'ਚਿੱਟੇ' ਕਾਰਨ ਬਾਕਸਿੰਗ ਖਿਡਾਰੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, 5 ਖ਼ਿਲਾਫ਼ ਮਾਮਲਾ ਦਰਜ

07/29/2022 11:42:30 AM

ਤਲਵੰਡੀ ਸਾਬੋ(ਮੁਨੀਸ਼) : ਬੀਤੇ ਕੱਲ੍ਹ ‘ਚਿੱਟੇ’ ਦੀ ਭੇਟ ਚੜ੍ਹੇ ਤਲਵੰਡੀ ਸਾਬੋ ਤੋਂ ਕੌਮੀ ਪੱਧਰ ਦੇ ਮੁੱਕੇਬਾਜ਼ ਕੁਲਦੀਪ ਸਿੰਘ ਦੀ ਮੌਤ ਦੇ ਮਾਮਲੇ ’ਚ ਇਕ ਹੋਰ ਮੋੜ ਸਾਹਮਣੇ ਆਇਆ ਜਦੋਂ ਪਹਿਲਾਂ ਸਵੇਰੇ ਮ੍ਰਿਤਕ ਦੇ ਵਾਰਿਸਾਂ ਅਤੇ ਸਾਥੀਆਂ ਵੱਲੋਂ ਖਿਡਾਰੀ ਨੂੰ ਕਥਿਤ ਤੌਰ ’ਤੇ ਜ਼ਬਰੀ ਨਸ਼ਾ ਦੇਣ ਦੇ ਦੋਸ਼ ਲਗਾਉਂਦਿਆਂ ਸੰਕੇਤਕ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਖਿਡਾਰੀ ਦੇ ਪਿਤਾ ਦੇ ਬਿਆਨਾਂ ’ਤੇ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- 5 ਵਾਰ ਤਮਗਾ ਜੇਤੂ ਰਾਸ਼ਟਰੀ ਬਾਕਸਿੰਗ ਖਿਡਾਰੀ ਚੜ੍ਹਿਆ 'ਚਿੱਟੇ' ਦੀ ਭੇਟ

ਬੀਤੇ ਦਿਨ ਮ੍ਰਿਤਕ ਖਿਡਾਰੀ ਕੁਲਦੀਪ ਸਿੰਘ ਦੇ ਪਰਿਵਾਰ ਵਾਲਿਆਂ ਨੇ ਅਤੇ ਵੱਡੀ ਗਿਣਤੀ 'ਚ ਆਏ ਸਾਥੀ ਖਿਡਾਰੀਆਂ ਨੇ ਨਿਸ਼ਾਨ-ਏ-ਖਾਲਸਾ ਚੌਕ ਦੇ ਸਾਰੇ ਰਸਤਿਆਂ ਨੂੰ ਬੰਦ ਕਰ ਕੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ਹਿਰ ਦੇ ਕੁਝ ਮੋਹਤਬਰਾਂ ਵੱਲੋਂ ਨਿਭਾਈ ਭੂਮਿਕਾ ਕਾਰਨ ਭਾਵੇਂ ਉਕਤ ਰੋਸ ਪ੍ਰਦਰਸ਼ਨ ਸੰਕੇਤਕ ਹੋ ਨਿਬੜਿਆ ਅਤੇ ਥੌੜੀ ਦੇਰ ਬਾਅਦ ਹੀ ਚੁੱਕ ਲਿਆ ਗਿਆ ਪਰ ਇਸ ਤੋਂ ਬਾਅਦ ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਦੇ ਪਿਤਾ ਪ੍ਰੀਤਮ ਸਿੰਘ ਦੇ ਬਿਆਨਾਂ ’ਤੇ 4 ਅਣਪਛਾਤਿਆਂ ਅਤੇ ਇਕ ਵਿਅਕਤੀ ’ਤੇ ਮਾਮਲਾ ਦਰਜ ਕਰ ਲਿਆ ਗਿਆ।

ਇਹ ਵੀ ਪੜ੍ਹੋ- ਦਸੂਹਾ ’ਚ ਵਾਪਰੇ ਭਿਆਨਕ ਸਕੂਲ ਬੱਸ ਹਾਦਸੇ ’ਚ 9ਵੀਂ ਜਮਾਤ ਦੇ ਬੱਚੇ ਦੀ ਮੌਤ

ਪੁਲਸ ਕੋਲ ਦਰਜ ਕਰਵਾਏ ਬਿਆਨ ਅਨੁਸਾਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਸਦੇ ਛੋਟੇ ਲੜਕੇ ਕੁਲਦੀਪ ਸਿੰਘ ਨੂੰ ਬੀਤੇ ਕੱਲ ਇਕ ਵਿਅਕਤੀ ਮੋਟਰਸਾਈਕਲ ’ਤੇ ਚੜ੍ਹਾ ਕੇ ਕਿਤੇ ਲੈ ਗਿਆ। ਇਸ ਤੋਂ ਇਲਾਵਾ ਇਹ ਜਾਣਕਾਰੀ ਵੀ ਮਿਲੀ ਹੈ ਕਿ ਉਸ ਨਾਲ ਚਾਰ ਹੋਰ ਵੀ ਵਿਅਕਤੀ ਸਨ। ਕੁਲਦੀਪ ਨੂੰ ਵਾਰ-ਵਾਰ ਫੋਨ ਕਰਨ ਅਤੇ ਉਸ ਵੱਲੋਂ ਨਾ ਚੁੱਕਣ ’ਤੇ ਅਸੀਂ ਭਾਲ ਸ਼ੁਰੂ ਕੀਤੀ ਤਾਂ ਸ਼ਾਮ ਸਮੇਂ ਰਾਮਾਂ ਰੋਡ ਦੇ ਰਜਵਾਹੇ ਕੋਲ ਇਕ ਖੇਤ ’ਚੋਂ ਉਸਦੀ ਲਾਸ਼ ਹੀ ਮਿਲੀ, ਜਿਸ ਕੋਲ ਸਰਿੰਜ ਵੀ ਪਈ ਸੀ। ਮ੍ਰਿਤਕ ਖਿਡਾਰੀ ਦੇ ਪਿਤਾ ਅਨੁਸਾਰ ਉਸਨੂੰ ਸ਼ੱਕ ਹੈ ਕਿ ਉਸਦੇ ਪੁੱਤਰ ਨੂੰ ‘ਚਿੱਟੇ’ ਦੀ ਓਵਰਡੋਜ਼ ਦੇ ਕੇ ਮਾਰਿਆ ਗਿਆ ਹੈ। ਉਕਤ ਬਿਆਨਾਂ ਦੇ ਆਧਾਰ ’ਤੇ ਤਲਵੰਡੀ ਸਾਬੋ ਪੁਲਸ ਨੇ ਖੁਸ਼ਦੀਪ ਸਿੰਘ ਨਾਮੀ ਇਕ ਨੌਜਵਾਨ ਅਤੇ 4 ਅਣਪਛਾਤਿਆਂ ’ਤੇ ਅਧੀਨ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਮੁੱਚੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋਂ। 


Simran Bhutto

Content Editor

Related News