ਕਾਰ ਪਾਰਕਿੰਗ ਦੇ ਮਾਮੂਲੀ ਵਿਵਾਦ ਨੇ ਧਾਰਿਆ ਖੂਨੀ ਰੂਪ, ਪੁਲਸ ਨੇ ਕੀਤੀ ਵੱਡੀ ਕਾਰਵਾਈ
Thursday, Jul 16, 2026 - 05:54 PM (IST)
ਪਾਤੜਾਂ (ਸੁਖਦੀਪ ਸਿੰਘ ਮਾਨ) : ਸ਼ਹਿਰ ਦੇ ਵਾਰਡ ਨੰਬਰ 11 ਅਮਰੀਕ ਕਲੋਨੀ (ਜੋਰਾ ਬਸਤੀ) ਵਿਖੇ ਬੀਤੇ ਦਿਨੀਂ ਕਾਰ ਖੜ੍ਹੀ ਕਰਨ ਦੇ ਮਾਮੂਲੀ ਝਗੜੇ ਨੂੰ ਲੈ ਕੇ ਹੋਈ ਹਿੰਸਕ ਵਾਰਦਾਤ ਵਿਚ ਥਾਣਾ ਪਾਤੜਾਂ ਪੁਲਸ ਵੱਲੋਂ ਵੱਡੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪੁਲਸ ਨੇ ਪੀੜਤ ਧਿਰ ਦੇ ਹਰੀਸ਼ ਕੁਮਾਰ ਪੁੱਤਰ ਮੇਘ ਚੰਦ ਦੇ ਬਿਆਨਾਂ 'ਤੇ ਤੁਰੰਤ ਕਾਰਵਾਈ ਕਰਦਿਆਂ ਦੂਜੀ ਧਿਰ ਦੇ ਸਥਾਨਕ ਐਮ.ਸੀ. ਵਾਰਡ ਨੰਬਰ 7 ਦੇ ਪਤੀ ਰਾਜ ਕੁਮਾਰ, ਉਸਦੇ ਪੁੱਤਰ ਹਨੀ, ਅਕਸ਼ੈ ਕੁਮਾਰ, ਪੈਰੀ, ਮਿਯੰਕ ਸਮੇਤ 10/12 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 223 ਦਰਜ ਕਰ ਲਿਆ ਹੈ। ਪੁਲਸ ਦਸਤਾਵੇਜ਼ਾਂ ਮੁਤਾਬਕ ਇਹ ਹਿੰਸਕ ਘਟਨਾ 13 ਜੁਲਾਈ 2026 ਨੂੰ ਸਵੇਰੇ 9 ਤੋਂ 10 ਵਜੇ ਦੇ ਦਰਮਿਆਨ ਵਾਪਰੀ, ਜਿਸਦੀ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਚੌਂਕੀ ਸਿਟੀ ਪਾਤੜਾਂ ਦੇ ਏ.ਐੱਸ.ਆਈ. ਰਾਜਿੰਦਰ ਸਿੰਘ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਪਰਚਾ ਦਰਜ ਕੀਤਾ ਗਿਆ।
ਇਸ ਮਾਮਲੇ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਨਵੀਂ ਭਾਰਤੀ ਨਿਆ ਸੰਹਿਤਾ 2023 ਦੀਆਂ ਸੰਗੀਨ ਧਾਰਾਵਾਂ 333,115(2),191(3),190,351(3)ਕਥਿਤ ਅਰੋਪੀਆਂ ਖ਼ਿਲਾਫ਼ ਲਗਾਈਆਂ ਗਈਆਂ ਹਨ। ਸ਼ਿਕਾਇਤਕਰਤਾ ਮੁਤਾਬਕ ਅਰੋਪੀ ਧਿਰ ਵੱਲੋਂ ਪਿਛਲੇ 5-6 ਦਿਨਾਂ ਤੋਂ ਉਨ੍ਹਾਂ ਦੇ ਘਰ ਦੇ ਗੇਟ ਅੱਗੇ ਗਲੀ ਵਿਚ ਨਾਜਾਇਜ਼ ਤੌਰ 'ਤੇ ਕਾਰ ਖੜ੍ਹੀ ਕੀਤੀ ਜਾ ਰਹੀ ਸੀ। ਜਦੋਂ ਪੀੜਤ ਦੀ ਮਾਤਾ ਆਸ਼ਾ ਰਾਣੀ ਨੇ ਕਾਰ ਹਟਾਉਣ ਲਈ ਕਿਹਾ ਤਾਂ ਅਰੋਪੀ ਧਿਰ ਗਾਲੀ-ਗਲੋਚ 'ਤੇ ਉਤਰ ਆਈ ਅਤੇ ਦੇਖਦੇ ਹੀ ਦੇਖਦੇ 17 ਦੇ ਕਰੀਬ ਵਿਅਕਤੀਆਂ ਦੀ ਹਿੰਸਕ ਭੀੜ ਨੇ ਲੋਹੇ ਦੀਆਂ ਪਾਈਪਾਂ ਅਤੇ ਘਾਤਕ ਹਥਿਆਰਾਂ ਨਾਲ ਲੈਸ ਹੋ ਕੇ ਘਰ ਦੇ ਅੰਦਰ ਵੜ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਪੀੜਤ ਧਿਰ ਦੇ ਮੈਂਬਰਾਂ ਦੇ ਸਿਰ ਅਤੇ ਸਰੀਰ 'ਤੇ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਪਾਤੜਾਂ ਵਿਖੇ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿਚ ਡਾਕਟਰੀ ਐਮ.ਐਲ.ਆਰ. ਰਿਪੋਰਟ ਦੇ ਆਧਾਰ 'ਤੇ ਇਹ ਕਾਰਵਾਈ ਹੋਈ। ਫ਼ਿਲਹਾਲ ਥਾਣਾ ਸਿਟੀ ਪਾਤੜਾਂ ਦੇ ਮੁੱਖ ਅਫ਼ਸਰ ਬਲਜਿੰਦਰ ਕੁਮਾਰ ਦੀ ਅਗਵਾਈ ਹੇਠ ਏ.ਐੱਸ.ਆਈ. ਰਾਜਿੰਦਰ ਸਿੰਘ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਫ਼ਰਾਰ ਕਥਿਤ ਅਰੋਪੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
