀ ਮੈਨੇਜਮੈਂਟ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕਰਵਾਈ ਜਾਵੇਗੀ। ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਸ਼ਾਂਤ ਹੋਇਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News